- ਦਰਜਾ-4 ਲਈ ਕਣਕ ਅਡਵਾਂਸ ਲਈ ਵੀ ਪੱਤਰ ਹੋਵੇਗਾ ਜਾਰੀ
ਚੰਡੀਗੜ੍ਹ, ਮਿਤੀ 14 ਮਈ 2020 - ਅੱਜ ਸਰਕਾਰ ਦੇ ਘਰੋਂ ਮੁਲਾਜ਼ਮਾਂ ਦੇ ਵੱਖ ਵੱਖ ਵਰਗਾਂ ਲਈ ਰਾਹਤ ਦੀ ਖਬਰ ਹੈ। ਸਾਂਝਾ ਮੁਲਾਜ਼ਮ ਮੰਚ ਪੰਜਾਬ ਤੇ ਯੂ.ਟੀ. ਦੇ ਉਪਰਾਲਿਆਂ ਦੇ ਸਦਕਾ ਪੰਜਾਬ ਸਰਕਾਰ ਦੇ ਨਵੇਂ ਮੁਲਾਜ਼ਮਾਂ ਨੂੰ ਵੱਡੀ ਰਾਹਤ ਮਿਲਣ ਦੀ ਉਮੀਦ ਹੈ। ਮਿਤੀ 15.01.2015 ਤੋਂ ਬਾਅਦ ਭਰਤੀ ਮੁਲਾਜ਼ਮਾਂ ਦਾ ਪਰਖਕਾਲ ਦਾ ਸਮਾਂ ਸਰਵਿਸ ਵਿੱਚ ਗਿਣਨ ਸਬੰਧੀ ਮਿਸਲ ਵਿੱਤ ਵਿਭਾਗ ਤੋਂ ਕਲੀਅਰ ਹੋਣ ਵਾਲੀ ਹੈ ਅਤੇ ਜੇਕਰ ਅਜਿਹਾ ਹੁੰਦਾ ਹੈ ਤਾਂ ਹਜ਼ਾਰਾਂ ਮੁਲਾਜ਼ਮਾਂ ਨੂੰ ਇਸ ਦਾ ਲਾਭ ਹੋਵੇਗਾ। ਅੱਜ ਸਾਂਝਾ ਮੰਚ ਦੀ ਟੀਮ ਕਨਵੀਨਰ ਸੁਖਚੈਨ ਖਹਿਰਾ ਦੀ ਅਗਵਾਈ ਵਿਚ ਪ੍ਰਮੁੱਖ ਸਕੱਤਰ, ਵਿੱਤ, ਅਨਿਰੁੱਧ ਤਿਵਾੜੀ ਅਤੇ ਪ੍ਰਮੁੱਖ ਸਕੱਤਰ, ਆਮ ਰਾਜ ਪ੍ਰਬੰਧ ਵਿਭਾਗ ਅਲੋਕ ਸ਼ੇਖਰ ਨੂੰ ਮਿਲੀ।
ਵਿੱਤ ਸਕੱਤਰ ਵੱਲੋਂ ਮੰਚ ਨੂੰ ਆਸ਼ਵਾਸਨ ਦਿੱਤਾ ਗਿਆ ਕਿ ਪਰਖਕਾਲ ਦੇ ਸਮੇਂ ਨੂੰ ਬਤੌਰ ਤਜਰਬਾ ਗਿਣਨ ਸਬੰਧੀ ਫੈਸਲਾ ਲੈਣ ਲਈ ਕੇਸ ਅੰਤਿਮ ਸਟੇਜ ਤੇ ਹੈ ਅਤੇ ਜਲਦੀ ਹੀ ਇਸ ਸਬੰਧੀ ਪੱਤਰ ਜਾਰੀ ਕੀਤਾ ਜਾਵੇਗਾ। ਮੰਚ ਵੱਲੋਂ ਦਰਜਾ-4 ਕਰਮਚਾਰੀਆਂ ਨੂੰ ਸਾਲ 2020 ਲਈ ਕਣਕ ਲੋਨ ਸਬੰਧੀ ਪੱਤਰ ਜਾਰੀ ਕਰਨ ਲਈ ਵੀ ਬੇਨਤੀ ਕੀਤੀ ਜਿਸ ਤੇ ਪ੍ਰਮੁੱਖ ਸਕੱਤਰ, ਵਿੱਤ ਵੱਲੋਂ ਦੱਸਿਆ ਗਿਆ ਕਿ ਇਸ ਸਬੰਧੀ ਮਿਸਲ ਉਨ੍ਹਾਂ ਪਾਸ ਪਹੁੰਚ ਚੁੱਕੀ ਹੈ ਅਤੇ ਦਰਜਾ-4 ਮੁਲਾਜ਼ਮਾਂ ਨੂੰ ਕਣਕ ਲੋਨ ਸਬੰਧੀ ਪੱਤਰ ਸ਼ੀਘਰ ਜਾਰੀ ਕੀਤਾ ਜਾਵੇਗਾ।
