ਮਨਪ੍ਰੀਤ ਸਿੰਘ ਜੱਸੀ
ਅੰਮ੍ਰਿਤਸਰ,14 ਅਪ੍ਰੈਲ - ਸਰਕਾਰੀ ਮੈਡੀਕਲ ਕਾਲਜ ਤੇ ਗੁਰੂ ਨਾਨਕ ਦੇਵ ਹਸਪਤਾਲ 'ਚ ਕੋਰੋਨਾ ਵਾਇਰਸ ਤੋਂ ਪੀੜਤ ਮਰੀਜ਼ਾਂ ਦੇ ਇਲਾਜ਼ ਲਈ ਨਰਸਾਂ, ਪੈਰਾ ਮੈਡੀਕਲ ਸਟਾਫ ਤੇ ਦਰਜਾ ਚਾਰ ਕਾਮਿਆਂ ਲਈ ਸਰਕਾਰ ਵਲੋਂ ਪੀ.ਪੀ.ਈ ਕਿੱਟਾਂ ਸੈਨੇਟਾਈਜ਼ਰ, ਦਸਤਾਨੇ ਆਦਿ ਸਾਮਾਨ ਦੇਣ ਤੋਂ ਅਸਮਰਥ ਰਹਿਣ ਦਾ ਚਰਚਿਤ ਮੁੱਦਾ ਸਾਹਮਣੇ ਆਉਣ ਉਪਰੰਤ ਅੱਜ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਇਹ ਸਾਮਾਨ ਲੈ ਕੇ ਖੁਦ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਪੁੱਜੇ ਤੇ ਸਿਹਤ ਕਾਮਿਆਂ ਨੂੰ ਉਕਤ ਸਾਮਾਨ ਭੇਟ ਕਰਦਿਆਂ ਕਿਹਾ ਕਿ ਉਹ ਕੋਰੋਨਾ ਖਿਲਾਫ ਜੰਗ ਲੜ ਰਹੇ ਇਨ੍ਹਾਂ ਯੋਧਿਆਂ ਦਾ ਸਨਮਾਨ ਕਰਦੇ ਹਨ ਅਤੇ ਕੋਰੋਨਾ ਖਿਲਾਫ ਜੰਗ ਲੜਨ ਦੇ ਇਹੀ ਕਾਮੇ ਅਸਲੀ ਹੀਰੋ ਹਨ। ਉਨ੍ਹਾਂ ਕਿਹਾ ਕਿ ਇਹ ਕਾਮੇ ਅਸਲ ਸਨਮਾਨ ਦੇ ਹੱਕਦਾਰ ਨੇ ਉਨ੍ਹਾਂ ਕਿਹਾ ਕਿ 400 ਪੀ.ਪੀ.ਈ ਕਿੱਟਾਂ, 150 ਸੈਨੇਟਾਈਜ਼ਰ, ਦਸਤਾਨੇ ਆਦਿ ਦੇਣ ਲਈ ਆਏ ਹਨ।
ਉਨ੍ਹਾਂ ਕਿਹਾ ਕਿ ਉਹ ਜਲਦ ਹੀ ਸਿਹਤ ਕਾਮਿਆਂ ਲਈ ਐਮ-95 ਮਾਸਕ ਭੇਟ ਕਰਨਗੇ | ਇਸ ਤੋਂ ਇਲਾਵਾ ਉਹ ਬਾਅਦ 'ਚ ਸਿਵਲ ਹਸਪਤਾਲ ਵੀ ਗਏ ਤੇ ਉਥੇ ਵੀ ਸਿਹਤ ਕਾਮਿਆਂ ਦੀ ਹੋਂਸਲਾ ਅਫਜ਼ਾਈ ਵੀ ਕੀਤੀ ਤੇ ਲੋੜੀਂਦਾ ਸਾਮਾਨ ਉਥੇ ਵੀ ਭੇਟ ਕੀਤਾ। ਇਸ ਮੌਕੇ ਡਾਕਟਰਾਂ ਅਤੇ ਪੈਰਾ ਮੈਡੀਕਲ ਸਟਾਫ ਨੇ ਸ: ਸਿੱਧੂ ਦੀ ਸਰਾਹਨਾ ਕਰਦਿਆਂ ਕਿਹਾ ਕਿ ਬਾਕੀ ਸਿਆਸੀ ਆਗੂਆਂ ਨੂੰ ਵੀ ਇਸ ਮੁੱਦੇ 'ਤੇ ਸਿਆਸਤ ਕਰਨ ਦੀ ਥਾਂ ਹਸਪਤਾਲਾਂ 'ਚ ਮੈਡੀਕਲ ਸਾਮਾਨ ਦੇਣ ਦੀ ਪਹਿਲਕਦਮੀ ਕਰਨੀ ਚਾਹੀਦੀ ਹੈ ।