ਲੋੜਵੰਦਾਂ ਲਈ ਭੋਜਨ, ਸਫਾਈ, ਸੈਨੀਟੇਸ਼ਨ ਆਦਿ ਦਾ ਕੰਮ ਜਾਰੀ
ਅਸ਼ੋਕ ਵਰਮਾ
ਬਠਿੰਡਾ, 30 ਮਾਰਚ 2020: ਨਗਰ ਨਿਗਮ ਬਠਿੰਡਾ ਨੇ ਸ਼ਹਿਰ ਦੇ ਲੋਕਾਂ ਤੱਕ ਸਾਰੀਆਂ ਬੁਨਿਆਦੀ ਸਹੁਲਤਾਂ ਪੁੱਜਦੀਆਂ ਕਰਨ ਲਈ ਪੂਰੇ ਸ਼ਹਿਰ ਨੂੰ 10 ਸੈਕਟਰਾਂ ਵਿਚ ਵੰਡ ਕੇ ਹਰੇਕ ਸੈਕਟਰ ਲਈ ਇਕ ਜਿੰਮੇਵਾਰ ਅਧਿਕਾਰੀ ਲਗਾਇਆ ਗਿਆ ਹੈ ਤਾਂ ਜੋ ਕਿਸੇ ਨੂੰ ਕੋਈ ਸਮੱਸਿਆ ਨਾਂ ਆ ਸਕੇ। ਕਮਿਸ਼ਨਰ ਨਗਰ ਨਿਗਮ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਨਗਰ ਨਿਗਮ ਬਠਿੰਡਾ ਵੱਲੋਂ ਕੋਵਿਡ ਦੇ ਮੁਕਾਬਲੇ ਲਈ ਕੀਤੇ ਜਾ ਰਹੇ ਉਪਰਾਲਿਆਂ ਦਾ ਜਿਕਰ ਕਰਦਿਆਂ ਦੱਸਿਆ ਕਿ ਸ਼ਹਿਰ ਨੂੰ ਰੋਗਾਣੂ ਮੁਕਤ ਕਰਨ ਲਈ ਹੁਣ ਤੱਕ ਦਵਾਈ ਦੇ 2 ਲੱਖ ਲੀਟਰ ਘੋਲ ਦਾ ਛਿੜਕਾਅ ਕੀਤਾ ਜਾ ਚੁੱਕਾ ਹੈ। ਉਨਾਂ ਨੇ ਦੱਸਿਆ ਕਿ ਇਸ ਲਈ ਸ਼ਹਿਰ ਵਿਚ ਟਰੈਕਟਰ ਨਾਲ ਚੱਲਣ ਵਾਲੇ ਦੋ ਪੰਪਾਂ ਤੋਂ ਇਲਾਵਾ ਮਨੁੱਖ ਵੱਲੋਂ ਚਲਾਏ ਜਾਣ ਵਾਲੇ ਪੰਪਾਂ ਨਾਲ ਸ਼ਹਿਰ ਦੀਆਂ ਜਨਤਕ ਥਾਂਵਾਂ, ਸਰਕਾਰੀ ਦਫ਼ਤਰਾਂ ਤੋਂ ਬਾਅਦ ਛੋਟੇ ਮੁਹਲਿਆਂ ਵਿਚ ਵੀ ਸਪ੍ਰੇਅ ਕੀਤੀ ਜਾ ਰਹੀ ਹੈ। ਉਨਾਂ ਦੱਸਿਆ ਕਿ ਸੋਡੀਅਮ ਹਾਈਪੋਕਲੋਰਾਇਡ ਦੇ 1 ਫੀਸਦੀ ਘੋਲ ਦਾ ਛਿੜਕਾਅ ਕੀਤਾ ਜਾ ਰਿਹਾ ਹੈ। ਉਨਾਂ ਨੇ ਸਪਸਟ ਕੀਤਾ ਕਿ ਇਸ ਸਪ੍ਰੇਅ ਦਾ ਛਿੜਕਾਅ ਉਨਾਂ ਥਾਂਵਾਂ ਤੇ ਕੀਤਾ ਗਿਆ ਹੈ ਜਿੱਥੇ ਮਨੁੱਖੀ ਛੋਹ ਹੁੰਦੀ ਹੈ। ਉਨਾਂ ਨੇ ਕਿਹਾ ਕਿ ਨਾਲੀਆਂ, ਗਲੀਆਂ ਦੇ ਥੱਲੇ ਆਦਿ ਤੇ ਇਸ ਸਪ੍ਰੇਅ ਦਾ ਲਾਭ ਨਹੀਂ ਹੈ।
