ਜਾਨ ਤੋਂ ਮਾਰ ਦੇਣ ਦੀ ਨੀਯਤ ਨਾਲ ਕੀਤਾ ਕਿਰਪਾਨ ਦਾ ਵਾਰ, ਅੱਗੋਂ ਹੱਥ ਕਰ ਕੇ ਬਚਾਈ ਜਾਨ
ਹਰਿੰਦਰ ਨਿੱਕਾ
ਬਰਨਾਲਾ 11 ਮਈ 2020 - ਜ਼ਿਲ੍ਹੇ ਦੇ ਪਿੰਡ ਧੂਰਕੋਟ ਚ, ਨਸ਼ਾ ਕਰਨ ਲਈ ਪੈਸੇ ਦੇਣ ਤੋਂ ਮਨ੍ਹਾ ਕਰਨ ਵਾਲੇ ਨੌਜਵਾਨ ਨੂੰ ਤਿੰਨ ਨਸ਼ੇੜੀਆਂ ਨੇ ਘੇਰ ਕੇ ਕੁਟਾਪਾ ਚਾੜ੍ਹ ਦਿੱਤਾ। ਕੁੱਟਮਾਰ ਕਰਨ ਤੋਂ ਬਾਅਦ ਦੋਸ਼ੀ ਜਾਨ ਤੋਂ ਮਾਰ ਦੇਣ ਦੀਆਂ ਧਮਕੀਆਂ ਦਿੰਦੇ ਹੋੲ ਫਰਾਰ ਹੋ ਗਏ। ਪੁਲਿਸ ਨੇ ਦੋਸ਼ੀਆਂ ਖਿਲਾਫ ਕੇਸ ਦਰਜ਼ ਕਰਕੇ ਉਨ੍ਹਾਂ ਦੀ ਤਲਾਸ਼ ਵੀ ਸ਼ੁਰੂ ਕਰ ਦਿੱਤੀ। ਸਿਵਲ ਹਸਪਤਾਲ ਤਪਾ ਚ, ਭਰਤੀ ਹਰਮਨਪ੍ਰੀਤ ਸਿੰਘ ਪੁੱਤਰ ਅਮਰੀਕ ਸਿੰਘ ਨਿਵਾਸੀ ਪਿਰਥਾ ਪੱਤੀ ਧੂਰਕੋਟ ਨੇ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਦੇ ਰਹਿਣ ਵਾਲੇ ਨਵਨੂਰ ਸਿੰਘ ਉਰਫ ਸ਼ਿੰਦਾ, ਦਲਵੀਰ ਸਿੰਘ ਤੇ ਰੁਪਿੰਦਰ ਸਿੰਘ ਰੂਪੀ ਨਸ਼ਾ ਕਰਨ ਦੇ ਆਦੀ ਹਨ। ਕਾਫੀ ਸਮੇਂ ਦੇ ਉਹ ਉਸ ਤੋਂ ਨਸ਼ਾ ਕਰਨ ਲਈ 15/20 ਹਜ਼ਾਰ ਰੁਪੱਈਆਂ ਦੀ ਮੰਗ ਕਰ ਰਹੇ ਸੀ। ਪਰ ਮੈਂ ਨਸ਼ਾ ਕਰਨ ਲਈ ਪੈਸੇ ਦੇਣ ਤੋਂ ਕੋਰਾ ਜੁਆਬ ਦਿੰਦਾ ਰਿਹਾ । ਇੱਨ੍ਹਾਂ ਦੇ ਰਵੱਈਏ ਤੋਂ ਤੰਗ ਆ ਕੇ ਹੀ ਮੈਂ ਮਾਨਸਿਕ ਤੌਰ ਤੇ ਕਾਫੀ ਪਰੇਸ਼ਾਨ ਰਹਿਣ ਲੱਗ ਪਿਆ,ਇਸ ਸਬੰਧੀ ਮਨੋਰੋਗ ਹਸਪਤਾਲ ਚੋਂ ਮੇਰਾ ਇਲਾਜ਼ ਵੀ ਚੱਲ ਰਿਹਾ ਹੈ।
ਕਾਫੀ ਸਹਿਮੇ ਹੋਏ ਹਰਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਸਵੇਰੇ ਕਰੀਬ ਸਾਢੇ ਕੁ 5 ਵਜੇ ਆਪਣੇ ਘਰੋਂ ਬੱਸ ਸਟੈਂਡ ਲਾਗੇ ਪੈਂਦੀ ਦੁੱਧ ਦੀ ਡੇਅਰੀ ਤੇ ਦੁੱਧ ਪਾਉਣ ਲਈ ਜਾ ਰਿਹਾ ਸੀ, ਤਾਂ ਰਾਹ ਵਿੱਚ ਪਹਿਲਾਂ ਤੋਂ ਹੀ ਹਥਿਆਰਾਂ ਸਮੇਤ ਘਾਤ ਲਾ ਕੇ ਖੜ੍ਹੇ ਉਕਤ ਤਿੰਨੋਂ ਨਸ਼ੇੜੀ ਨੌਜਵਾਨਾਂ ,ਜਿਨ੍ਹਾਂ ਕੋਲ ਕਿਰਚ, ਕਿਰਪਾਨ ਤੇ ਲੋਹੇ ਦਾ ਪੰਚ ਆਦਿ ਹਥਿਆਰ ਸੀ, ਨੇ ਅੱਗੋ ਹੋ ਕੇ ਉਸ ਨੂੰ ਘੇਰ ਲਿਆ ਅਤੇ ਬੇਰਿਹਮੀ ਨਾਲ ਕੁੱਟ ਮਾਰ ਸ਼ੁਰੂ ਕਰ ਦਿੱਤੀ । ਦੋਸ਼ੀਆਂ ਨੇ ਜਾਨ ਤੋਂ ਮਾਰ ਦੇਣ ਦੀ ਨੀਯਤ ਨਾਲ ਉਸ ਦੇ ਸਿਰ ਵੱਲ ਸਿੱਧਾ ਕਿਰਪਾਨ ਦਾ ਵਾਰ ਕੀਤਾ, ਪਰ ਮੈਂ ਅੱਗੋਂ ਹੱਥ ਕਰਕੇ ਜਾਨਲੇਵਾ ਹਮਲੇ ਤੋਂ ਬਚਾਅ ਤਾਂ ਕਰ ਲਿਆ, ਪਰੰਤੂ ਕਿਰਪਾਨ ਦਾ ਵਾਰ ਮੋਢੇ ਤੇ ਲੱਗਿਆ। ਇਸੇ ਤਰਾਂ ਪੰਚ ਅਤੇ ਕਿਰਚ ਦੇ ਵਾਰ ਵੀ ਸ਼ਰੀਰ ਤੇ ਝੱਲਣੇ ਪਏ। ਇੱਨ੍ਹੇ ਚ, ਹੀ ਮੇਰਾ ਭਰਾ ਵੀ ਮੌਕੇ ਤੇ ਆ ਗਿਆ ,ਜਿਸ ਨੇ ਮੈਨੂੰ ਦੋਸ਼ੀਆਂ ਤੋਂ ਬਚਾਅ ਲਿਆ। ਦੋਸ਼ੀ ਉਸ ਨੂੰ ਫਿਰ ਕਦੇ ਜਾਨ ਤੋਂ ਮਾਰ ਦੇਣ ਦੀਆਂ ਧਮਕੀਆਂ ਦਿੰਦੇ ਹੋਏ ਆਪਣੇ ਮੋਟਰਸਾਈਕਲ ਤੇ ਫਰਾਰ ਹੋ ਗਏ। ਲਹੂ ਨਾਲ ਲੱਥਪੱਥ ਹਾਲਤ ਚ, ਉਸਨੂੰ ਤਪਾ ਹਸਪਤਾਲ ਚ, ਭਰਤੀ ਕਰਵਾਇਆ ਗਿਆ ਅਤੇ ਪੁਲਿਸ ਨੂੰ ਸੂਚਨਾ ਦਿੱਤੀ ਗਈ।
ਹਰਮਨਜੀਤ ਸਿੰਘ ਨੇ ਪੁਲਿਸ ਵੱਲੋਂ ਦਰਜ਼ ਕੀਤੇ ਮਾਮਲੇ ਤੇ ਅਸੰਤੁਸ਼ਟੀ ਪ੍ਰਗਟ ਕਰਦੇ ਹੋਏ ਕਿਹਾ ਕਿ ਪੁਲਿਸ ਨੇ ਨਾ ਤਾਂ ਜਾਨਲੇਵਾ ਹਮਲੇ ਦੀ ਧਾਰਾ ਲਗਾਈ ਹੈ ਅਤੇ ਨਾ ਹੀ ਕਰਫਿਊ ਦੀ ਉਲੰਘਣਾ ਕਰਨ ਸਬੰਧੀ ਜੁਰਮ ਆਇਦ ਕੀਤਾ ਹੈ । ਉਨ੍ਹਾਂ ਪੁਲਿਸ ਦੇ ਆਲ੍ਹਾ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਦੋਸ਼ੀਆਂ ਖਿਲਾਫ ਸਖਤ ਧਰਾਵਾਂ ਲਾ ਕੇ ਉਨ੍ਹਾਂ ਨੂੰ ਕਰੜੀ ਤੋਂ ਕਰੜੀ ਸਜਾ ਦਿੱਤੀ ਜਾਵੇ। ਉੱਧਰ ਮਾਮਲੇ ਦੇ ਤਫਤੀਸ਼ ਅਧਿਕਾਰੀ ਸਹਾਇਕ ਥਾਣੇਦਾਰ ਗੁਰਮੀਤ ਸਿੰਘ ਨੇ ਦੱਸਿਆ ਕਿ ਪੀੜਤ ਦੇ ਬਿਆਨ ਅਤੇ ਮੈਡੀਕਲ ਰਿਪੋਰਟ ਦੇ ਅਧਾਰ ਤੇ ਤਿੰਨੋਂ ਨਾਮਜਦ ਦੋਸ਼ੀਆਂ ਦੇ ਖਿਲਾਫ ਅਧੀਨ ਜੁਰਮ 323/ 341/506/34 ਆਈਪੀਸੀ ਦੇ ਤਹਿਤ ਥਾਣਾ ਰੂੜੇਕੇ ਚ, ਕੇਸ ਦਰਜ਼ ਕਰਕੇ ਦੋਸ਼ੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਜਲਦ ਹੀ ਉਨ੍ਹਾਂ ਨੂੰ ਕਾਬੂ ਕਰ ਲਿਆ ਜ਼ਾਵੇਗਾ।