ਦੂਜੇ ਸੂਬਿਆਂ ਤੋਂ ਪੰਜਾਬ ਆਉਣ ਵਾਲੇ ਸੂਬੇ ਦੇ ਨਿਵਾਸੀਆਂ ਨੂੰ ਘਰ ਵਿੱਚ ਅਲੱਗ ਰੱਖਿਆ ਜਾਵੇਗਾ ਜੇਕਰ ਕੋਰੋਨਾ ਵਾਇਰਸ ਦੇ ਲੱਛਣ ਨਾ ਪਾਏ ਗਏ
ਐਸ ਏ ਐਸ ਨਗਰ, 31 ਮਾਰਚ 2020: ਸੋਮਵਾਰ ਨੂੰ ਨਯਾਗਾਓਂ ਨਿਵਾਸੀ ਇੱਕ 65 ਸਾਲਾ ਓਮ ਪ੍ਰਕਾਸ਼ ਨਾਮੀ ਜਿਸ ਨੂੰ ਵਿਅਕਤੀ ਨੂੰ ਕੋਰੋਨਾਵਾਇਰਸ ਪਾਜ਼ੇਟਿਵ ਪਾਇਆ ਗਿਆ ਸੀ, ਦੀ ਅੱਜ ਮੌਤ ਹੋ ਗਈ। ਜਿਕਰਯੋਗ ਹੈ ਕਿ ਉਸਦਾ ਇਲਾਜ ਪੀਜੀਆਈ ਵਿਖੇ ਚੱਲ ਰਿਹਾ ਸੀ।
ਉਸ ਦੇ ਸੰਪਰਕ ਵਿੱਚ ਆਉਣ ਵਾਲੇ 31 ਵਿਅਕਤੀਆਂ ਨੂੰ ਸਿਹਤ ਵਿਭਾਗ ਦੇ ਅਧਿਕਾਰੀਆਂ ਦੀ ਨਿਗਰਾਨੀ ਹੇਠ ਘਰੇਲੂ ਕੁਆਰੰਟੀਨ ਹੇਠ ਰੱਖਿਆ ਗਿਆ ਹੈ। ਇਸ ਤੋਂ ਇਲਾਵਾ, ਸੋਮਵਾਰ ਨੂੰ ਕੋਰੋਨਾਵਾਇਰਸ ਪਾਜ਼ੇਟਿਵ ਪਾਏ ਗਏ ਸੈਕਟਰ -30 ਬੀ ਚੰਡੀਗੜ੍ਹ ਦੇ ਵਸਨੀਕ ਦੇ ਸੰਪਰਕ ਵਿੱਚ ਆਏ ਮੁਹਾਲੀ ਦੇ ਵਸਨੀਕ 18 ਵਿਅਕਤੀਆਂ ਨੂੰ ਵੀ ਘਰ ਵਿੱਚ ਅਲੱਗ ਰੱਖਿਆ ਗਿਆ ਹੈ।
ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦਾ ਧਿਆਨ ਬਿਮਾਰੀ ਨੂੰ ਰੋਕਣ, ਇਸ ਦੀ ਲੜੀ ਨੂੰ ਤੋੜਨ ਅਤੇ ਇਸ ਤਰ੍ਹਾਂ ਇਸ ਨੂੰ ਨਵੇਂ ਖੇਤਰਾਂ ਵਿੱਚ ਫੈਲਣ ਤੋਂ ਰੋਕਣ ਵੱਲ ਕੇਂਦਰਤ ਹੈ।
ਉਨ੍ਹਾਂ ਇਹ ਵੀ ਦੱਸਿਆ ਕਿ ਮਹਾਂਮਾਰੀ ਬਿਮਾਰੀ ਐਕਟ 1897 ਅਧੀਨ ਬਣਾਏ ਗਏ ਨਿਯਮਾਂ ਦੇ ਤਹਿਤ, ਉਹ ਵਿਅਕਤੀ, ਜੋ ਪੰਜਾਬ ਦੇ ਵਸਨੀਕ ਹਨ ਅਤੇ ਦੂਜੇ ਸੂਬਿਆਂ ਤੋਂ ਪੰਜਾਬ ਆਏ, ਦੀ ਸਕ੍ਰੀਨਿੰਗ ਕੀਤੀ ਜਾਵੇਗੀ ਅਤੇ ਜੇ ਉਹਨਾਂ ਵਿੱਚ ਲੱਛਣ ਨਾ ਪਾਏ ਗਏ ਤਾਂ ਉਨ੍ਹਾਂ ਨੂੰ 14 ਦਿਨਾਂ ਲਈ ਘਰ ਵਿੱਚ ਅਲੱਗ ਰੱਖਿਆ ਜਾਵੇਗਾ, ਸਮੇਤ ਉਨ੍ਹਾਂ ਵਿਅਕਤੀਆਂ ਦੇ ਜੋ ਕਿ ਉਸ ਘਰ ਵਿੱਚ ਰਹਿੰਦੇ ਹਨ ਜਿੱਥੇ ਅਜਿਹੇ ਵਿਅਕਤੀ ਨੂੰ ਰੱਖਿਆ ਗਿਆ ਹੈ। ਜੇਕਰ ਉਹਨਾਂ ਵਿੱਚ ਲੱਛਣ ਪਾਏ ਜਾਂਦੇ ਹਨ, ਤਾਂ ਸਰਕਾਰੀ ਸਹੂਲਤਾਂ ਵਿੱਚ ਟੈਸਟ ਕੀਤੇ ਜਾਣਗੇ ਅਤੇ ਸਿਹਤ ਵਿਭਾਗ ਦੇ ਅਜਿਹੇ ਵਿਅਕਤੀਆਂ ਦੇ ਪ੍ਰਬੰਧਨ ਲਈ ਪ੍ਰੋਟੋਕੋਲ ਦੀ ਪਾਲਣਾ ਕੀਤੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਘਰ ਦੇ ਅੰਦਰ ਰਹਿਣ ਅਤੇ ਸਮਾਜਿਕ ਦੂਰੀਆਂ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਤੋਂ ਇਲਾਵਾ ਅਫਵਾਹਾਂ 'ਤੇ ਕੋਈ ਧਿਆਨ ਨਾ ਦੇਣ। ਉਨ੍ਹਾਂ ਲੋਕਾਂ ਨੂੰ ਪ੍ਰਮਾਣਿਕ ਜਾਣਕਾਰੀ ਲਈ 'ਮੁਹਾਲੀ ਪ੍ਰਸ਼ਾਸਨ' ਦੇ ਫੇਸਬੁੱਕ ਪੇਜ ‘ਤੇ ਜਾਣ ਲਈ ਵੀ ਅਪੀਲ ਕੀਤੀ।