ਇਸੇ ਤਰ੍ਹਾਂ ਆਊਟਸੋਰਸ ਮੁਲਾਜ਼ਮਾਂ ਦੀਆਂ ਅਸਾਮੀਆਂ 31.03.2021 ਤੱਕ ਚਲਦਾ ਰੱਖਣ ਲਈ ਪਿਛਲੇ ਕਈ ਦਿਨਾਂ ਤੋਂ ਕੋਸ਼ਿਸ਼ਾਂ ਚੱਲ ਰਹੀਆਂ ਸਨ। ਇਸ ਸਬੰਧੀ ਸਾਂਝਾ ਮੁਲਾਜ਼ਮ ਮੰਚ ਵੱਲੋਂ ਮਿਤੀ 24.04.2020 ਅਤੇ 30.04.2020 ਨੂੰ ਵਿੱਤ ਮੰਤਰੀ ਅਤੇ ਪ੍ਰਮੁੱਖ ਸਕੱਤਰ, ਵਿੱਤ ਨੂੰ ਈ-ਮੇਲ ਰਾਹੀਂ ਪੱਤਰ ਲਿਖੇ ਗਏ ਸਨ। ਵਿੱਤ ਸਕੱਤਰ ਵੱਲੋਂ ਸਾਂਝਾਂ ਮੰਚ ਨੂੰ ਆਸ਼ਵਾਸਨ ਦਿੱਤੀ ਕਿ ਇਹ ਮਾਮਲਾ ਉਨ੍ਹਾਂ ਦੇ ਵਿਚਾਰ ਅਧੀਨ ਹੈ। ਇਸ ਸਬੰਧੀ ਪੱਤਰ ਮਿਤੀ 08.04.2020 ਜਾਰੀ ਕੀਤਾ ਗਿਆ ਹੈ ਜਿਸ ਵਿੱਚ ਲਾਕਡਾਊਨ ਤੱਕ ਆਊਟਸੋਰਸ ਮੁਲਾਜ਼ਮਾਂ ਨੂੰ ਘਰ ਵਿੱਚ ਰਹਿਣ ਅਤੇ ਉਨ੍ਹਾਂ ਦੇ ਸੇਵਾ ਚਲਦੀ ਰੱਖਣ ਲਈ ਲਿਖਿਆ ਗਿਆ ਸੀ। ਪ੍ਰੰਤੂ, ਹੁਣ ਜਲਦੀ ਹੀ ਆਊਟਸੋਰਸ ਅਸਾਮੀਆਂ ਨੂੰ ਮਿਤੀ 31.03.2021 ਤੱਕ ਚੱਲਦਾ ਰੱਖਣ ਲਈ ਪੱਤਰ ਜਾਰੀ ਕੀਤਾ ਜਾਵੇਗਾ।
ਦੱਸਣਯੋਗ ਹੈ ਕਿ ਕੋਵਿਡ 19 ਦੇ ਸਹਿਮ ਦੇ ਚਲਦਿਆਂ ਕੁੱਝ ਮੁਲਾਜ਼ਮਾਂ ਆਪਣੀਆਂ ਡਿਊਟੀਆਂ ਕਰਨ ਵਿੱਚ ਅਸਮਰਥ ਰਹੇ ਸਨ ਜਿਨ੍ਹਾਂ ਵਿਰੁੱਧ ਸਕੱਤਰੇਤ ਪ੍ਰਸ਼ਾਸਨ ਵੱਲੋਂ ਅਨੁਸਾਸਨੀ ਕਾਰਵਾਈ ਅਰੰਭੀ ਗਈ ਸੀ। ਸਾਂਝਾ ਮੰਚ ਵੱਲੋਂ ਸਕੱਤਰੇਤ ਪ੍ਰਸ਼ਾਸਨ ਦੇ ਮੁਖੀ ਸ਼੍ਰੀ ਆਲੋਕ ਸੇ਼ਖਰ ਨੂੰ ਬੇਨਤੀ ਕੀਤੀ ਕਿ ਮੁਲਾਜ਼ਮ ਕੋਵਿਡ 19 ਕਰਕੇ ਲੱਗੇ ਲਾਕਡਾਊਨ ਕਾਰਨ ਆਪਣੀਆਂ ਡਿਊਟੀਆਂ ਤੇ ਨਹੀਂ ਪਹੁੰਚ ਸਕੇ ਸਨ। ਇਸੇ ਤਰ੍ਹਾਂ ਨਿੱਜੀ ਅਮਲੇ ਵਿਰੁੱਧ ਵੀ ਅਨੁਸ਼ਾਸਨੀ ਕਾਰਵਾਈ ਨੂੰ ਡਰਾਪ ਕਰਨ ਲਈ ਬੇਨਤੀ ਕੀਤੀ ਗਈ। ਉਨ੍ਹਾਂ ਮੁਲਾਜ਼ਮਾਂ ਪ੍ਰਤੀ ਨਰਮ ਵਤੀਰਾ ਅਪਣਾਉਂਦਿਆਂ ਇਹ ਅਨੁਸ਼ਾਸਨੀ ਕਾਰਵਾਈ ਡਰਾਪ ਕਰਨ ਲਈ ਬੇਨਤੀ ਕੀਤੀ।
ਖਹਿਰਾ ਨੇ ਦੱਸਿਆ ਕਿ ਪੰਜਾਬ ਸਿਵਲ ਸਕੱਤਰੇਤ ਵਿੱਖ ਸਹਾਇਕ ਤੋਂ ਸੁਪਰਡੰਟ ਪਦ ਉੱਨਤੀ ਸਬੰਧੀ ਵੀ ਪ੍ਰਮੁੱਖ ਸਕੱਤਰ, ਸਕੱਤਰੇਤ ਪ੍ਰਸ਼ਾਸਨ ਵੱਲੋਂ ਜਲਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਸਰਕਾਰ ਨੂੰ ਇਹ ਅਪੀਲ ਵੀ ਕੀਤੀ ਕਿ ਹਦਾਇਤਾਂ ਅਨੁਸਾਰ ਹੁਣ ਸਰਕਾਰੀ ਦਫਤਰਾਂ ਵਿੱਚ 33% ਸਟਾਫ ਹਾਜਿਰ ਹੋ ਰਿਹਾ ਹੈ। ਰਾਜ ਵਿੱਚ ਸਰਕਾਰੀ ਬੱਸਾਂ ਅਤੇ ਆਟੋ ਨਾ ਚੱਲਣ ਕਰਕੇ ਕਰਮਚਾਰੀਆਂ ਨੂੰ ਦਫਤਰ ਆਉਣ ਵਿੱਚ ਭਾਰੀ ਪਰੇਸ਼ਾਨੀ ਆ ਰਹੀ ਹੈ। ਅਜਿਹੇ ਕਰਮਚਾਰੀਆਂ ਲਈ ਨੇੜਲੇ ਇਲਾਕਿਆਂ ਜਿਵੇਂ ਪੰਚਕੂਲਾ, ਖਰੜ, ਡੇਰਾ ਬੱਸੀ ਅਤੇ ਮੁਹਾਲੀ ਤੋਂ ਸਰਕਾਰੀ ਬੱਸਾਂ ਤੁਰੰਤ ਚਲਾਈਆਂ ਜਾਣ। ਇਸ ਮੌਕੇ ਮਨਦੀਪ ਸਿੰਘ ਸਿੱਧੂ, ਦਲਜੀਤ ਸਿੰਘ, ਸੁਸ਼ੀਲ ਕੁਮਾਰ, ਬਲਰਾਜ ਸਿੰਘ ਦਾਊਂ, ਮਹੇਸ਼ ਚੰਦਰ, ਜਸਵੀਰ ਕੌਰ, ਮਲਕੀਤ ਸਿੰਘ ਔਜਲਾ ਅਤੇ ਗੁਰਪ੍ਰੀਤ ਸਿੰਘ ਆਦਿ ਹਾਜਿਰ ਸਨ।