ਅਸ਼ੋਕ ਵਰਮਾ
ਬਠਿੰਡਾ, 17 ਅਪ੍ਰੈਲ 2020 - ਬਠਿੰਡਾ ਸ਼ਹਿਰ ਵਿਚ ਕੋਰੋਨਾ ਕਾਰਨ ਲੱਗੇ ਕਰਫ਼ਿਊ ਦੌਰਾਨ ਲੋੜਵੰਦ ਲੋਕਾਂ ਨੂੰ ਭੋਜਨ ਦੀ ਕੋਈ ਘਾਟ ਨਾ ਆਵੇ, ਇਸ ਲਈ ਨਗਰ ਨਿਗਮ ਅਤੇ ਸ਼ਹਿਰ ਦੀਆਂ ਸਤਕਾਰਿਤ ਸਮਾਜਿਕ ਸੰਸਥਾਵਾਂ ਵਲੋਂ ਲਗਾਤਾਰ ਜਿੱਥੇ ਸੁੱਕਾ ਰਾਸ਼ਨ ਵੰਡਿਆਂ ਜਾ ਰਿਹਾ ਹੈ, ਉੱਥੇ ਹੀ ਪੱਕਿਆ-ਪਕਾਇਆ ਭੋਜਨ ਵੀ ਜ਼ਰੂਰਤਮੰਤ ਲੋਕਾਂ ਨੂੰ ਮੁਹੱਈਆ ਕਰਵਾਇਆ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਕਮਿਸ਼ਨਰ ਨਗਰ ਨਿਗਮ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਦੱਸਿਆ ਕਿ ਸ਼ਹਿਰ ਵਿਚ 29 ਮਾਰਚ ਤੋਂ 16 ਅਪ੍ਰੈਲ ਤੱਕ ਨਗਰ ਨਿਗਮ ਵਲੋਂ 11874 ਪਰਿਵਾਰਾਂ ਨੂੰ ਸੁੱਕੇ ਰਾਸ਼ਨ ਦੀਆਂ ਕਿੱਟਾਂ ਮੁਹੱਈਆ ਕਰਵਾਈਆਂ ਗਈਆਂ ਹਨ ਜਦਕਿ 8750 ਪਰਿਵਾਰਾਂ ਨੂੰ ਸਮਾਜਿਕ ਸੰਸਥਾਵਾਂ ਵਲੋਂ ਇਸ ਸਮੇਂ ਦੌਰਾਨ ਸੁੱਕੇ ਰਾਸ਼ਨ ਦੀਆਂ ਕਿੱਟਾਂ ਉਪਲੱਬਧ ਕਰਵਾਈਆਂ ਗਈਆਂ ਹਨ।
ਇਸ ਤੋਂ ਬਿਨਾਂ ਸ਼ਹਿਰ ਦੀਆਂ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਅਤੇ ਹੋਰ ਦਾਨਵੀਰਾਂ ਵਲੋਂ ਪੱਕਿਆ-ਪਕਾਇਆ ਭੋਜਨ ਵੀ ਲੋੜਵੰਦ ਲੋਕਾਂ ਤੱਕ ਪਹੁੰਚਾਇਆ ਜਾ ਰਿਹਾ ਹੈ। ਇਸ ਤਹਿਤ ਰੋਜ਼ਾਨਾ ਸਵੇਰੇ-ਸ਼ਾਮ ਇਹ ਭੋਜਨ ਵੱਖ-ਵੱਖ ਵਾਰਡਾਂ ਤੇ ਮੁਹੱਲਿਆਂ ਵਿਚ ਵਿਚ ਜ਼ਰੂਰਤਮੰਦਾਂ ਦੀ ਰਿਹਾਇਸ਼ ਤੱਕ ਪਹੁੰਚਾਇਆ ਜਾ ਰਿਹਾ ਹੈ। ਉਨਾਂ ਦੱਸਿਆ ਕਿ 29 ਮਾਰਚ ਤੋਂ 16 ਅਪ੍ਰੈਲ ਤੱਕ 3,74,745 ਲੋਕਾਂ ਨੂੰ ਸਵੇਰ ਦਾ ਖ਼ਾਣਾ ਅਤੇ 3,24,529 ਲੋਕਾਂ ਨੂੰ ਸ਼ਾਮ ਦਾ ਖ਼ਾਣਾ ਸਮਾਜਿਕ ਸੰਸਥਾਵਾਂ ਵਲੋਂ ਮੁਹੱਈਆ ਕਰਵਾਇਆ ਗਿਆ। ਸਿਰਫ਼ 16 ਅਪ੍ਰੈਲ ਨੂੰ ਹੀ ਸਵੇਰ ਅਤੇ ਸ਼ਾਮ 48071 ਖ਼ਾਣੇ ਦੀਆਂ ਖ਼ੁਰਾਕਾ ਵੰਡੀਆਂ ਗਈਆਂ ਹਨ।
ਉਨਾਂ ਹੋਰ ਦੱਸਿਆ ਕਿ ਅਹਾਤਾ ਨਿਆਜ਼ ਅਤੇ ਆਰਿਆ ਨਗਰ ਨਵੀਂ ਬਸਤੀ ਵਿਚ ਸ਼ਿਵ ਸ਼ਕਤੀ ਵੈਲਫ਼ੇਅਰ ਟਰੱਸਟ ਵਲੋਂ ਲੰਗਰ ਮੁਹੱਈਆ ਕਰਵਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਅਹਾਤਾ ਨਿਆਜ਼ ਵਿਚ 200 ਸੁੱਕੇ ਖ਼ਾਣੇ ਦੀਆਂ ਕਿੱਟਾਂ ਵੀ ਵੰਡੀਆਂ ਗਈਆਂ ਹਨ। ਇਸ ਤੋਂ ਬਿਨਾਂ ਕੁਝ ਹੋਰ ਸਮਾਜ ਸੇਵੀ ਸੰਸਥਾਵਾਂ ਨੇ ਵੀ ਇਸ ਮੁਹੱਲੇ ਵਿਚ ਲੋੜਵੰਦਾਂ ਨੂੰ ਰਾਸ਼ਨ ਮੁਹੱਈਆ ਕਰਵਾਇਆ ਹੈ। ਇਸੇ ਤਰਾਂ ਵਾਰਡ ਨੰਬਰ 26 ਨਵੀਂ ਬਸਤੀ ਤੋਂ ਅੱਜ 26 ਕਿੱਟਾਂ ਦੀ ਮੰਗ ਆਈ ਸੀ ਜੋ ਕਿ ਭੇਜੀਆਂ ਜਾ ਰਹੀਆਂ ਹਨ।
ਇਸੇ ਤਰ੍ਹਾਂ ਸੰਜੇ ਨਗਰ ਵਿਚ ਨਗਰ ਨਿਗਮ ਵਲੋਂ 1 ਅਪ੍ਰੈਲ ਨੂੰ 150 ਕਿੱਟਾਂ ਵੰਡੀਆਂ ਗਈਆਂ ਸਨ ਅਤੇ ਇਸ ਤੋਂ ਬਿਨਾਂ ਇੱਥੇ ਭਾਈ ਘਨਈਆ ਸੁਸਾਇਟੀ ਵਲੋਂ ਰੋਜ਼ਾਨਾ 450 ਲੋਕਾਂ ਨੂੰ ਪੱਕਿਆ ਹੋਇਆ ਭੋਜਨ ਭੇਜਿਆ ਜਾ ਰਿਹਾ ਹੈ। ਅਹਾਤਾ ਨਿਆਜ਼ ਵਿਚ ਨਗਰ ਨਿਗਮ ਵਲੋਂ 2 ਅਪ੍ਰੈਲ ਨੂੰ 200 ਕਿੱਟਾਂ ਸੁੱਕੇ ਰਾਸ਼ਨ ਦੀਆਂ ਵੰਡੀਆਂ ਗਈਆਂ ਸਨ, ਇਸ ਤੋਂ ਬਿਨਾਂ ਇੱਥੇ ਸਹਾਰਾ ਵੈਲਫ਼ੇਅਰ ਸੁਸਾਇਟੀ ਵਲੋਂ 40-40 ਲੋਕਾਂ ਦਾ ਖ਼ਾਣਾ ਭੇਜਿਆ ਜਾ ਰਿਹਾ ਹੈ ਅਤੇ ਸ਼ਿਵ ਸ਼ਕਤੀ ਸੰਸਥਾ ਵਲੋਂ 225 ਲੋਕਾਂ ਦਾ ਖ਼ਾਣਾ ਰੋਜ਼ਾਨਾ 14 ਅਪ੍ਰੈਲ ਤੱਕ ਭੇਜਿਆ ਜਾਂਦਾ ਰਿਹਾ ਹੈ। ਨਵੀਂ ਬਸਤੀ ਵਿਚ ਨਗਰ ਨਿਗਮ ਵਲੋਂ 14 ਅਤੇ 15 ਅਪ੍ਰੈਲ ਨੂੰ ਵੀ 10 ਕਿੱਟਾਂ ਭੇਜੀਆਂ ਗਈਆਂ ਸੀ। ਇਸ ਤੋਂ ਬਿਨਾਂ ਨਵੀਂ ਬਸਤੀ ਵਿਚ ਅਮਰਨਾਥ ਯਾਤਰਾ ਸੰਘ ਵਲੋਂ ਰੋਜ਼ਾਨਾ 103 ਲੋਕਾਂ ਨੂੰ ਖ਼ਾਣਾ ਮੁਹੱਈਆ ਕਰਵਾਇਆ ਜਾ ਰਿਹਾ ਹੈ। ਉਨਾਂ ਕਿਹਾ ਕਿ ਸ਼ਹਿਰ ਵਿਚ ਹਰੇਕ ਲੋੜਵੰਦ ਨੂੰ ਸੁੱਕਾ ਰਾਸ਼ਨ ਜਾਂ ਪੱਕਿਆ ਹੋਇਆ ਭੋਜਨ ਮੁਹੱਈਆ ਕਰਵਾਇਆ ਜਾ ਰਿਹਾ ਹੈ ਪਰ ਫ਼ੇਰ ਵੀ ਜੇਕਰ ਕਿਸੇ ਨੂੰ ਖ਼ਾਣੇ ਦੀ ਜ਼ਰੂਰਤ ਹੋਵੇ ਤਾਂ ਉਹ ਜ਼ਿਲਾ ਪੱਧਰੀ ਕੰਟਰੋਲ ਰੂਮ ਨੰਬਰ 0164-2241290 ’ਤੇ ਸੰਪਕਰ ਕਰ ਸਕਦਾ ਹੈ।