ਅਸ਼ੋਕ ਵਰਮਾ
ਮਾਨਸਾ, 13 ਮਈ 2020: ਮਾਨਸਾ ਦੇ ਥਾਣਾ ਸਦਰ ਦੀ ਪੁਲੀਸ ਨੇ ਅੱਜ ਸਖਤ ਘੇਰਾਬੰਦੀ ਕਰਕੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਜਿਲਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਸਮੇਤ ਅੱਧੀ ਦਰਜਨ ਕਿਸਾਨ ਆਗੂਆਂ ਨੂੰ ਹਿਰਾਸਤ ’ਚ ਲੈ ਲਿਆ। ਭਾਵੇਂ ਮਾਨਸਾ ਪੁਲਿਸ16 ਜਨਤਕ ਜੱਥੇਬੰਦੀਆਂ ਦੇ ਸੱਦੇ ਤੇ ਹਸਪਤਾਲਾਂ ਅੱਗੇ ਲਾਏ ਜਾਣ ਵਾਲੇ ਮੋਰਚੇ ਦੇ ਕਿਸਾਨ ਇਕੱਠ ਨੂੰ ਠੱਲਣ ਵਿਚ ਸਫਲ ਰਹੀ ਪਰ ਕਿਸਾਨ ਆਗੂਆਂ ਨੇ ਸਰਕਾਰ ਖਿਲਾਫ ਨਾਅਰੇਬਾਜੀ ਕਰ ਕੇ ਆਪਣਾ ਸੰਘਰਸ਼ੀ ਸੁਨੇਹਾ ਸਰਕਾਰ ਤੱਕ ਪੁੱਜਦਾ ਕੀਤਾ। ਅੱਜ ਕਿਸਾਨਾਂ ਵੱਲੋਂ ਸਰਕਾਰੀ ਹਸਪਤਾਲ ਖਿਆਲਾ ਕਲਾਂ ਅੱਗੇ ਧਰਨਾ ਲਾਉਣ ਦਾ ਪ੍ਰੋਗਰਾਮ ਸੀ ਜਿਸ ਨੂੰ ਰੋਕਣ ਲਈ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਹੋਈ ਸੀ। ਅਜੇ ਕੁੱਝ ਆਗੂ ਹੀ ਆਏ ਸਨ ਕਿ ਪੁਲਿਸ ਨੇ ਉਨਾਂ ਨੂੰ ਕਾਬੂ ਕਰ ਲਿਆ ਅਤੇ ਹੋਰ ਆਉਣ ਵਾਲੇ ਲੋਕਾਂ ਨੂੰ ਰੋਕ ਦਿੱਤਾ।
ਦੱਸਣਯੋਗ ਹੈ ਕਿ ਪੰਜਾਬ ਦੀਆਂ 16 ਸੰਘਰਸ਼ਸ਼ੀਲ ਜਥੇਬੰਦੀਆਂ ਨੇ ਕਰੋਨਾ ਸੰਕਟ ਦੌਰਾਨ ਸਿਹਤ ਕਾਮਿਆਂ ਨੂੰ ਸਰਕਾਰੀ ਬੇਰੁਖੀ ਤੋਂ ਬਚਾਉਣ, ਉਹਨਾਂ ਦੇ ਹੱਕ ’ਚ ਅਵਾਜ਼ ਬੁਲੰਦ ਕਰਨ ਅਤੇ ਸਿਹਤ ਵਿਭਾਗ ਦਾ ਪੂਰਨ ਰੂਪ ’ਚ ਸਰਕਾਰੀਕਰਨ ਕਰਨ ਤੇ ਵੱਖ-ਵੱਖ ਖੇਤਰਾਂ ’ਚ ਲਾਗੂ ਕੀਤੀਆਂ ਨਿੱਜੀਕਰਨ ਦੀਆਂ ਨੀਤੀਆਂ ਰੱਦ ਕਰਨ ਵਰਗੀਆਂ ਮੰਗਾਂ ਨੂੰ ਲੈ ਕੇ 13 ਮਈ ਨੂੰ ਹਸਪਤਾਲਾਂ ਤੇ ਸਿਹਤ ਕੇਂਦਰਾਂ ਅੱਗੇ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਸੀ। ਅੱਜ ਜਦੋਂ ਕਿਸਾਨ ਆਗੂ ਰਾਮ ਸਿੰਘ ਭੈਣੀ ਬਾਘਾ ਦੀ ਅਗਵਾਈ ਹੇਠ ਕਿਸਾਨ ਆਗੂ ਪਹੰਚੇ ਹੀ ਸਨ ਕਿ ਪੁਲਿਸ ਨੇ ਉਨਾਂ ਨੂੰ ਧਰਨਾ ਲਾਉਣ ਤੋਂ ਰੋਗ ਦਿੱਤਾ। ਇਸ ਮੌਕੇ ਉਨਾਂ ਦੇ ਨਾਂਲ ਆਏ ਕਿਸਾਨ ਆਗੂਆਂ ਹਰਿੰਦਰ ਸਿੰਘ ਟੋਨੀ, ਕਾਕਾ ਸਿੰਘ ਰਾਮਦਿੱਤੇ ਵਾਲਾ, ਦਰਸ਼ਨ ਸਿੰਘ ਖੋਖਰ ,ਜੀਤ ਸਿੰਘ ਅਤੇ ਗੁਰਜੰਟ ਸਿੰਘ ਬੁਰਜ ਰਾਠੀ ਨੂੰ ਹਿਰਾਸਤ ’ਚ ਲੈ ਲਿਆ ਅਤੇ ਥਾਣੇ ਲੈ ਗਈ।
ਕਿਸਾਨ ਆਗੂ ਰਾਮ ਸਿੰਘ ਭੈਣੀ ਬਾਘਾ, ਮਾਨਸਾ ਬਲਾਕ ਦੇ ਪ੍ਰਧਾਨ ਜਗਦੇਵ ਸਿੰਘ ਅਤੇ ਕਿਸਾਨ ਆਗੂ ਬਿੱਟੂ ਸਿੋਂਘ ਖੋਖਰ ਖੁਰਦ ਦਾ ਕਹਿਣਾ ਸੀ ਕਿ ਪੁਲਿਸ ਦਹਿਸ਼ਤ ਦੇ ਬਾਵਜੂਦ ਉਨਾਂ ਵੱਲੋਂ ਆਪਣੀਆਂ ਮੰਗਾਂ ਦੇ ਹੱਕ ’ਚ ਧਰਨਾ ਨਾਂ ਲਾਉਣ ਦੇਣ ਪ੍ਰਤੀ ਵਿਰੋਧ ਦਰਜ ਰਵਾਇਆ ਹੈ ਜੋ ਕਿਸੇ ਧਰਨੇ ਤੋਂ ਘੱਟ ਨਹੀਂ ਹੈ। ਉਨਾਂ ਆਖਿਆ ਕਿ ਕਿਸਾਨ ਸੋਸ਼ਲ ਡਿਸਟੈਂਸਿਗ ਦੀ ਪਾਲਣਾ ਕਰਕੇ ਆਪਣੀ ਗੱਲ ਕਹਿਣਾ ਚਾਹੁੰਦੇ ਸਨ ਪਰ ਪੰਜਾਬ ਸਰਕਾਰ ਨੇ ਉਨਾਂ ਦੇ ਲੋਕਤੰਤਰੀ ਹੱਕ ਤੇ ਡਾਕਾ ਮਾਰਿਆ ਹੈ। ਉਨਾਂ ਪੰਜਾਬ ਪੁਲਿਸ ਦੇ ਵਤੀਰੇ ਦੀ ਨਿਖੇਧੀ ਵੀ ਕੀਤੀ ਹੈ।
ਕੰਟਰੋਲ ਰੂਮ ਤੋਂ ਪੁੱਛੋ ਮੇਰਾ ਨਾਮ:ਐਸਐਚਓ
ਓਧਰ ਥਾਣਾ ਸਦਰ ਪੁਲਿਸ ਦੇ ਮੁੱਖ ਥਾਣਾ ਅਫਸਰ ਨਾਲ ਇਸ ਮਾਮਲੇ ਸਬੰਧੀ ਸੰਪਰਕ ਕਰਨ ਤੇ ਉਨਾਂ ਦੱਸਿਆ ਕਿ ਕਿਸੇ ਆਗੂ ਨੂੰ ਹਿਰਸਾਤ ’ਚ ਨਹੀਂ ਲਿਆ ਬਲਕਿ ਧਰਨਾ ਲਾਉਣ ਆਏ ਆਗੂਆਂ ਨੂੰ ਦੱਸਣ ਤੇ ਉਹ ਵਾਪਿਸ ਚਲੇ ਗਏ। ਜਦੋਂ ਇਸ ਪੱਤਰਕਾਰ ਨੇ ਉਨਾਂ ਦਾ ਨਾਂ ਪੁੱਛਿਆ ਤਾਂ ਉਨਾਂ ਕਿਹਾ ਕਿ ਉਹ ਮਾਨਸਾ ਪੁਲਿਸ ਦੇ ਕੰਟਰੋਲ ਰੂਮ ਤੋਂ ਪੁੱਛਣ। ਕੰਟਰੋਲ ਰੂਮ ਮਾਨਸਾ ਦੇ ਏਐਸਆਈ ਦਰਸਨ ਲਾਲ ਨੇ ਦੱਸਿਆ ਕਿ ਐਸਐਚਓ ਸਦਰ ਦਾ ਨਾਮ ਇੰਸਪੈਕਟਰ ਬਲਵਿੰਦਰ ਸਿੰਘ ਹੈ।