ਰਜਨੀਸ਼ ਸਰੀਨ
- ਸਰਵੇਲੈਂਸ ਆਫ਼ ਟ੍ਰੈਵਲਰਜ਼ ਆਨਲਾਈਨ ਪੋਰਟਲ ਰਾਹੀਂ ਹਰੇਕ ਨਾਕੇ ’ਤੇ ਇਲੈਕਟ੍ਰਾਨਿਕ ਫ਼ਾਰਮ ’ਚ ਭਰੀ ਜਾਵੇਗੀ ਜ਼ਿਲ੍ਹੇ ’ਚ ਦਾਖਲ ਹੋਣ ਵਾਲੇ ਦੀ ਜਾਣਕਾਰੀ
- 14 ਨਾਕਿਆਂ ’ਤੇ 14 ਟੈਬ ਰਾਹੀਂ ਰੱਖੀ ਜਾਵੇਗੀ ਜਾਣਕਾਰੀ
ਨਵਾਂਸ਼ਹਿਰ, 6 ਮਈ 2020 - ਜ਼ਿਲ੍ਹਾ ਪੁਲਿਸ ਨੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ’ਚ ਬਾਹਰੋਂ ਆਉਣ ਵਾਲੇ ਵਿਅਕਤੀਆਂ ’ਤੇ ਕੋਵਿਡ-19 ਦੇ ਮੱਦੇਨਜ਼ਰ ਨਿਗਰਾਨੀ ਰੱਖਣ ਲਈ ਅੱਜ ਸਟੋਪ ਕੋਵਿਡ-19 (ਸਰਵੇਲੈਂਸ ਆਫ਼ ਟ੍ਰੈਵਲਰਜ਼ ਆਨਲਾਈਨ ਪੋਰਟਲ) ਐਪ ਜਾਰੀ ਕੀਤੀ ਹੈ, ਜਿਸ ਤਹਿਤ ਜ਼ਿਲ੍ਹਾ ਪੁਲਿਸ ਦੇ ਸਾਰੇ 14 ਨਾਕਿਆਂ ’ਤੇ ਟੈਬ ਰਾਹੀਂ ਬਾਹਰੋਂ ਆਉਣ ਵਾਲੇ ਵਿਅਕਤੀਆਂ ਦਾ ਇਲੈਕਟ੍ਰਾਨਿਕ ਫ਼ਾਰਮ ’ਚ ਡਾਟਾ ਰੱਖਿਆ ਜਾਵੇਗਾ।
ਅੱਜ ਸ਼ਾਮ ਆਪਣੇ ਦਫ਼ਤਰ ਵਿਖੇ ਇਸ ਪੋਰਟਲ ਨੂੰ ਜਾਰੀ ਕਰਦਿਆਂ ਐਸ ਐਸ ਪੀ ਸ੍ਰੀਮਤੀ ਅਲਕਾ ਮੀਨਾ ਨੇ ਦੱਸਿਆ ਕਿ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਹਰੇਕ ਆਉਣ ਵਾਲੇ ਵਿਅਕਤੀ ਦੀ ਕੋਵਿਡ ਦੇ ਮੱਦੇਨਜ਼ਰ ਮੈਡੀਕਲ ਸਕ੍ਰੀਨਿੰਗ ਲਾਜ਼ਮੀ ਕਰਨ ਮੌਕੇ ਉਸ ਦੀ ਸਾਰੀ ਜਾਣਕਾਰੀ ਦਾ ਇੰਦਰਾਜ਼ ਰਜਿਸਟਰ ’ਚ ਕਰਨ ਲਈ ਵੀ ਕਿਹਾ ਗਿਆ ਸੀ। ਜ਼ਿਲ੍ਹਾ ਪੁਲਿਸ ਵੱਲੋਂ ਇਸ ਨੂੰ ਹੋਰ ਸੁਖਾਲਾ ਬਣਾਉਂਦੇ ਹੋਏ ਇਹ ਸਾਫ਼ਟਵੇਅਰ ਵਿਕਸਿਤ ਕਰਵਾਇਆ ਗਿਆ, ਜਿਸ ਨਾਲ ਹੁਣ ਹਰੇਕ ਵਿਅਕਤੀ ਦਾ ਡਾਟਾ ਆਨਲਾਈਨ ਹੀ ਭਰ ਲਿਆ ਜਾਵੇਗਾ ਅਤੇ ਟੈਬ ’ਤੇ ਭਰਨ ਦੇ ਨਾਲ ਹੀ ਉਨ੍ਹਾਂ ਕੋਲ ਅਤੇ ਹੋਰ ਪੁਲਿਸ ਅਧਿਕਾਰੀਆਂ ਕੋਲ ਇਸ ਦੀ ਨਾਲ ਦੀ ਨਾਲ ਜਾਣਕਾਰੀ ਆਉਂਦੀ ਰਹੇਗੀ।
