ਰਜਨੀਸ਼ ਸਰੀਨ
- ਉੱਤਰ ਪ੍ਰਦੇਸ਼ ਲਈ ਮੋਹਾਲੀ ਅਤੇ ਮੱਧ ਪ੍ਰਦੇਸ਼ ਲਈ ਫ਼ਤਿਹਗੜ੍ਹ ਸਾਹਿਬ ਤੋਂ ਬਿਠਾਇਆ ਗਿਆ ਟ੍ਰੇਨਾਂ ’ਚ
- ਜ਼ਿਲ੍ਹੇ ’ਚੋਂ 17 ਬੱਸਾਂ ਰਾਹੀਂ ਭੇਜਿਆ ਗਿਆ ਪ੍ਰਵਾਸੀਆਂ ਨੂੰ ਰੇਲਵੇ ਸਟੇਸ਼ਨਾਂ ’ਤੇ
ਨਵਾਂਸ਼ਹਿਰ, 15 ਮਈ 2020 - ਕੋਰੋਨਾ ਵਾਇਰਸ ਲਾਕਡਾਊਨ ਦੇ ਚਲਦਿਆਂ ਆਪਣੇ ਰਾਜਾਂ ਨੂੰ ਜਾਣ ਦੇ ਚਾਹਵਾਨ 370 ਪ੍ਰਵਾਸੀਆਂ ਨੂੰ ਅੱਜ ਜ਼ਿਲ੍ਹਾ ਪ੍ਰਸ਼ਾਸਨ ਸ਼ਹੀਦ ਭਗਤ ਸਿੰਘ ਨਗਰ ਵੱਲੋਂ 17 ਬੱਸਾਂ ਰਾਹੀਂ ਮੋਹਾਲੀ ਅਤੇ ਫ਼ਤਿਹਗੜ੍ਹ ਸਾਹਿਬ ਦੇ ਰੇਲਵੇ ਸਟੇਸ਼ਨਾਂ ਲਈ ਰਵਾਨਾ ਕੀਤਾ ਗਿਆ।
ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਅਨੁਸਾਰ ਇਨ੍ਹਾਂ ’ਚੋਂ 315 ਪ੍ਰਵਾਸੀਆਂ ਨੂੰ ਮੋਹਾਲੀ ਰੇਲਵੇ ਸਟੇਸ਼ਨ ਅਤੇ 55 ਪ੍ਰਵਾਸੀਆਂ ਨੂੰ ਫ਼ਤਿਹਗੜ੍ਹ ਸਾਹਿਬ ਦੇ ਰੇਲਵੇ ਸਟੇਸ਼ਨ ’ਤੇ ਪਹੁੰਚਾਇਆ ਗਿਆ।
ਐਸ ਡੀ ਐਮ ਨਵਾਂਸ਼ਹਿਰ ਜਗਦੀਸ਼ ਸਿੰਘ ਜੌਹਲ ਨੇ ਦੱਸਿਆ ਕਿ ਨਵਾਂਸ਼ਹਿਰ ਤੋਂ ਯੂ ਪੀ ਲਈ ਅੱਜ ਸਵੇਰੇ 261 ਵਿਅਕਤੀਆਂ ਨੂੰ ਅਤੇ ਮੱਧ ਪ੍ਰਦੇਸ਼ ਲਈ ਅੱਜ ਦੁਪਹਿਰ 31 ਵਿਅਕਤੀਆਂ ਨੂੰ ਰਵਾਨਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਦੂਸਰੇ ਰਾਜਾਂ ਦੀਆਂ ਸਰਕਾਰਾਂ ਤੋਂ ਇਨ੍ਹਾਂ ਪ੍ਰਵਾਸੀ ਵਿਅਕਤੀਆਂ ਨੂੰ ਆਪਣੇ ਰਾਜ ਦਾਖਲ ਹੋਣ ਲਈ ਭੇਜੀ ਜਾਣ ਵਾਲੀ ਸਹਿਮਤੀ ਦੇ ਮੱਦੇਨਜ਼ਰ ਵਿਸ਼ੇਸ਼ ਟ੍ਰੇਨਾਂ ਰਾਹੀਂ ਇਨ੍ਹਾਂ ਦੀ ਸੁਰੱਖਿਤ ਵਾਪਸੀ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਡੀ ਐਸ ਪੀ ਹਰਨੀਲ ਸਿੰਘ ਅਤੇ ਤਹਿਸੀਲਦਾਰ ਕੁਲਵੰਤ ਸਿੰਘ ਤੇ ਸਿਹਤ ਵਿਭਾਗ ਦੀ ਟੀਮ ਮੌਜੂਦ ਸੀ।
