ਫਿਰੋਜ਼ਪੁਰ, 22 ਅਪ੍ਰੈਲ 2020 : ਜ਼ਿਲ੍ਹਾ ਮੈਜਿਸਟ੍ਰੇਟ ਕੁਲਵੰਤ ਸਿੰਘ ਨੇ ਜ਼ਿਲ੍ਹੇ ਵਿੱਚ ਲਗਾਏ ਗਏ ਕਰਫ਼ਿਊ ਦੀ ਲਗਾਤਾਰਤਾ ਦੇ ਸੰਬੰਧ ਵਿੱਚ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਕਰੋਨਾ ਮਹਾਂਮਾਰੀ ਨੂੰ ਅੱਗੇ ਫੈਲਣ ਤੋਂ ਰੋਕਣ ਲਈ ਵਿਸ਼ੇਸ਼ ਹੁਕਮ ਜਾਰੀ ਕੀਤੇ ਹਨ।
ਜ਼ਿਲ੍ਹਾ ਮਜਿਸਟਰੇਟ ਨੇ ਧੂੰਆਂ ਰਹਿਤ ਤੰਬਾਕੂ, ਪਾਨ ਮਸਾਲਾ ਜਾਂ ਹੋਰ ਅਜਿਹੇ ਉਤਪਾਦ ਜਿਨ੍ਹਾਂ ਨਾਲ ਕਰੋਨਾ ਮਹਾਂਮਾਰੀ ਦੇ ਅੱਗੇ ਫੈਲਣ ਦਾ ਖ਼ਤਰਾ ਬਣਿਆ ਹੈ, ਦੇ ਉਤਪਾਦਨ, ਨਿਰਮਾਣ, ਆਯਾਤ -ਨਿਰਯਾਤ, ਟਰਾਂਸਪੋਰਟ, ਵਿੱਕਰੀ, ਵੰਡ, ਭੰਡਾਰਨ ਅਤੇ ਇਸ਼ਤਿਹਾਰਬਾਜ਼ੀ ਤੇ ਅਗਲੇ ਹੁਕਮਾਂ ਤੱਕ ਰੋਕ ਲਗਾ ਦਿੱਤੀ ਹੈ।
ਜ਼ਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਉਤਪਾਦ ਜੋ ਕਿ ਥੁੱਕਣ ਲਈ ਉਤਸ਼ਾਹਿਤ ਕਰਦੇ ਹਨ ਅਤੇ ਥੁੱਕਣ ਨਾਲ ਇਹ ਕਰੋਨਾ ਵਰਗੀ ਮਹਾਂਮਾਰੀ ਨੂੰ ਅੱਗੇ ਫੈਲਣ ਲਈ ਮਦਦ ਕਰਦੇ ਹਨ ਜੋ ਕਿ ਆਮ ਲੋਕਾਂ ਦੀ ਜ਼ਿੰਦਗੀ ਲਈ ਖ਼ਤਰਾ ਬਣਦੇ ਹਨ। ਇਨ੍ਹਾਂ ਉਤਪਾਦਾਂ ਦੀ ਵਰਤੋਂ ਭਾਰਤੀ ਦੰਡਾਵਲੀ ਦੀ ਧਾਰਾ 268, 269, 270 ਅਧੀਨ ਸਜਾ ਯੋਗ ਅਪਰਾਧ ਹੈ।
ਜਿਸ ਕਰਕੇ ਜ਼ਿਲ੍ਹਾ ਮੈਜਿਸਟਰੇਟ ਨੇ ਆਈ ਪੀ ਸੀ ਦੀ ਧਾਰਾ 144 ਅਧੀਨ ਅਧੀਨ ਪ੍ਰਾਪਤ ਸ਼ਕਤੀਆਂ ਦੀ ਵਰਤੋਂ ਕਰਦਿਆਂ ਇਨ੍ਹਾਂ ਵਸਤਾਂ ਦੇ ਉਤਪਾਦਨ, ਨਿਰਮਾਣ, ਆਯਾਤ-ਨਿਰਯਾਤ, ਟਰਾਂਸਪੋਰਟ, ਵਿੱਕਰੀ, ਵੰਡ, ਸਟੋਰੇਜ, ਇਸ਼ਤਿਹਾਰਬਾਜ਼ੀ 'ਤੇ ਪਾਬੰਦੀ ਲਗਾ ਦਿੱਤੀ ਹੈ।