ਸ੍ਰੀ ਸ਼ੇਰਗਿਲ ਨੇ ਦੱਸਿਆ ਕਿ ਨਿਗਮ ਵੱਲੋਂ ਮੈਡੀਕਲ ਮਾਹਿਰਾਂ ਦੀ ਰਾਏ ਅਨੁਸਾਰ 50 ਸਾਲ ਤੋਂ ਵੱਡੀ ਉਮਰ ਦੇ ਸਫਾਈ ਸੇਵਕਾਂ ਨੂੰ ਜੋਖ਼ਮ ਵਾਲੀਆਂ ਡਿਊਟੀਆਂ ਤੋਂ ਛੋਟ ਦਿੱਤੀ ਗਈ ਹੈ। ਜਦ ਕਿ ਨਿਗਮ ਵੱਲੋਂ ਲਗਾਤਾਰ ਸ਼ਹਿਰ ਵਿਚ ਸਫਾਈ ਕਰਵਾਈ ਜਾ ਰਹੀ ਹੈ। ਘਰਾਂ ਤੋਂ ਕੂੜਾ ਚੁੱਕਿਆ ਜਾ ਰਿਹਾ ਹੈ। ਸ਼ਹਿਰ ਦੀ ਰਾਤ ਸਮੇਂ ਹੋਣ ਵਾਲੀ ਸਫਾਈ ਅਤੇ ਰਾਤ ਸਮੇਂ ਕੂੜਾ ਚੁੱਕਣ ਦੀ ਪ੍ਰਿਆ ਵੀ ਜਾਰੀ ਹੈ। ਨਿਗਮ ਵੱਲੋਂ ਆਪਣੇ ਕਰਮਚਾਰੀਆਂ ਤੇ ਹੋਰ ਲੋਕਾਂ ਨੂੰ ਰੋਗ ਦੇ ਖਤਰੇ ਤੋਂ ਬਚਾਈ ਰੱਖਣ ਲਈ 8800 ਕਪੜੇ ਦੇ ਮਾਸਕ ਤਿਆਰ ਕਰਕੇ ਦਿੱਤੇ ਗਏ ਹਨ। 3000 ਮੈਡੀਕਲ ਮਾਸਕ ਵੰਡੇ ਗਏ ਹਨ। 18000 ਦਸਤਾਨੇ ਦਿੱਤੇ ਗਏ ਹਨ। 300 ਲੀਟਰ ਸੈਨੇਟਾਈਜਰ ਦਿੱਤਾ ਗਿਆ ਹੈ।
ਸ਼ਹਿਰ ਵਿਚ ਕੋਈ ਵੀ ਨਾਗਰਿਕ ਇਸ ਮੁਸਕਿਲ ਦੌਰ ਵਿਚ ਭੁੱਖਾ ਨਾ ਸੌਵੇਂ ਇਸ ਲਈ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਅਤੇ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਸਵੇਰੇ ਸ਼ਾਮ 8000 ਤੋਂ 9500 ਲੋਕਾਂ ਨੂੰ ਪੱਕਿਆ ਹੋਇਆ ਖਾਣਾ ਦਿੱਤਾ ਜਾ ਰਿਹਾ ਹੈ। ਉਨਾਂ ਨੇ ਇਸ ਕਾਰਜ ਵਿਚ ਸ਼ਹਿਰੀਆਂ ਦੇ ਸਹਿਯੋਗ ਲਈ ਉਨਾਂ ਦਾ ਧੰਨਵਾਦ ਵੀ ਕੀਤਾ। ਉਨਾਂ ਨੇ ਦੱਸਿਆ ਕਿ ਖੇਤਾ ਸਿੰਘ ਬਸਤੀ, ਜੋਗੀ ਨਗਰ, ਡੋਗਰ ਪੈਲੇਸ ਦੇ ਪਿੱਛੇ, ਮਾਲ ਗੋਦਾਮ ਨੇੜੇ, ਰੋਜ ਗਾਰਡਨ ਕੋਲ ਪੁਲ ਹੇਠ ਆਦਿ ਥਾਂਵਾਂ ਤੇ ਰਹਿ ਰਹੇ ਅਤਿ ਲੋੜਵੰਦ ਲੋਕਾਂ ਨੂੰ ਇਹ ਪਕਾਇਆ ਹੋਇਆ ਭੋਜਨ ਸੰਸਥਾਵਾਂ ਨਾਲ ਤਾਲਮੇਲ ਕਰਕੇ ਅਤੇ ਨਿਗਮ ਦੇ ਆਪਣੇ ਸ਼ੋ੍ਰਤ ਇਸਤੇਮਾਲ ਕਰਕੇ ਮੁਹਈਆ ਕਰਵਾਇਆ ਜਾ ਰਿਹਾ ਹੈ।
ਉਨਾਂ ਦੱਸਿਆ ਕਿ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਨਿਰਦੇਸ਼ਾਂ ਅਨੁਸਾਰ ਲੋੜਵੰਦ ਲੋਕਾਂ ਤੱਕ ਸੁੱਕਾ ਰਾਸ਼ਨ ਪਹੁੰਚਾਉਣ ਲਈ ਹੁਣ ਤੱਕ 3000 ਪੈਕਟ ਵੰਡੇ ਜਾ ਚੁੱਕੇ ਹਨ ਅਤੇ 2000 ਹੋਰ ਤਿਆਰ ਹੋ ਰਹੇ ਹਨ। ਇਸ ਲਈ ਦਾਨੀ ਸੱਜਣਾਂ ਤੋਂ ਮਿਲ ਰਹੇ ਰਾਸਨ ਨੂੰ ਪੈਕ ਕਰਕੇ ਲੋੜਵੰਦ ਲੋਕਾਂ ਤੱਕ ਪਹੁੰਚਾਇਆ ਜਾ ਰਿਹਾ ਹੈ। ਇਸ ਕੰਮ ਵਿਚ ਜ਼ਿਲਾ ਪੁਲਿਸ ਵੀ ਸਹਾਇਤਾ ਕਰ ਰਹੀ ਹੈ। ਉਨਾਂ ਨੇ ਕਿਹਾ ਕਿ ਕਿਸੇ ਵੀ ਪ੍ਰਵਾਸੀ ਮਜਦੂਰ ਜਾਂ ਹੋਰ ਲੋੜਵੰਦ ਦੀ ਸੂਚਨਾ ਮਿਲਣ ਤੇ ਨਿਗਮ ਵੱਲੋਂ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਉਸਨੂੰ ਦੋ ਵਕਤ ਦਾ ਖਾਣਾ ਮਿਲੇ। ਉਨਾਂ ਨੇ ਦਾਨੀ ਸੱਜਣਾ ਨੂੰ ਅਪੀਲ ਕੀਤੀ ਕਿ ਉਹ ਸੁੱਕਾ ਰਾਸ਼ਨ ਹੀ ਦੇਣ।
ਉਨਾਂ ਨੇ ਕਿਹਾ ਕਿ ਸ਼ਹਿਰ ਵਿਚ ਹੁਣ 20 ਸਟੋਰਾਂ ਨੂੰ ਘਰੋ ਘਰੀ ਸਪਲਾਈ ਦੇ ਲਈ ਲਗਾਇਆ ਗਿਆ ਹੈ ਅਤੇ ਜੇਕਰ ਕੋਈ ਹੋਰ ਵੱਡਾ ਸਟੋਰ ਵੀ ਇਸ ਸੇਵਾ ਵਿਚ ਲੱਗਣਾ ਚਾਹੁੰਦਾ ਹੈ ਤਾਂ ਉਹ ਨਗਰ ਨਿਗਮ ਨਾਲ ਰਾਬਤਾ ਕਰਕੇ ਮੰਜੂਰੀ ਲੈ ਸਕਦਾ ਹੈ। ਪਰ ਅਜਿਹੇ ਸਟੋਰ ਨੂੰ ਘਰ ਘਰ ਸਪਲਾਈ ਦੇਣੀ ਪਵੇਗੀ ਅਤੇ ਦੁਕਾਨ ਖੋਲਣ ਦੀ ਆਗਿਆ ਨਹੀਂ ਹੋਵੇਗੀ।