ਮੁਲਜਮ ਦਾ ਸਾਥ ਦੇਣ ਵਾਲੀ ਸਾਲੇਹਾਰ ਕੁੱਝ ਘੰਟਿਆਂ ’ਚ ਕਾਬੂ
ਅਸ਼ੋਕ ਵਰਮਾ
ਮਾਨਸਾ, 20 ਅਪ੍ਰੈਲ 2020: ਥਾਣਾ ਜੋਗਾ ਦੇ ਪਿੰਡ ਅਲੀਸ਼ੇਰ ਕਲਾਂ ਵਿਖੇ ਬੀਤੀ ਰਾਤ ਬਿੰਦਰ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਰੂੜੇਕੇ ਕਲਾਂ ਵੱਲੋਂ ਆਪਣੀ ਸਾਲੇਹਾਰ ਸੁਖਪ੍ਰੀਤ ਕੌਰ ਨਾਲ ਕਥਿਤ ਨਜਾਇਜ ਸਬੰਧਾਂ ’ਚ ਅੜਿੱਕਾ ਬਣੇ ਆਪਣੇ ਸਹੁਰੇ ਬੰਤਾ ਸਿੰਘ ਪੁੱਤਰ ਬਚਨ ਸਿੰਘ ਵਾਸੀ ਅਲੀਸ਼ੇਰ ਕਲਾਂ ਨੂੰ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮੌਕੇ ਮੁਲਜਮ ਨੇ ਆਪਣੇ ਸਾਲੇ ਗੁਰਪਰੀਤ ਸਿੰਘ ਦੇ ਕਿਰਚ ਨਾਲ ਕਾਤਲਾਨਾ ਹਮਲਾ ਕਰ ਦਿੱਤਾ ਜਿਸ ਦੇ ਸਿੱਟੇ ਵਜੋਂ ਉਹ ਗੰਭੀਰ ਜਖਮੀ ਹੋ ਗਿਆ । ਮੁਲਜਮ ਵਾਰਦਾਤ ਕਰਨ ਉਪਰੰਤ ਫਰਾਰ ਹੋਣ ’ਚ ਸਫਲ ਹੋ ਗਿਆ। ਐਸ.ਐਸ.ਪੀ. ਮਾਨਸਾ ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਇਸ ਵਾਰਦਾਤ ਵਿੱਚ ਸੁਖਪ੍ਰੀਤ ਕੌਰ ਨੇ ਵੀ ਉਸਦਾ ਸਾਥ ਦਿੱਤਾ ਸੀ ਜਿਸ ਨੂੰ ਮੁਲਜਮ ਬਿੰਦਰ ਸਿੰੰਘ ਸਮੇਤ ਥਾਣਾ ਜੋਗਾ ਪੁਲਿਸ ਨੇਂ ਕੁੱਝ ਹੀ ਘੰਟਿਆਂ ’ਚ ਗਿ੍ਰਫਤਾਰ ਕਰ ਲਿਆ।
ਐਸ.ਐਸ.ਪੀ. ਨੇ ਦੱਸਿਆ ਗਿਆ ਕਿ ਥਾਣਾ ਜੋਗਾ ਨੂੰ ਮਲਕੀਤ ਕੌਰ ਪਤਨੀ ਬੰਤਾ ਸਿੰਘ ਵਾਸੀ ਅਲੀਸ਼ੇਰ ਕਲਾਂ ਨੇ ਜਾਣਕਾਰੀ ਦਿੱਤੀ ਸਪ ਕਿ ਉਸਦਾ ਲੜਕਾ ਗੁਰਪਰੀਤ ਸਿੰਘ ਕਰੀਬ 11 ਸਾਲ ਪਹਿਲਾਂ ਸੁਖਪ੍ਰੀਤ ਕੌਰ ਪੁੱਤਰੀ ਗੁਰਚਰਨ ਸਿੰਘ ਵਾਸੀ ਝੁਨੀਰ ਨਾਲ ਅਤੇ ਉਸਦੀ ਲੜਕੀ ਰਾਣੀ ਕੌਰ ਕਰੀਬ 18-19 ਸਾਲ ਬਿੰਦਰ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਰੂੜੇਕੇ ਕਲਾਂ ਨਾਲ ਵਿਆਹੀ ਹੋਈ ਸੀ। ਉਨਾਂ ਦੱਸਿਆ ਕਿ ਉਸ ਦੀ ਨੂੰਹ ਸੁਖਪ੍ਰੀਤ ਕੌਰ ਦੇ ਕਰੀਬ 4 ਸਾਲ ਤੋਂ ਉਸਦੇ ਜਵਾਈ ਬਿੰਦਰ ਸਿੰਘ ਨਾਲ ਕਥਿਤ ਨਜਾਇਜ ਸਬੰਧ ਚੱਲੇ ਆ ਰਹੇ ਸਨ ਜਿੰਨਾਂ ਨੂੰ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਨੇ ਸਮਝਾਇਆ ਪਰ ਉਹ ਬਾਜ ਨਹੀ ਆਏ। ਉਨਾਂ ਦੱਸਿਆ ਕਿ ਉਸਦਾ ਜਵਾਈ ਬਿੰਦਰ ਸਿੰਘ ਕਥਿਤ ਧਮਕੀਆ ਦਿੰਦਾ ਸੀ ਅਤੇ ਉਸਦੀ ਨੂੰਹ ਸੁਖਪ੍ਰੀਤ ਕੌਰ ਵੀ ਉਸ ਦਾ ਸਾਥ ਦਿੰਦੀ ਸੀ।
ਉਨਾਂ ਦੱਸਿਆ ਕਿ ਬੀਤੀ ਰਾਤ ਕਰੀਬ 11.30 ਵਜੇ ਉਸਦਾ ਜਵਾਈ ਬਿੰਦਰ ਸਿੰਘ ਮੋਟਰਸਾਈਕਲ ‘ਤੇ ਸਵਾਰ ਹੋ ਕੇ ਉਨਾਂ ਦੇ ਘਰ ਆਇਆ, ਤਾਂ ਉਸਦੇ ਲੜਕੇ ਨੇ ਉਸਨੂੰ ਘਰ ਆਉਣ ਤੋਂ ਵਰਜਿਆ। ਉਨਾਂ ਦੱਸਿਆ ਕਿ ਫਿਰ ਉਸਦੇ ਜਵਾਈ ਬਿੰਦਰ ਸਿੰਘ ਅਤੇ ਉਸਦੇ ਲੜਕੇ ਗੁਰਪਰੀਤ ਸਿੰਘ ਵਿਚਕਾਰ ਤਕਰਾਰ ਹੋਗਈ। ਇਸ ਮੌਕੇ ਵੀ ਸੁਖਪ੍ਰੀਤ ਕੌਰ ਨੇ ਉਸਦੇ ਜਵਾਈ ਬਿੰਦਰ ਸਿੰਘ ਦਾ ਸਾਥ ਦਿੱਤਾ। ਉਨਾਂ ਦੱਸਿਆ ਕਿ ਫਿਰ ਬਿੰਦਰ ਸਿੰਘ ਨੇ ਉਸ ਦੇ ਲੜਕੇ ਦੀ ਛਾਤੀ ਅਤੇ ਪੇਟ ‘ਤੇ ਮਾਰ ਦੇਣ ਦੀ ਨੀਯਤ ਨਾਲ ਕਿਰਚ ਦੇ ਵਾਰ ਕੀਤੇ। ਉਨਾਂ ਦੱਸਿਆ ਕਿ ਜਦੋਂ ਉਸ ਦਾ ਪਤੀ ਬੰਤਾ ਸਿੰਘ ਬਚਾਅ ਲਈ ਅੱਗੇ ਆਇਆ ਤਾਂ ਬਿੰਦਰ ਸਿੰਘ ਨੇ ਕਿਰਚ ਉਸਦੇ ਪੇਟ ਵਿੱਚ ਮਾਰੀ। ਬਿੰਦਰ ਸਿੰਘ ਮੋਟਰਸਾਈਕਲ ‘ਤੇ ਸਵਾਰ ਹੋ ਕੇ ਹਥਿਆਰ ਸਮੇਤ ਮੌਕੇ ਤੋਂ ਭੱਜ ਗਿਆ। ਉਨਾਂ ਦੱਸਿਆ ਕਿ ਉਸ ਦੇ ਪਤੀ ਬੰਤਾ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦੋਂਕਿ ਗੁਰਪਰੀਤ ਸਿੰਘ ਨੂੰ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ।
ਐਸ.ਐਸ.ਪੀ. ਨੇ ਦੱਸਿਆ ਕਿ ਰੰਜਿਸ਼ ਦਾ ਕਾਰਨ ਇਹ ਸੀ ਕਿ ਬਿੰਦਰ ਸਿੰਘ ਅਤੇ ਸੁਖਪ੍ਰੀਤ ਕੌਰ ਆਪਣੇ ਨਸਬੰਧਾਂ ਵਿੱਚ ਅੜਿੱਕਾ ਬਣੇ ਆਪਣੇ ਸਾਲੇ ਗੁਰਪਰੀਤ ਸਿੰਘ ਅਤੇ ਸਹੁਰੇ ਬੰਤਾ ਸਿੰਘ ਨੂੰ ਰਸਤੇ ਤੋਂ ਹਟਾਉਣਾ ਚਾਹੁੰਦੇ ਸਨ। ਉਨਾਂ ਦੱਸਿਆ ਕਿ ਮੁਦੈਲਾ ਦੇ ਬਿਆਨ ‘ਤੇ ਥਾਣਾ ਜੋਗਾ ’ਚ ਬਿੰਦਰ ਸਿੰਘ ਅਤੇ ਸੁਖਪ੍ਰੀਤ ਕੌਰ ਦੇ ਵਿਰੁੱਧ ਧਾਰਾ 302,307,34 ਮੁਕੱਦਮਾ ਦਰਜ਼ ਕੀਤਾ ਗਿਆ ਹੈ।
ਇਸ ਤਰਾਂ ਹੋਈ ਮੁਲਜਮਾਂ ਦੀ ਗਿ੍ਰਫਤਾਰੀ
ਸੱਤਪਾਲ ਸਿੰਘ ਡੀ.ਐਸ.ਪੀ.(ਫੋਰੈਸਿੰਕ ਸਾਇੰਸ ਅਤੇ ਹੋਮੀਸਾਈਡ) ਮਾਨਸਾ ਦੀ ਨਿਗਰਾਨੀ ਹੇਠ ਮੁਲਜਮਾਂ ਨੂੰ ਕਾਬੂ ਕਰਨ ਲਈ ਪੁਲਿਸ ਟੀਮਾਂ ਬਣਾਈਆਂ ਗਈਆਂ ਅਤੇ ਮੁਕੱਦਮੇ ਦੀ ਵਿਗਿਆਨਕ ਢੰਗ ਤਰੀਕਿਆਂ ਨਾਲ ਤਫਤੀਸ਼ ਕੀਤੀ ਗਈ। ਮੁਲਜਮ ਨੂੰ ਗਿ੍ਰਫਤਾਰ ਕਰਨ ਵਿੱਚ ਵਿਲੇਜ ਪੁਲਿਸ ਅਫਸਰ ਅਤੇ ਪਿੰਡ-ਵਾਰਡ ਕਮੇਟੀ ਸਕੀਮ ਲਾਹੇਵੰਦ ਸਿੱਧ ਹੋਈ, ਜਿਨਾਂ ਦੀ ਸਹਾਇਤਾ ਨਾਲ ਪੁਲਿਸ ਨੇ ਬਿੰਦਰ ਸਿੰਘ ਅਤੇ ਉਸਦੀ ਸਾਥਣ ਸੁਖਪ੍ਰੀਤ ਕੌਰ ਨੂੰ ਉਸ ਦੇ ਘਰ ਵਿੱਚੋ ਗਿ੍ਰਫਤਾਰ ਕਰਕੇ ਦੋਸ਼ੀ ਬਿੰਦਰ ਸਿੰਘ ਵੱਲੋਂ ਵਰਤਿਆ ਗਿਆ ਮੋਟਰਸਾਈਕਲ ਅਤੇ ਤੇਜਧਾਰ ਹਥਿਆਰ ਬਰਾਮਦ ਕੀਤਾ ਹੈ। ਉਨਾਂ ਦੱਸਿਆ ਕਿ ਦੋਨਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।