ਫਿਰੋਜ਼ਪੁਰ 21 ਅਪ੍ਰੈਲ 2020 : ਸਮਾਜ ਸੇਵੀ ਬਣ ਕੇ ਕੇਂਦਰੀ ਜੇਲ੍ਹ ਫਿਰੋਜ਼ਪੁਰ ਵਿਚ ਮੋਬਾਇਲ ਫੋਨ ਤੇ ਰੁਪਏ ਪਹੁੰਚਾਉਣ ਦੀ ਖਬਰ ਮਿਲੀ ਹੈ। ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਇਕਬਾਲ ਸਿੰਘ ਬਰਾੜ ਸੁਪਰਡੈਂਟ (ਮੈਂਟੀਨੈਂਸ) ਕੇਂਦਰੀ ਜੇਲ੍ਹ ਫਿਰੋਜ਼ਪੁਰ ਨੇ ਦੱਸਿਆ ਕਿ ਬੀਤੀ 20 ਅਪ੍ਰੈਲ 2020 ਨੂੰ ਏਐੱਸਆਈ ਰਾਕੇਸ਼ ਕੁਮਾਰ ਸਮੇਤ ਦੋਸ਼ੀ ਸੋਨੂੰ ਪੁਰੀ ਪੁੱਤਰ ਸਰੂਪ ਸਿੰਘ ਵਾਸੀ ਮਕਾਨ ਨੰਬਰ 75/31 ਗੁਰੂ ਨਾਨਕਪੁਰਾ ਜ਼ਿਲ੍ਹਾ ਬਠਿੰਡਾ ਤੇ ਦੀਪਕ ਉਰਫ ਦੀਪੂ ਪੁੱਤਰ ਹਮੇਸ਼ ਕੁਮਾਰ ਵਾਸੀ ਦਾਦਰੀ ਗੇਟ, ਰਾਮਗੰਜ ਮੁਹੱਲਾ ਬਠਿੰਡਾ ਨਾਲ ਕੇਂਦਰੀ ਜੇਲ੍ਹ ਫਿਰੋਜ਼ਪੁਰ ਵਿਖੇ ਆਏ ਤੇ ਸੁਪਰਡੈਂਟ ਸਾਹਿਬ ਨੂੰ ਮਿਲਣ ਦੀ ਬੇਨਤੀ ਕੀਤੀ ਕਿ ਅਸੀਂ ਜਲਾਲਾਬਾਦ ਤੋਂ ਆਏ ਹਾਂ ਤੇ ਸਮਾਜ ਭਲਾਈ ਦਾ ਕੰਮ ਕਰਦੇ ਹਾਂ।
ਇਕਬਾਲ ਸਿੰਘ ਨੇ ਦੱਸਿਆ ਕਿ ਉਕਤ ਵਿਅਕਤੀਆਂ ਨੇ ਕਿਹਾ ਕੋਰੋਨਾ ਵਾਇਰਸ ਬਿਮਾਰੀ ਦੇ ਚੱਲਦਿਆਂ ਉਨਾਂ੍ਹ ਨੇ ਮੈਡੀਕਲ ਸਟਾਫ ਨੂੰ ਪੀਪੀਟੀ ਕਿੱਟਾਂ, 1500 ਮਾਸਕ ਤੇ 1000 ਸ਼ੀਸ਼ੀਆਂ ਛੋਟੀ ਸੈਨੀਟਾਈਜਰ ਦਾਨ ਕਰਨੀਆਂ ਹਨ ਤੇ ਇਕ ਬੰਦੀ ਦੀਪਕ ਉਰਫ ਟੀਨੂੰ ਨੂੰ ਕੈਰਮ ਬੋਰਡ ਦੇਣਾ ਚਾਹੁੰਦੇ ਹਨ। ਸੁਪਰਡੈਂਟ ਸਾਹਿਬ ਵੱਲੋਂ ਆਗਿਆ ਮਿਲਣ ਤੇ ਜਦ ਇਨ੍ਹਾਂ ਦਾ ਸਮਾਨ ਚੈੱਕ ਕੀਤਾ ਗਿਆ ਤਾਂ ਕੈਰਮ ਬੋਰਡ ਵਿਚ ਲੁਕਾਏ ਹੋਏ 5 ਮੋਬਾਇਲ ਫੋਨ ਮਾਰਕਾ ਉਪੋ ਟੱਚ ਸਕਰੀਨ, ਰੰਗ ਕਾਲਾ, 2 ਚਾਰਜਰ, 3 ਈਅਰ ਫੋਨ ਤੇ 2 ਡਾਟਾ ਕੇਬਲ ਬਰਾਮਦ ਹੋਏ।
ਇਕਬਾਲ ਸਿੰਘ ਨੇ ਦੱਸਿਆ ਕਿ ਉਕਤ ਵਿਅਕਤੀਆਂ ਕੋਲੋਂ ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਇਹ ਕੋਈ ਸਮਾਜ ਸੇਵੀ ਸੰਸਥਾ ਦੇ ਮੈਂਬਰ ਨਹੀਂ ਹਨ, ਜਾਅਲੀ ਐੱਨਜੀਓ ਬਣ ਕੇ ਜੇਲ ਪ੍ਰਸ਼ਾਸਨ ਨਾਲ ਧੋਖਾਧੜੀ ਕਰਕੇ ਗੈਂਗਸਟਰ ਦੀਪਕ ਉਰਫ ਟੀਨੂੰ ਪੁੱਤਰ ਅਨਿਲ ਨੂੰ ਵਰਜਿਤ ਵਸਤੂਆਂ ਪਹੁੰਚਾਉਣਾ ਚਾਹੁੰਦੇ ਸਨ। ਜਦ ਦੋਸ਼ੀ ਦੀ ਤਲਾਸ਼ੀ ਲੈਣ ਤੇ ਇਸ ਕੋਲੋਂ 38500 ਰੁਪਏ ਬਰਾਮਦ ਹੋਏ, ਦੋਸ਼ੀ ਦੀਪਕ ਕੋਲੋਂ ਇਕ ਮੋਬਾਇਲ ਫੋਨ ਮਾਰਕਾ ਸੈਮਸੰਗ ਰੰਗ ਗੋਲਡਨ ਕੀਪੈਡ ਬਰਾਮਦ ਹੋਇਆ। ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਿਸ ਦੇ ਸਬ ਇੰਸਪੈਕਟਰ ਅਮਨਦੀਪ ਕੰਬੋਜ਼ ਨੇ ਦੱਸਿਆ ਕਿ ਉਕਤ ਵਿਅਕਤੀਆਂ ਖਿਲਾਫ 52-ਏ ਪਰੀਸੰਨਜ ਐਕਟ 1894, 420, 511 ਆਈਪੀਸੀ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।