ਉਨ੍ਹਾਂ ਇਸ ਮੌਕੇ ਆਨਲਾਈਨ ਪੋਰਟਲ ’ਤੇ ਜ਼ਿਲ੍ਹੇ ਦੇ ਵੱਖ-ਵੱਖ ਨਾਕਿਆਂ ’ਤੇ ਭਰੀ ਜਾ ਰਹੀ ਜਾਣਕਾਰੀ ਦਿਖਾਉਂਦਿਆਂ ਦੱਸਿਆ ਕਿ ਇਸ ਨਾਲ ਜ਼ਿਲ੍ਹਾ ਪੁਲਿਸ ਨੂੰ ਨਾਕਿਆਂ ਤੋਂ ਹੀ ਇਹ ਜਾਣਕਾਰੀ ਮਿਲ ਜਾਵੇਗੀ ਕਿ ਕਿਹੜਾ ਵਿਅਕਤੀ ਦੂਸਰੇ ਰਾਜ ’ਚੋਂ ਆਇਆ ਹੈ ਅਤੇ ਕਿਹੜਾ ਨਾਲ ਦੇ ਜ਼ਿਲ੍ਹੇ ’ਚੋਂ ਆਇਆ ਹੈ। ਇਹ ਐਪ ਉਨ੍ਹਾਂ ਵਿਅਕਤੀਆਂ ਜਿਹੜੇ ਬਿਨਾਂ ਪਾਸ ਤੋਂ ਬਾਹਰੋਂ ਜ਼ਿਲ੍ਹੇ ’ਚ ਦਾਖਲ ਹੋ ਰਹੇ ਹਨ, ਨੂੰ ਕੁਆਰਨਟਾਈਨ ਕਰਵਾਉਣ ’ਚ ਮੱਦਦਗਾਰ ਸਿੱਧ ਹੋਵੇਗੀ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ’ਚ ਸਥਿਤ ਇਨ੍ਹਾਂ 14 ਨਾਕਿਆਂ ’ਚ ਨਵਾਂਸ਼ਹਿਰ ਸਬ ਡਵੀਜ਼ਨ ’ਚ ਫ਼ਿਲੌਰ ਨਵਾਂਸ਼ਹਿਰ ਰੋਡ ’ਤੇ ਚੱਕਦਾਨਾ, ਮੱਤੇਵਾਵਾਂ ਪੁੱਲ, ਮਾਛੀਵਾੜਾ-ਰਾਹੋਂ ਪੁੱਲ ’ਤੇ ਕਨੌਣ, ਗੜ੍ਹਸ਼ੰਕਰ-ਹੁਸ਼ਿਆਰਪੁਰ ਰੋਡ ’ਤੇ ਅਲਾਚੌਰ, ਬੰਗਾ ਸਬ ਡਵੀਜ਼ਨ ’ਚ ਬੇਈਂ ਪੁੱਲ ’ਤੇ ਕਟਾਰੀਆਂ, ਫ਼ਗਵਾੜਾਂ-ਬੰਗਾ ਰੋਡ ’ਤੇ ਮੇਹਲੀ, ਗੜ੍ਹਸ਼ੰਕਰ-ਬੰਗਾ ਰੋਡ ’ਤੇ ਕੋਟ ਪੱਤੀ, ਬੱਸ ਅੱਡਾ ਚਾਹਲ ਕਲਾਂ, ਬਲਾਚੌਰ ਸਬ ਡਵੀਜ਼ਨ ’ਚ ਬਲਾਚੌਰ-ਰੋਪੜ ਰੋਡ ’ਤੇ ਆਸਰੋਂ, ਗੜ੍ਹਸ਼ੰਕਰ-ਬਲਾਚੌਰ ਰੋਡ ’ਤੇ ਬਕਾਪੁਰ, ਸ੍ਰੀ ਆਨੰਦਪੁਰ ਸਾਹਿਬ-ਪੋਜੇਵਾਲ ਰੋਡ ’ਤੇ ਸਿੰਘਪੁਰ, ਨਵਾਂਗਰਾਂ, ਨੈਣਵਾਂ ਰੋਡ ’ਤੇ ਟਰੋਵਾਲ ਅਤੇ ਭੱਦੀ ਅੱਡੇ ’ਤੇ ਭੱਦੀ ਸ਼ਾਮਿਲ ਹਨ।
ਐਸ ਐਸ ਪੀ ਅਨੁਸਾਰ ਨਾਕਿਆਂ ’ਤੇ ਹੀ ਜ਼ਿਲ੍ਹੇ ’ਚ ਦਾਖਲ ਹੋਣ ਵਾਲੇ ਦੀ ਜਾਣਕਾਰੀ ਆਨਲਾਈਨ ਹੋਣ ਨਾਲ ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੱਡੀ ਸੁਵਿਧਾ ਮਿਲ ਗਈ ਹੈ, ਜਿਸ ਨਾਲ ਹਰ ਇੱਕ ਵਿਅਕਤੀ ਦੇ ਕਿੱਥੋਂ ਆਇਆ ਅਤੇ ਕਿੱਥੇ ਜਾਣਾ ਹੈ, ਬਾਰੇ ਵੀ ਜਾਣਕਾਰੀ ਮਿਲ ਸਕੇਗੀ। ਇਸ ਜਾਣਕਾਰੀ ਦੇ ਆਧਾਰ ’ਤੇ ਪੁਲਿਸ ਵੱਲੋਂ ਆਪਣੀਆਂ ਪੈਟਰੋਲਿੰਗ ਪਾਰਟੀਆਂ ਰਾਹੀਂ ਉਸ ਵਿਅਕਤੀ ਦੇ ਕੁਆਰਨਟਾਈਨ ਹੋਣ ਬਾਰੇ ਵੀ ਯਕੀਨੀ ਬਣਾਇਆ ਜਾਵ ਸਕੇਗਾ।
ਇਸ ਮੌਕੇ ਐਸ ਪੀ (ਡੀ) ਵਜ਼ੀਰ ਸਿੰਘ ਖਹਿਰਾ, ਡੀ ਐਸ ਪੀ (ਸਪੈਸ਼ਲ ਬ੍ਰਾਂਚ ਅਤੇ ਟ੍ਰੈਫ਼ਿਕ) ਦੀਪਿਕਾ ਸਿੰਘ ਅਤੇ ਡੀ ਐਸ ਪੀ (ਐਚ) ਨਵਨੀਤ ਕੌਰ ਗਿੱਲ ਵੀ ਮੌਜੂਦ ਸਨ।