ਅਸ਼ੋਕ ਵਰਮਾ
- ਊਧਮ ਸਿੰਘ ਨਗਰ ਦੀਆਂ ਦੋ ਗਲੀਆਂ ਸੀਲ
ਬਠਿੰਡਾ, 8 ਮਈ 2020 - ਬਠਿੰਡਾ ਜ਼ਿਲ੍ਹੇ ’ਚ ਅੱਜ ਇੱਕ ਔਰਤ ਤੇ ਇੱਥ ਪੁਰਸ਼ ਦੀ ਰਿਪੋਰਟ ਪਾਜ਼ੀਟਿਵ ਆਉਣ ਨਾਲ ਮਰੀਜਾਂ ਦੀ ਗਿਣਤੀ 41 ਹੋ ਗਈ ਹੈ। ਦੂਜੀ ਪਾਜ਼ਿਟਿਵ ਰਿਪੋਰਟ ਇੱਕ ਮਜਦੂਰ ਦੀ ਹੈ ਜੋ ਰਾਜਸਥਾਨ ਦੇ ਜੈਸਲਮੇਰ ਤੋਂ ਬਠਿੰਡਾ ਆਇਆ ਸੀ। ਅਤੇ ਉਸ ਨੂੰ ਪਹਿਲਾਂ ਹੀ ਇਕਾਂਤਵਾਸ ‘ਚ ਰੱਖਿਆ ਹੋਇਆ ਹੈ। ਇਹ ਔਰਤ ਸ਼ਹਿਰ ਦੇ ਸ਼ਹੀਦ ਊਧਮ ਸਿੰਘ ਨਗਰ ਵਿੱਚ ਰਹਿਣ ਵਾਲੀ ਹੈ ਜਿਸ ਪਿੱਛੋਂ ਪ੍ਰਸ਼ਾਸ਼ਨ ਮੁਸਤੈਦ ਹੋ ਗਿਆ ਹੈ। ਜਿਲਾ ਬਠਿੰਡਾ ਵਿਚ ਇਸ ਸਮੇਂ ਕਰੋਨਾ ਨਾਲ ਲੜ ਰਹੇ ਲੋਕਾਂ ਦੀ ਗਿਣਤੀ 41 ਹੈ। ਇੰਨਾਂ ਵਿਚੋਂ 40 ਉਹ ਲੋਕ ਸਨ ਜ਼ੋ ਪਿੱਛਲੇ ਦਿਨੀ ਰਾਜ ਤੋਂ ਬਾਹਰ ਤੋਂ ਪਰਤੇ ਸਨ ਅਤੇ ਪਹਿਲਾਂ ਤੋਂ ਹੀ ਇਕਾਂਤਵਾਸ ਵਿਚ ਸਨ।
ਸੂਤਰਾਂ ਅਨੁਸਾਰ ਸ਼ਹੀਦ ਊਧਮ ਸਿੰਘ ਨਗਰ ਵਿੱਚ ਰਹਿਣ ਵਾਲੀ 70 ਸਾਲ ਦੀ ਇਸ ਔਰਤ ਦਾ ਪਰਿਵਾਰ ਸਬਜ਼ੀ ਵੇਚਣ ਦਾ ਕੰਮ ਕਰਦਾ ਹੈ। ਦੱਸਿਆ ਜਾਂਦਾ ਹੈ ਕਿ ਲਾਕਡਾਊਨ ਦੌਰਾਨ ਵੀ ਪਰਿਵਾਰ ਦੇ ਕੁਝ ਮੈਂਬਰ ਸਬਜੀ ਵੇਚਦੇ ਰਹੇ ਹਨ। ਇਹ ਸਬਜ਼ੀ ਮਾਲੇਰਕੋਟਲਾ ਅਤੇ ਲੁਧਿਆਣਾ ਤੋਂ ਬਠਿੰਡਾ ਸਪਲਾਈ ਹੁੰਦੀ ਰਹੀ ਹੈ। ਪੁਲਿਸ ਨੇ ਚੋਰੀ ਛੁਪੇ ਦੂਜੇ ਸ਼ਹਿਰਾਂ ਤੋਂ ਆਉਣ ਵਾਲੇ ਸਬਜ਼ੀ ਰੋਕਣ ਲਈ ਪੁਲਿਸ ਕੇਸ ਵੀ ਦਰਜ ਕੀਤੇ ਸਨ, ਫਿਰ ਵੀ ਸਿਲਸਿਲਾ ਰੁਕਿਆ ਨਹੀਂ ਹੈ।
