- ਹਰ ਫੈਕਟਰੀ ਮਾਲਕ ਮਜ਼ਦੂਰਾਂ ਨੂੰ ਆਪਣਾ ਸਥਾਨ ਨਾ ਛੱਡਕੇ ਜਾਣਾ ਯਕੀਨੀ ਬਣਾਏਗਾ - ਕੁਮਾਰ ਅਮਿਤ
- ਜ਼ਿਲ੍ਹਾ ਮੈਜਿਸਟਰੇਟ ਵੱਲੋਂ ਉਦਯੋਗਿਕ ਇਕਾਈਆਂ ਨੂੰ ਪ੍ਰਵਾਸੀ ਮਜ਼ਦੂਰਾਂ ਲਈ ਖਾਣ-ਪੀਣ, ਰਹਿਣ-ਸਹਿਣ ਤੇ ਮੈਡੀਕਲ ਸਹੂਲਤਾਂ ਪ੍ਰਦਾਨ ਦੇ ਆਦੇਸ਼
ਪਟਿਆਲਾ, 29 ਮਾਰਚ 2020 - ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਦੇਸ਼ ਵਿਆਪੀ ਲਾਕਡਾਊਨ ਅਤੇ ਪਟਿਆਲਾ ਜ਼ਿਲ੍ਹੇ ਅੰਦਰ ਲਗਾਏ ਗਏ ਕਰਫਿਊ ਦੀ ਉਲੰਘਣਾ ਕਰਕੇ ਆਪਣੇ ਪਿੱਤਰੀ ਰਾਜਾਂ ਨੂੰ ਵਾਪਸ ਮੁੜ ਰਹੇ ਦੂਜੇ ਰਾਜਾਂ ਦੇ ਵਸਨੀਕਾਂ ਤੇ ਪ੍ਰਵਾਸੀ ਮਜ਼ਦੂਰਾਂ ਨੂੰ ਆਪਣੇ ਕੰਮ ਦੇ ਸਥਾਨ 'ਤੇ ਹੀ ਰੋਕਣ ਲਈ ਪਟਿਆਲਾ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟਰੇਟ ਸ੍ਰੀ ਕੁਮਾਰ ਅਮਿਤ ਨੇ ਇੱਕ ਹੁਕਮ ਜਾਰੀ ਕਰਕੇ ਜ਼ਿਲ੍ਹੇ ਅੰਦਰਲੀਆਂ ਉਦਯੋਗਿਕ ਇਕਾਈਆਂ ਨੂੰ ਪਾਬੰਦ ਕੀਤਾ ਹੈ।
ਜ਼ਿਲ੍ਹਾ ਮੈਜਿਸਟਰੇਟ ਪਟਿਆਲਾ ਨੇ ਇਹ ਹੁਕਮ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਦੇ ਸਕੱਤਰ ਵੱਲੋਂ ਡਿਜ਼ਾਸਟਰ ਮੈਨੇਜਮੈਂਟ ਐਕਟ 2005 ਦੀ ਧਾਰਾ 10(2)(ਆਈ) ਤਹਿਤ ਜਾਰੀ ਹੁਕਮਾਂ ਦੇ ਮੱਦੇਨਜ਼ਰ ਜਾਰੀ ਕੀਤੇ ਹਨ। ਇਨ੍ਹਾਂ ਤਹਿਤ ਜ਼ਿਲ੍ਹੇ ਦੀ ਹਦੂਦ ਅੰਦਰ ਕੰਮ ਕਰਦੇ ਦੂਜੇ ਰਾਜਾਂ ਦੇ ਵਸਨੀਕਾਂ ਤੇ ਮਜ਼ਦੂਰਾਂ ਲਈ ਫੈਕਟਰੀ ਮਾਲਕ ਇਹ ਯਕੀਨੀ ਬਣਾਉਣਗੇ ਕਿ ਉਨ੍ਹਾਂ ਦੀ ਫੈਕਟਰੀ 'ਚ ਕੰਮ ਕਰਦਾ ਕੋਈ ਵੀ ਪ੍ਰਵਾਸੀ ਮਜ਼ਦੂਰ ਆਪਣੀ ਮੌਜੂਦਾ ਰਹਿਣ ਵਾਲੀ ਥਾਂ ਛੱਡਕੇ ਨਹੀਂ ਜਾਏਗਾ। ਇਨ੍ਹਾਂ ਨੂੰ ਕੋਵਿਡ-19 ਨੂੰ ਫੈਲਣ ਤੋਂ ਰੋਕਣ ਲਈ ਸਿਹਤ ਵਿਭਾਗ ਦੀਆਂ ਹਦਾਇਤਾਂ ਮੁਤਾਬਕ 14 ਦਿਨਾਂ ਲਈ ਕੋਆਰੰਟਾਈਨ ਕੀਤਾ ਜਾਵੇਗਾ।
ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜਾਰੀ ਇਨ੍ਹਾਂ ਹੁਕਮਾਂ ਦੀ ਪਾਲਣਾਂ ਜਨਰਲ ਮੈਨੇਜਰ, ਜ਼ਿਲ੍ਹਾ ਉਦਯੋਗ ਕੇਂਦਰ, ਸਹਾਇਕ ਡਾਇਰੈਕਟਰ ਫੈਕਟਰੀਜ, ਸਹਾਇਕ ਕਿਰਤ ਕਮਿਸ਼ਨਰ, ਕਿਰਤ ਇੰਸਪੈਕਟਰ ਅਤੇ ਕਾਰਜਕਾਰੀ ਇੰਜੀਨੀਅਰ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਕਰਵਾਉਣਗੇ।
ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਹੁਕਮਾਂ ਮੁਤਾਬਕ ਜ਼ਿਲ੍ਹੇ ਦੀਆਂ ਸਮੂਹ ਉਦਯੋਗਿਕ ਇਕਾਈਆਂ, ਦੁਕਾਨਾਂ ਤੇ ਹੋਰ ਵਪਾਰਕ ਅਦਾਰਿਆਂ ਦੇ ਮਾਲਕ ਆਪਣੇ ਵਪਾਰਕ ਅਸਾਸਿਆਂ 'ਚ ਕੰਮ ਕਰਦੇ ਦੂਜੇ ਰਾਜਾਂ ਦੇ ਮਜ਼ਦੂਰਾਂ ਨੂੰ ਲਾਕਡਾਊਨ ਦੇ ਦਿਨਾਂ ਦੀ ਬਣਦੀ ਤਨਖਾਹ ਤੇ ਹੋਰ ਭੱਤਿਆ ਦਾ ਭੁਗਤਾਨ ਵੀ ਬਿਨ੍ਹਾਂ ਕਿਸੇ ਕਟੌਤੀ ਤੋਂ ਕਰਨਾ ਯਕੀਨੀ ਬਣਾਉਣਗੇ ਅਤੇ ਇਨ੍ਹਾਂ ਲਈ ਖਾਣ-ਪੀਣ, ਰਹਿਣ-ਸਹਿਣ ਤੇ ਮੈਡੀਕਲ ਸਹੂਲਤਾਂ ਦਾ ਪ੍ਰਬੰਧ ਕਰਨਗੇ।
ਇਸ ਤੋਂ ਬਿਨ੍ਹਾਂ ਕਿਰਾਏ ਵਾਲੀਆਂ ਜਿਹੜੀਆਂ ਥਾਵਾਂ 'ਚ ਇਹ ਮਜ਼ਦੂਰ ਰਹਿੰਦੇ ਹਨ, ਦੇ ਮਾਲਕ ਇੱਕ ਮਹੀਨੇ ਲਈ ਇਨ੍ਹਾਂ ਤੋਂ ਕਿਰਾਇਆ ਵੀ ਨਹੀਂ ਵਸੂਲਣਗੇ ਅਤੇ ਜੇਕਰ ਕੋਈ ਮਕਾਨ ਮਾਲਕ ਇਨ੍ਹਾਂ ਮਜ਼ਦੂਰਾਂ ਜਾਂ ਵਿਦਿਆਰਥੀਆਂ ਨੂੰ ਜ਼ਬਰੀ ਆਪਣੇ ਅਸਾਸਿਆਂ ਵਿੱਚੋਂ ਬਾਹਰ ਕੱਢਦਾ ਹੈ ਤਾਂ ਉਸ ਵਿਰੁੱਧ ਕਾਨੂੰਨ ਦੀਆਂ ਧਾਰਾਵਾਂ ਤਹਿਤ ਕਾਰਵਾਈ ਕੀਤੀ ਜਾਵੇਗੀ।
ਕੁਮਾਰ ਅਮਿਤ ਨੇ ਕਿਹਾ ਕਿ ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈ ਭਾਰਤ ਸਰਕਾਰ, ਪੰਜਾਬ ਸਰਕਾਰ ਅਤੇ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਸਮੇਂ-ਸਮੇਂ ਸਿਰ ਜਾਰੀ ਹੋਈਆਂ ਹਦਾਇਤਾਂ ਦੀ ਪਾਲਣਾਂ ਦੇ ਨਾਲ-ਨਾਲ ਘੱਟੋ-ਘੱਟ ਡੇਢ ਤੋਂ 2 ਮੀਟਰ ਸਮਾਜਿਕ ਦੂਰੀ ਬਣਾ ਕੇ ਰੱਖਣ ਸਮੇਤ ਮਾਸਕ ਦੀ ਵਰਤੋਂ ਕਰਨ ਅਤੇ ਆਪਣੇ ਅਦਾਰਿਆਂ ਨੂੰ ਸੈਨੇਟਾਈਜ ਕਰਨਾ ਵੀ ਯਕੀਨੀ ਬਣਾਇਆ ਜਾਵੇਗਾ। ਕਿਸੇ ਵੀ ਹਾਲਤ ਵਿੱਚ 10 ਤੋਂ ਜਿਆਦਾ ਵਿਅਕਤੀਆਂ ਦਾ ਇਕੱਠ ਨਾ ਹੋਣ ਦਿੱਤਾ ਜਾਵੇ।