ਰਜਨੀਸ਼ ਸਰੀਨ
- 21 ਅਪਰੈਲ ਤੋਂ 6 ਤੋਂ 9 ਵਜੇ ਹੋਵੇਗੀ
- ਬੈਂਕਾਂ ’ਚ ਪਬਲਿੰਗ ਡੀਲਿੰਗ 7 ਤੋਂ 10 ਵਜੇ
- ਕਿਤਾਬਾਂ ਤੇ ਕਾਪੀਆਂ ਘਰਾਂ ’ਚ ਸਪਲਾਈ 8 ਤੋਂ 5 ਵਜੇ
- ਨੈਸ਼ਨਲ ਹਾਈਵੇਅ ਅਥਾਰਟੀ ਨੂੰ ਫ਼ਗਵਾੜਾ-ਰੂਪਨਗਰ ਰੋਡ ਦਾ ਕੰਮ ਚਲਾਉਣ ਦੀ ਆਗਿਆ
- ਸਨਅਤੀ ਅਦਾਰੇ ਤੇ ਭੱਠੇ ਪਹਿਲਾਂ ਵਾਂਗ ਹੀ ਕੰਮ ਕਰਦੇ ਰਹਿਣਗੇ
- ਸਨਅਤੀ ਇਕਾਈਆਂ ਨੂੰ ਲੈਬਰ ਲਈ ਟ੍ਰਾਂਸਪੋਰਟ ਦੀ ਸੁਵਿਧਾ
ਨਵਾਂਸ਼ਹਿਰ, 19 ਅਪਰੈਲ 2020 - ਕੋਵਿਡ-19 ਦੇ ਕਾਰਨ ਕੇਂਦਰ ਸਰਕਾਰ ਵੱਲੋਂ ਰੈਡ ਜ਼ੋਨ ’ਚ ਸ਼ਾਮਿਲ ਕੀਤੇ ਗਏ ਸ਼ਹੀਦ ਭਗਤ ਸਿੰਘ ਨਗਰ ’ਚ ਕੰਨਟੇਨਮੈਂਟ ਪਲਾਨ ਲਾਗੂ ਹੋਣ ਕਾਰਨ ਕਰਫ਼ਿਊ ਦੌਰਾਨ ਪਾਬੰਦੀਆਂ ਦਾ ਘੇਰਾ ਪਹਿਲਾਂ ਵਾਲਾ ਹੀ ਰਹੇਗਾ ਪਰੰਤੂ ਆਮ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਦੇਖਦੇ ਹੋਏ ਛੋਟ ਦੇ ਸਮੇਂ ’ਚ ਤਬਦੀਲੀ ਕਰਦੇ ਹੋਏ ਇਸ ਨੂੰ 21 ਅਪਰੈਲ ਤੋਂ ਸਵੇਰੇ 8 ਤੋਂ 11 ਵਜੇ ਦੀ ਬਜਾਏ ਸਵੇਰੇ 6 ਤੋਂ 9 ਵਜੇ ਕਰ ਦਿੱਤਾ ਗਿਆ ਹੈ। ਕਿਤਾਬਾਂ ਤੇ ਕਾਪੀਆਂ ਦੀ ਘਰਾਂ ’ਚ ਸਪਲਾਈ ਸਵੇਰੇ 8 ਤੋਂ ਸ਼ਾਮ 5 ਵਜੇ ਤੱਕ ਦੇ ਦਿੱਤੀ ਗਈ ਹੈ।
ਜ਼ਿਲ੍ਹਾ ਮੈਜਿਸਟ੍ਰੇਟ ਸ਼ਹੀਦ ਭਗਤ ਸਿੰਘ ਨਗਰ ਵਿਨੈ ਬਬਬਲਾਨੀ ਨੇ ‘ਦੀ ਐਪੀਡੈਮਿਕ ਡਿਜ਼ੀਜ਼ ਐਕਟ 1897’ ਤਹਿਤ ਇਨ੍ਹਾਂ ਕਰਫ਼ਿਊ ਪਾਬੰਦੀਆਂ ਦਾ ਖੁਲਾਸਾ ਕਰਦੇ ਹੋਏ ਦੱਸਿਆ ਕਿ ਬੈਂਕਾਂ ਦੇ ਏ ਟੀ ਐਮਜ਼ ਦਾ ਸਮਾਂ ਸਵੇਰੇ 6 ਤੋਂ 9 ਵਜੇ, ਬੈਂਕਾਂ ਚ ਪਬਲਿਕ ਡੀਲਿੰਗ ਸਵੇਰੇ 7 ਤੋਂ 10 ਵਜੇ ਅਤੇ ਕੰਮ ਕਰਨ ਦਾ ਸਮਾਂ ਦੁਪਹਿਰ 2 ਵਜੇ ਤੱਕ, ਪਿੰਡਾਂ ’ਚ ਬੀ ਸੀਜ਼ ਦੇ ਕੰਮ ਕਰਨ ਦਾ ਸਮਾਂ ਸਵੇਰੇ 8 ਤੋਂ ਸ਼ਾਮ 5 ਵਜੇ ਤੱਕ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਸਹਿਕਾਰੀ ਖੇਤੀਬਾੜੀ ਸਭਾਵਾਂ ’ਚ ਪਬਲਿਕ ਡੀਲਿੰਗ ਦਾ ਸਮਾਂ ਸਵੇਰੇ 7 ਵਜੇ ਤੋਂ 2 ਵਜੇ ਜ਼ਿਲ੍ਹੇ ’ਚ ਮੈਡੀਕਲ ਸਟੋਰਾਂ ਦੇ ਖੁੱਲ੍ਹਣ ਦੇ ਸਮੇਂ ’ਚ ਬਦਲਾਅ ਕਰਦੇ ਹੋਏ ਸਵੇਰੇ 6 ਤੋਂ 9 ਵਜੇ, ਖੇਤੀਬਾੜੀ ਨਾਲ ਸਬੰਧਤ ਕੀਟਨਾਸ਼ਕ, ਖਾਦਾਂ ਅਤੇ ਬੀਜਾਂ, ਖੇਤੀਬਾੜੀ ਉਪਕਰਣਾਂ ਦੀ ਮੁਰੰਮਤ, ਪੋਲਟਰੀ ਖਾਦ, ਟਰੱਕ ਰਿਪੇਅਰ, ਪੈਕੇਜ ਸਮੱਗਰੀ ਨਾਲ ਸਬੰਧਤ ਦੁਕਾਨਾਂ, ਲੈਬਾਰਟਰੀਆਂ ਅਤੇ ਪਸ਼ੂ ਹਸਪਤਾਲ ਵੀ 8 ਤੋਂ 11 ਦੀ ਬਜਾਏ ਸਵੇਰੇ 6 ਤੋਂ 9 ਵਜੇ ਤੱਕ ਖੁੱਲ੍ਹੇਣਗੇ।
ਦੁੱਧ ਦੀ ਸਪਲਾਈ, ਕਰਿਆਨਾ ਘਰੇਲੂ ਸਪਲਾਈ, ਆਂਡਾ ਤੇ ਪੋਲਟਰੀ ਮੀਟ ਦੀ ਸਪਲਾਈ, ਐਲ ਪੀ ਜੀ, ਜ਼ਰੂਰੀ ਵਸਤਾਂ, ਮੱਛੀ ਪੂੰਗ ਤੇ ਫ਼ੀਡ ਦੀ ਸਪਲਾਈ ਵੀ ਸਵੇਰੇ 6 ਤੋਂ 9 ਵਜੇ ਤੱਕ ਹੀ ਹੋ ਸਕੇਗੀ।
ਨਵੇਂ ਅਕਾਦਮਿਕ ਸੈਸ਼ਨ ਨਾਲ ਸਬੰਧਤ ਨਿੱਜੀ ਤੇ ਸਰਕਾਰੀ ਸਕੂਲਾਂ ਤੇ ਕਾਲਜਾਂ ਦੀਆਂ ਕਿਤਾਬਾਂ ਤੇ ਕਾਪੀਆਂ ਦੀ ਘਰਾਂ ਤੱਕ ਸਪਲਾਈ ਸਵੇਰੇ 8 ਤੋਂ ਸ਼ਾਮ 5 ਵਜੇ ਤੱਕ, ਕੋਰੀਅਰ ਸੇਵਾ ਵੀ ਸਵੇਰੇ 8 ਤੋਂ ਸ਼ਾਮ 5 ਵਜੇ ਤੱਕ ਹੋਵੇਗੀ। ਆਟਾ ਚੱਕੀਆਂ ਸਵੇਰੇ 8 ਤੋਂ ਸ਼ਾਮ 5 ਵਜੇ ਤੱਕ ਹੀ ਕੰਮ ਕਰਨਗੀਆਂ।
ਫ਼ਗਵਾੜਾ-ਰੂਪਨਗਰ ਨੈਸ਼ਨਲ ਹਾਈਵੇਅ ਅਥਾਰਟੀ ਵੱਲੋਂ ਦਿੱਤੇ ਬੇਨਤੀ ਪੱਤਰ ਨੂੰ ਵਿਚਾਰਦੇ ਹੋਏ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਕੰਮ ਸ਼ੁਰੂ ਕਰਨ ਦੀ ਆਗਿਆ ਦੇਣ ਦਾ ਫ਼ੈਸਲਾ ਲਿਆ ਗਿਆ।
ਇਸ ਤੋਂ ਇਲਾਵਾ ਜ਼ਿਲ੍ਹੇ ਦੇ ਸਰਕਾਰੀ ਅਦਾਰਿਆਂ ’ਚ ਚੱਲ ਰਹੇ ਵੱਡੇ ਵਿਕਾਸ ਪ੍ਰਾਜੈਕਟ ਜੋ ਕਰਫ਼ਿਊ ਕਾਰਨ ਠੱਪ ਹੋ ਗਏ ਸਨ, ਨੂੰ ਮੁੜ ਤੋਂ ਸ਼ੁਰੂ ਕਰਨ ਲਈ ਉਨ੍ਹਾਂ ਨੂੰ ਆਪਣੀਆਂ ਤਜ਼ਵੀਜ਼ਾਂ ਪੇਸ਼ ਕਰਨ ਦੀ ਹਦਾਇਤ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ’ਚ ਉਦਯੋਗਿਕ ਅਦਾਰਿਆਂ ਅਤੇ ਭੱਠਿਆਂ ਜਿਨ੍ਹਾਂ ਨੂੰ ਪਹਿਲਾ ਆਪਣੀ ਲੇਬਰ ਕੁਆਰਨਟਾਈਨ ਕਰਨ ਦੀ ਸ਼ਰਤ ’ਤੇ ਮਨਜੂਰੀ ਦਿੱਤੀ ਗਈ ਸੀ, ਦੇ ਹੁਕਮਾਂ ’ਚ ਅੰਸ਼ਿਕ ਸੋਧ ਕਰਦਿਆਂ ਉਸਯੋਗਿਕ ਅਦਾਰਿਆਂ ਨੂੰ ਲੇਬਰ ਨੂੰ ਟ੍ਰਾਂਸਪੋਰਟ ਸੁਵਿਧਾ ਮੁਹੱਈਆ ਕਰਵਾਉਣ ਦੀ ਛੋਟ ਦੇ ਦਿੱਤੀ ਗਈ ਹੈ।