ਊਧਮ ਸਿੰਘ ਨਗਰ ਦੀਆਂ ਦੋ ਗਲੀਆਂ ਸੀਲ
ਪੁਲਿਸ ਪ੍ਰਸ਼ਾਸਨ ਨੇ ਊਧਮ ਸਿੰਘ ਨਗਰ ‘ਚ ਦੋ ਗਲੀਆਂ ਨੂੰ ਸੀਲ ਕਰ ਦਿੱਤਾ ਹੈ। ਕਰੋਨਾ ਪਾਜ਼ੇਟਿਵ ਆਉਣ ਵਾਲੀ ਔਰਤ ਇਨਾਂ ਚੋਂ ਇੱਥ ਗਲੀ ’ਚ ਰਹਿੰਦੀ ਸੀ। ਪੁਲਿਸ ਤੇ ਸਿਹਤ ਵਿਭਾਗ ਦੀ ਟੀਮ ਨੇ ਇਸ ਔਰਤ ਦੇ ਸੰਪਰਕ ‘ਚ ਆਉਣ ਵਾਲੇ ਉਸ ਦੇ ਪਰਿਵਾਰਕ ਮੈਂਬਰਾਂ ਸਮੇਤ ਕਰੀਬ ਇਕ ਦਰਜਨ ਵਿਅਕਤੀਆਂ ਨੂੰ ਜਾਂਚ ਲਈ ਸਿਵਲ ਹਸਪਤਾਲ ਲਿਆਂਦਾ ਸੀ। ਜਿੰਨਾਂ ਨੂੰ ਸਰਕਾਰੀ ਨਿਗਰਾਨੀ ਹੇਠ ਇਕਾਂਤਵਾਸ ’ਚ ਰੱਖਿਆ ਜਾਵੇਗਾ।
ਕਨਟੋਨਮੈਂਟ ਏਰੀਆ ਐਲਾਨਿਆ: ਡਿਪਟੀ ਕਮਿਸ਼ਨਰ
ਬਠਿੰਡਾ ਜਿਲੇ ਦੇ ਡਿਪਟੀ ਕਮਿਸ਼ਨਰ ਬੀ ਸ੍ਰੀ ਨਿਵਾਸਨ ਨੇ ਦੱਸਿਆ ਕਿ ਮੁੱਹਲੇ ਦੀਆਂ ਦੋ ਗਲੀਆਂ ਨੂੰ ਸੀਲ ਕਰਕੇ ਇਸਨੂੰ ਕੌਨਟੇਨਮੈਂਟ ਏਰੀਆ ਐਲਾਨਿਆ ਗਿਆ ਹੈ ਜਿੱਥੇ ਨਾ ਤਾਂ ਕੋਈ ਬਾਹਰੀ ਵਿਅਕਤੀ ਜਾ ਹੈ ਅਤੇ ਨਾ ਹੀ ਕੋਈ ਅੰਦਰੋ ਬਾਹਰ ਆ ਸਕਦਾ ਹੈ। ਉਨਾਂ ਕਿਹਾ ਕਿ ਇੰਨਾਂ ਦੋਨਾਂ ਗਲੀਆਂ ਨੂੰ ਸਨੇਟਾਈਜ ਕੀਤਾ ਗਿਆ ਹੈ ਜਦ ਕਿ ਸਿਹਤ ਵਿਭਾਗ ਦੀਆਂ ਟੀਮਾਂ ਮੁੱਹਲੇ ਵਿਚ ਸਕਰਨਿੰਗ ਕਰ ਰਹੀਆਂ ਹਨ। ਉਨਾਂ ਨੇ ਦੱਸਿਆ ਕਿ ਦੋ ਹਫਤੇ ਤੱਕ ਇੰਨਾਂ ਲੋਕਾਂ ਦੀਆਂ ਬੁਨਿਆਦੀ ਜਰੂਰਤਾਂ ਦੀ ਪੂਰਤੀ ਘਰਾਂ ਵਿਚ ਹੀ ਕੀਤੀ ਜਾਵੇਗੀ। ਡਿਪਟੀ ਕਮਿਸਨਰ ਨੇ ਦੱਸਿਆ ਕਿ ਔਰਤ ਮਰੀਜ ਨੂੰ ਹਸਪਤਾਲ ਵਿਚ ਭਰਤੀ ਕਰਨ ਤੋਂ ਇਲਾਵਾ ਉਸਦੇ ਪਰਿਵਾਰ ਨੂੰ ਵੀ ਇਕਾਂਤਵਾਸ ਵਿਚ ਰੱਖ ਦਿੱਤਾ ਗਿਆ ਹੈ ਅਤੇ ਉਨਾਂ ਦੇ ਨਮੂਨੇ ਲਏ ਜਾ ਰਹੇ ਹਨ।
ਲੋਕ ਪ੍ਰਸ਼ਾਸ਼ਨ ਨੂੰ ਸਹਿਯੋਗ ਦੇਣ:ਡੀਸੀ
ਡਿਪਟੀ ਕਮਿਸ਼ਨਰ ਬੀ ਸ੍ਰੀ ਨਿਵਾਸਨ ਨੇ ਇਸ ਮੌਕੇ ਲੋਕਾਂ ਨੂੰ ਅਪੀਲ ਕੀਤੀ ਕਿ ੳਹ ਕੋਵਿਡ ਬਿਮਾਰੀ ਦੇ ਪਸਾਰ ਨੂੰ ਰੋਕਣ ਲਈ ਪਹਿਲਾਂ ਵਾਂਗ ਸਹਿਯੋਗ ਬਣਾਈ ਰੱਖਣ ਅਤੇ ਵਰਤਮਾਨ ਹਲਾਤਾਂ ਦੇ ਮੱਦੇਨਜਰ ਪਹਿਲਾਂ ਤੋਂ ਵੀ ਜਿਆਦਾ ਸਾਵਧਾਨੀ ਵਰਤੀ ਜਾਵੇ।ਉਨਾਂ ਨੇ ਕਿਹਾ ਕਿ ਇੱਕਠ ਵਿਚ ਨਾ ਜਾਇਆ ਜਾਵੇ, ਵਾਰ ਵਾਰ ਹੱਥ ਧੋਵੋ ਅਤੇ ਮਾਸਕ ਪਹਿਨ ਕੇ ਰੱਖੋ ਅਤੇ ਸਿਹਤ ਸਲਾਹਾਂ ਦਾ ਪਾਲਣ ਕਰਦੇ ਰਹੋ। ਜਿਕਰਯੋਗ ਹੈ ਕਿ ਬੀਤੀ ਰਾਤ 139 ਨਮੂਨਿਆਂ ਦੀ ਰਿਪੋਰਟ ਪ੍ਰਾਪਤ ਹੋਈ ਸੀ। ਜਿੰਨਾਂ ਵਿਚੋਂ 137 ਦੀ ਰਿਪੋਰਟ ਨੈਗੇਟਿਵ ਸੀ ਅਤੇ 2 ਦੀ ਰਿਪੋਰਟ ਪਾਜਿਟਿਵ ਸੀ। ਜਿੰਨਾਂ ਵਿਚੋਂ ਇਕ ਉਧਮ ਸਿੰਘ ਨਗਰ ਨਾਲ ਸਬੰਧਤ ਸੀ ਜਦ ਕਿ ਦੂਜਾ ਜੈਸਲਮੇਰ ਤੋਂ ਪਰਤਿਆ ਸੀ।