← ਪਿਛੇ ਪਰਤੋ
ਸਾਬਕਾ ਕਾਂਗਰਸੀ ਕੌਂਸਲਰ ਤੇ ਚਹੇਤਿਆਂ ਨੂੰ ਸਮਾਨ ਵੰੰਡਣ ਦੇ ਦੋਸ਼ ਅਸ਼ੋਕ ਵਰਮਾ ਬਠਿੰਡਾ,30 ਮਾਰਚ 2020: ਬਠਿੰਡਾ ਦੀ ਧੋਬੀਆਣਾ ਬਸਤੀ ’ਚ ਅੱਜ ਗਰੀਬ ਪ੍ਰ੍ਰ੍ਰੀਵਾਰਾਂ ਨੇ ਸਾਬਕਾ ਕਾਂਗਰਸੀ ਕੌਂਸਲਰ ਅਸ਼ੇਸ਼ਰ ਪਾਸਵਾਨ ਤੇ ਚਹੇਤਿਆਂ ਨੂੰ ਰਾਤ ਬਰਾਤੇ ਰਾਸ਼ਨ ਵੰਡਣ ਦੇ ਦੋਸ਼ ਲਾਏ ਅਤੇ ਵਿਰੋਧ ’ਚ ਥਾਲੀਆਂ ਖੜਕਾਈਆਂ। ਇਸ ਮੌਕੇ ਪੁਲਿਸ ਅਧਿਕਾਰੀ ਮੌਕੇ ਤੇ ਪੁੱ!ੇ ਅਤੇ ਮੁਜਾਹਰਾਕਾਰੀਆਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ। ਭੜਕੇ ਬਸਤੀ ਵਾਸੀਆਂ ਨੇ ਪ੍ਰਸ਼ਾਸ਼ਨ ਅਤੇ ਕਾਂਗਰਸ ਦੇ ਕੌਂਸਲਰ ਖਿਲਾਫ ਨਾਂਅਰੇਬਾਜੀ ਕੀਤੀ। ਬਸਤੀ ਦੀਆਂ ਔਰਤਾਂ ਦਾ ਕਹਿਣਾ ਸੀ ਕਿ ਕਰਫਿਊ ਦੇ ਸੱਤ ਦਿਨ ਬੀਤਣ ਦੇ ਬਾਵਜੂਦ ਵੀ ਜਿਲਾ ਪ੍ਰਸ਼ਾਸ਼ਨ ਗਰੀਬ ਲੋਕਾਂ ਦੀਆਂ ਰੋਜ਼ਮਰਾ ਦੀਆਂ ਲੋੜਾਂ ਪੂਰੀਆਂ ਕਰਨ ਵਿੱਚ ਨਾਕਾਮ ਸਾਬਤ ਹੋਇਆ ਹੈ। ਗਰੀਬ ਮਜ਼ਦੂਰਾਂ ਦੇ ਘਰਾਂ ’ਚੋਂ ਆਟਾ ਮੁੱਕ ਗਿਆ ਹੈ ਜਾਂ ਇੱਕ ਦੋ ਦਿਨਾਂ ਵਿਚ ਆਟਾ ਮੁੱਕਣ ਵਾਲਾ ਹੈ। ਸਸਤਾ ਰਾਸ਼ਨ ਲੈਣ ਲਈ ਵੀ ਦਲਿਤ ਪਰਿਵਾਰਾਂ ਕੋਲ ਪੈਸੇ ਨਹੀਂ ਹਨ। ਉਨਾਂ ਆਖਿਆ ਕਿ ਉੱਪਰੋਂ ਕਾਂਗਰਸੀ ਆਗੂ ਅਸ਼ੇਸ਼ਰ ਪਾਸਵਾਨ ਅੱਧੀ ਰਾਤ ਨੂੰ ਆਪਣਿਆਂ ਨੂੰ ਰਾਸ਼ਨ ਦੇਣ ਲੱਗਿਆ ਹੈ ਜਦੋਂਕਿ ਉਹ ਭੁੱਖੇ ਮਰਨ ਲੱਗੇ ਹਨ। ਲੋਕਾਂ ਨੇ ਪੰਜਾਬ ਸਰਕਾਰ ਅਤੇ ਜ਼ਿਲਾ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਹੈ ਕਿ ਜੇ ਗਰੀਬ ਮਜਦੂਰਾਂ ਦੇ ਘਰਾਂ ’ਚ ਰਾਸ਼ਨ ਪਹੁੰਚਾਉਣ ਦਾ ਜਲਦ ਪ੍ਰਬੰਧ ਨਾ ਕੀਤਾ ਗਿਆ ਤਾਂ ਮਜ਼ਦੂਰ ਸੜਕਾਂ ’ਤੇ ਉਤਰਨ ਲਈ ਮਜ਼ਬੂਰ ਹੋਣਗੇ। ਉਨਾਂ ਕਿਹਾ ਕਿ ਬਸਤੀ ਵਿੱਚ ਪੂਰਾ ਰਾਸ਼ਨ ਮੁਹੱਈਆ ਨਹੀਂ ਕਰਵਾਇਆ ਜਾ ਰਿਹਾ ਜਦੋਂਕਿ ਜ਼ਿਲਾ ਪ੍ਰਸ਼ਾਸਨ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ। ਉਨਾਂ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਵਲੋਂ ਜਾਰੀ ਕੀਤੇ ਜਾ ਰਹੇ ਹੈਲਪਲਾਈਨ ਨੰਬਰ ਲੋੜਵੰਦ ਲੋਕਾਂ ਦੀ ਹੈਲਪ ਲਈ ਲਾਹੇਵੰਦ ਸਾਬਤ ਨਹੀਂ ਹੋ ਰਹੇ ਸਗੋਂ ਜ਼ਿਆਦਾਤਰ ਨੰਬਰਾਂ ’ਤੇ ਫੋਨ ਉਠਾਏ ਹੀ ਨਹੀਂ ਜਾਂਦੇ ਹਨ। ਉਨਾਂ ਦੋਸ਼ ਲਾਇਆ ਕਿ ਸਿਰਫ਼ ਕਾਗਜਾਂ ਵਿਚ ਦਾਅਵੇ ਕੀਤੇ ਜਾ ਰਹੇ ਹਨ ਜਦੋਂਕਿ ਜ਼ਮੀਨੀ ਪੱਧਰ ’ਤੇ ਹਾਲਾਤ ਕੁੱਝ ਹੋਰ ਹਨ। ਉਨਾਂ ਕਿਹਾ ਕਿ ਜਥੇਬੰਦੀਆਂ ਅਤੇ ਸਮਾਜਸੇਵੀਆਂ ਵੱਲੋਂ ਤਾਂ ਰਾਸ਼ਨ ਤੋਂ ਵਾਂਝੇ ਤੇ ਮਾੜੇ ਆਰਥਿਕ ਹਾਲਾਤਾਂ ਨਾਲ ਜੂਝ ਰਹੇ ਮਜ਼ਦੂਰ ਪਰਿਵਾਰਾਂ ਦੀ ਸਹਾਇਤਾ ਕੀਤੀ ਜਾ ਰਹੀ ਹੈ ਪਰ ਸਰਕਾਰ ਕੁੱਝ ਨਹੀਂ ਕਰ ਰਹੀ ਹੈ। ਉਨਾਂ ਕਿਹਾ ਕਿ ਜੇ ਗਰੀਬਾਂ ਲਈ ਰਾਸ਼ਨ ਦਾ ਪ੍ਰਬੰਧ ਨਾ ਹੋਇਆ ਤਾਂ ਜ਼ਿਆਦਾ ਸਮਾਂ ਇਹ ਘਰਾਂ ’ਚ ਨਹੀਂ ਬੈਠ ਸਕਣਗੇ। ਉਨਾਂ ਕਿਹਾ ਕਿ ਘਰਾਂ ਦੇ ਅੰਦਰ ਬੈਠੇ ਇਨਾਂ ਪਰਿਵਾਰਾਂ ਨੂੰ ਕਰੋਨਾ ਵਾਇਰਸ ਦੀ ਓਨੀ ਚਿੰਤਾ ਨਹੀਂ ਜਿੰਨੀ ਘਰ ’ਚੋਂ ਮੁੱਕ ਰਹੇ ਰਾਸ਼ਨ ਦੀ ਹੈ। ਉਨਾਂ ਪੰਜਾਬ ਸਰਕਾਰ ਤੇ ਜ਼ਿਲਾ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਹੈ ਕਿ ਜੇ ਗਰੀਬਾਂ ਦੇ ਚਿੰਤਾਜਨਕ ਹਾਲਾਤ ਨੂੰ ਗੰਭੀਰਤਾ ਨਾਲ ਲੈਂਦਿਆਂ ਤੁਰੰਤ ਰਾਸ਼ਨ ਦਾ ਕੋਈ ਪ੍ਰਬੰਧ ਨਾ ਕੀਤਾ ਗਿਆ ਤਾਂ ਸੰਘਰਸ਼ ਤੇੇਜ ਕੀਤਾ ਜਾਏਗਾ। ਬਸਤੀ ਵਾਸੀਆਂ ਨੇ ਇਸ ਮੌਕੇ ਗਰੀਬ ਵਰਗਾਂ ਦੇ ਘਰਾਂ ਤੱਕ ਰਾਸ਼ਨ ਪੁੱਜਦਾ ਕੀਤੇ ਜਾਣ ਦੇ ਸਰਕਾਰ ਦੇ ਦਾਅਵਿਆਂ ਨੂੰ ਪੂਰੀ ਤਰਾਂ ਖੋਖਲਾ ਕਰਾਰ ਦਿੱਤਾ ਅਤੇ ਕਿਹਾ ਕਿ ਲੋਕਾਂ ਨੂੰ ਧੱਕੇ ਨਾਲ ਘਰਾਂ ਦੇ ਅੰਦਰ ਡੱਕ ਦਿੱਤਾ ਗਿਆ ਹੈ। ਉਨਾਂ ਕਿਹਾ ਕਿ ਲੋਕਾਂ ਦੀਆਂ ਜਰੂਰਤਾਂ ਦੀ ਪੂਰਤੀ ਕਰਨ ਤੋਂ ਸਰਕਾਰ ਪੂਰੀ ਤਰਾਂ ਨਾਲ ਬੇਖਬਰ ਹੋ ਗਈ ਹੈ। ਓਧਰ ਕਾਂਗਰਸੀ ਕੌਂਸਲਰ ਅਸ਼ੇਸ਼ਰ ਪਾਸਵਾਨ ਦਾ ਕਹਿਣਾ ਸੀ ਕਿ ਬਸਤੀ ਵਾਲਿਆਂ ਵੱਲੋਂ ਲਾਏ ਜਾ ਦੋਸ਼ਾਂ ’ਚ ਕੋਈ ਸਚਾਈ ਨਹੀਂ ਹੈ। ਉਨਾਂ ਆਖਿਆ ਕਿ ਇਹ ਪਾਰਟੀਬਾਜੀ ਕਾਰਨ ਉਨਾਂ ਨੂੰ ਸਿਆਸੀ ਤੌਰ ਤੇ ਬੁਦਨਾਮ ਕਰਨ ਲਈ ਕੀਤਾ ਜਾ ਰਿਹਾ ਹੈ। ਉਨਾਂ ਆਖਿਆ ਕਿ ਉਹ ਤਾਂ ਹੁਣ ਵੀ ਰਾਸ਼ਨ ਹੀ ਵੰਡ ਰਹੇ ਹਨ।
Total Responses : 267