ਅਸ਼ੋਕ ਵਰਮਾ
ਮਾਨਸਾ, 01 ਜੂਨ 2020: ਮਾਨਸਾ ਸ਼ਹਿਰ ਦੇ ਵਾਟਰ ਵਰਕਸ ਰੋਡ ਉੱਪਰ ਸਰਕਾਰੀ ਹਸਪਤਾਲ ਦੇ ਸਾਹਮਣੇ ਪੁਰਾਣੇ ਨਹਿਰੀ ਖਾਲ ਦੀ ਸਰਕਾਰੀ ਜਗਾ ’ਤੇ ਪਿਛਲੇ ਕਾਫੀ ਲੰਬੇ ਸਮੇਂ ਤੋਂ ਕੀਤੇ ਕਥਿਤ ਤੂਰ ਤੇ ਨਜਾਇਜ਼ ਕਬਜਿਆਂ ਨੂੰ ਹਟਾਉਣ ਲਈ ਮਾਨਸਾ ਸ਼ਹਿਰ ਦੇ ਵੱਖ ਵੱਖ ਰਾਜਨੀਤਿਕ ਪਾਰਟੀਆਂ ਅਤੇ ਸੰਵਿਧਾਨ ਬਚਾਓ ਮੰਚ ਪੰਜਾਬ ਦਾ ਵਫਦ ਅੱਜ ਐਸਡੀਐਮ ਮਾਨਸਾ ਨੂੰ ਮਿਲਿਆ । ਵਫਦ ਨੇ ਐਸਡੀਐਮ ਨੂੰ ਦੱਸਿਆ ਕਿ ਕਿਸ ਤਰਾਂ ਗੈਰ ਕਾਨੂੰਨੀ ਤਰੀਕੇ ਨਾਲ ਇਸ ਸਰਕਾਰੀ ਜਗਾ ’ਤੇ ਮਾਨਸਾ ਦੇ ਕੁੱਝ ਰਸੂਖਦਾਰ ਵਿਅਕਤੀਆਂ ਨੇ ਕਬਜ਼ਾ ਕੀਤਾ ਹੋਇਆ ਹੈ। ਇਸ ਤੇ ਐਸਡੀਐਮ ਮਾਨਸਾ ਨੇ ਇਸ ਸਾਰੇ ਮਾਮਲੇ ਦੀ ਜਾਂਚ ਕਰਨ ਦਾ ਭਰੋਸਾ ਦਿੰਦਿਆਂ ਕਿਹਾ ਕਿ ਸਰਕਾਰੀ ਜਗਾ ਉਪਰ ਕਿਸੇ ਨੂੰ ਵੀ ਨਜਾਇਜ਼ ਕਬਜ਼ਾ ਨਹੀਂ ਕਰਨ ਦਿੱਤਾ ਜਾਵੇਗਾ। ਇਸ ਵਫਦ ਦੀ ਅਗਵਾਈ ਕਾਮਰੇਡ ਰਾਜਵਿੰਦਰ ਸਿੰਘ ਰਾਣਾ ਨੇ ਕੀਤੀ। ਉਨਾਂ ਕਿਹਾ ਕਿ ਸ਼ਹਿਰ ਵਿੱਚ ਸਭ ਤੋਂ ਪ੍ਰਮੁੱਖ ਜਗਾ ਸਰਕਾਰੀ ਹਸਪਤਾਲ ਹੁੰਦਾ ਹੈ ਜਿਥੇ ਤੰਗ ਰਾਸਤੇ ਕਾਰਣ ਮਰੀਜ਼ਾਂ ਅਤੇ ਐਂਬੂਲੈਂਸਾਂ ਨੂੰ ਆਉਣ ਜਾਣ ਵਿੱਚ ਬਹੁਤ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ।
ਉਨਾਂ ਕਿਹਾ ਕਿ ਇਸ ਲਈ ਇਸ ਸਰਕਾਰੀ ਜਗਾ ਉਪਰ ਜੋ ਨਜਾਇਜ਼ ਕਬਜੇ ਹਨ ਉਨਾਂ ਨੂੰ ਹਟਾਉਣ ਲਈ ਮਾਨਸਾ ਦੀਆਂ ਸਾਰੀਆਂ ਸਮਾਜਿਕ, ਰਾਜਨੀਤਿਕ ਅਤੇ ਸੰਘਰਸ਼ਸ਼ੀਲ ਜਥੇਬੰਦੀਆਂ ਨੂੰ ਨਾਲ ਲੈ ਕੇ ਅਗਾਂਹ ਦੀ ਰਣਨੀਤੀ ਬਣਾਈ ਜਾਵੇਗੀ। ਉਨਾਂ ਕਿਹਾ ਕਿ ਇਸ ਮਸਲੇ ਨੂੰ ਲੈਕੇ ਹੋਰ ਉੱਚ ਅਫਸਰਾਂ ਨੂੰ ਵੀ ਮਿਲਿਆ ਜਾਵੇਗਾ ਅਤੇ ਲੋੜ ਪੈਣ ਤੇ ਅਦਾਲਤ ਵਿੱਚ ਵੀ ਪੈਰਵੀ ਕੀਤੀ ਜਾਏਗੀ ਅਤੇ ਸਾਰੀਆਂ ਜਥੇਬੰਦੀਆਂ ਸੰਘਰਸ਼ ਵਿੱਢਣ ਲਈ ਵੀ ਤਿਆਰ ਹਨ। ਇਸ ਸਮੇਂ ਸੰਵਿਧਾਨ ਬਚਾਓ ਮੰਚ ਦੇ ਆਗੂ ਗੁਰਲਾਭ ਸਿੰਘ ਮਾਹਲ ਐਡਵੋਕੇਟ, ਡਾ. ਧੰਨਾ ਮੱਲ ਗੋਇਲ ਪ੍ਰਧਾਨ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ, ਕਿ੍ਰਸ਼ਨ ਚੌਹਾਨ ਸੀਪੀਆਈ, ਆਤਮਾ ਸਿੰਘ ਪਮਾਰ ਬੀਐਸਪੀ, ਕਾ. ਮੇਜਰ ਸਿੰਘ ਦੂਲੋਵਾਲ ਸੀਪੀਆਈ (ਪਾਸਲਾ), ਗੋਰਾ ਲਾਲ ਅਤਲਾ ਅਤੇ ਈਸ਼ਵਰ ਦਾਸ ਐਡਵੋਕੇਟ ਆਦਿ ਹਾਜ਼ਰ ਸਨ।