ਬਲਾਚੌਰ ਦੇ ਐਸ ਡੀ ਐਮ ਜਸਬੀਰ ਸਿੰਘ ਅਨੁਸਾਰ ਅੱਜ ਸਵੇਰੇ ਉੱਤਰ ਪ੍ਰਦੇਸ਼ ਜਾਣ ਲਈ ਮੋਹਾਲੀ ਰੇਲਵੇ ਸਟੇਸ਼ਨ ਲਈ ਤਿੰਨ ਬੱਸਾਂ ’ਚ 82 ਪ੍ਰਵਾਸੀਆਂ ਨੂੰ ਰਵਾਨਾ ਕੀਤਾ ਗਿਆ ਜਦਕਿ ਦੁਪਹਿਰ ਨੂੰ ਮੱਧ ਪ੍ਰਦੇਸ਼ ਜਾਣ ਦੇ 13 ਚਾਹਵਾਨਾਂ ਨੂੰ ਫ਼ਤਿਹਗੜ੍ਹ ਸਾਹਿਬ ਲਈ ਰਵਾਨਾ ਕੀਤਾ ਗਿਆ। ਬੱਸਾਂ ਨੂੰ ਰਵਾਨਾ ਕਰਨ ਮੌਕੇ ਤਹਿਸੀਲਦਾਰ ਚੇਤਨ ਬੰਗੜ ਅਤੇ ਹੋਰ ਅਧਿਕਾਰੀ ਮੌਜੂਦ ਸਨ।
ਐਸ ਡੀ ਐਮ ਬੰਗਾ ਗੌਤਮ ਜੈਨ ਨੇ ਦੱਸਿਆ ਕਿ ਬੰਗਾ ਤੋਂ ਅੱਜ ਸਵੇਰੇ ਯੂ ਪੀ ਜਾਣ ਲਈ ਦੋ ਬੱਸਾਂ ਰਾਹੀਂ 62 ਪ੍ਰਵਾਸੀਆਂ ਨੂੰ ਮੋਹਾਲੀ ਰੇਲਵੇ ਸਟੇਸ਼ਨ ਤੱਕ ਛੱਡਿਆ ਗਿਆ ਜਦਕਿ ਦੁਪਹਿਰ ਮੌਕੇ ਮੱਧ ਪ੍ਰਦੇਸ਼ ਜਾਣ ਵਾਲੇ 11 ਪ੍ਰਵਾਸੀਆਂ ਨੂੰ ਫ਼ਤਿਹਗੜ੍ਹ ਸਾਹਿਭ ਰੇਲਵੇ ਸਟੇਸ਼ਨ ਭੇਜਿਆ ਗਿਆ।
ਡਿਪਟੀ ਕਮਿਸ਼ਨਰ ਸ੍ਰੀ ਬਬਲਾਨੀ ਅਨੁਸਾਰ ਤਿੰਨਾਂ ਸਬ ਡਵੀਜ਼ਨਾਂ ’ਚੋਂ ਆਪੋ-ਆਪਣੇ ਰਾਜਾਂ ਨੂੰ ਜਾਣ ਦੇ ਚਾਹਵਾਨ ਪ੍ਰਵਾਸੀ ਵਿਅਕਤੀਆਂ ਦੀ ਮੈਡਕਲ ਸਕ੍ਰੀਨਿੰਗ ਬਾਅਦ ਉਨ੍ਹਾਂ ਨੂੰ ਸਬੰਧਤ ਰੇਲਵੇ ਸਟੇਸ਼ਨ ਤੱਕ ਛੱਡਣ ਦੀ ਜ਼ਿੰਮੇਂਵਾਰੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਐਸ ਡੀ ਐਮਜ਼ ਰਾਹੀਂ ਨਿਭਾਈ ਜਾ ਰਹੀ ਹੈ।