ਲੁਧਿਆਣਾ, 31 ਮਾਰਚ 2020 - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਕੋਰੋਨਾ ਮਹਾਂਮਾਰੀ ਤੋਂ ਆਪਣੇ ਲੋਕਾਂ ਨੂੰ ਬਚਾਉਣ ਵਾਸਤੇ ਜੋ ਫੈਸਲੇ ਲਏ ਹਨ ਉਹਨਾ ਦੇ ਤਹਿਤ ਨਾਮਧਾਰੀ ਸਮਾਜ ਦੇ ਮੁਖੀ ਸ੍ਰੀ ਸਤਿਗੁਰੂ ਉਦੇ ਸਿੰਘ ਨੇ ਵੀ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਪਹਿਲੇ ਦਿਨ ਦੀ ਸੈਲਫ ਲਾਕਡਾਊਨ ਹੋਣ ਦੀ ਅਪੀਲ ਤੋਂ ਬਾਅਦ ਨਾਮਧਾਰੀ ਸੰਗਤ ਨੂੰ ਪੰਜਾਬ ਸਰਕਾਰ ਦੇ ਇਸ ਮਹਾਮਾਰੀ ਨਾਲ ਲੜਨ ਦੇ ਹਰ ਫੈਸਲੇ ਦੇ ਨਾਲ ਸਹਿਯੋਗ ਦੇਣ ਦਾ ਵਿਸ਼ੇਸ਼ ਹੁਕਮ ਕੀਤਾ।
ਨਾਮਧਾਰੀ ਪੰਥ ਦੇ ਦੇਸ਼ ਅਤੇ ਵਿਦੇਸ਼ ਭਰ ਦੇ ਗੁਰਦੁਆਰਿਆ ਵਿੱਚ ਸਾਰੇ ਪ੍ਰੋਗਰਾਮਾਂ ਨੂੰ ਵੀ ਉਸੇ ਦਿਨ ਤੋਂ ਸਥਗਿਤ ਕਰ ਦਿੱਤਾ ਗਿਆ ਸੀ। ਸਤਿਗੁਰੂ ਜੀ ਦੇ ਵਿਸ਼ੇਸ਼ ਹੁਕਮ ਦੁਆਰਾ ਹਰ ਨਾਮਧਾਰੀ ਪ੍ਰਸ਼ਾਸਨ ਦਾ ਹਰ ਤਰਾਂ ਨਾਲ ਸਹਿਯੋਗ ਕਰ ਰਿਹਾ ਹੈ। ਸ੍ਰੀ ਭੈਣੀ ਸਾਹਿਬ ਦੇ ਸਦਾ ਵਰਤ ਲੰਗਰ ਚੋਂ ਜਿਥੇ ਰੋਜ਼ਾਨਾ ਪੁਲਿਸ ਕਮਿਸ਼ਨਰ ਲੁਧਿਆਣਾ ਨੂੰ ਲੋਕਾਂ ਨੂੰ ਵੰਡਣ ਵਾਸਤੇ ਲੰਗਰ ਜਾ ਰਿਹਾ ਹੈ ਓਥੇ ਨਾਮਧਾਰੀ ਨੌਜਵਾਨ ਸ੍ਰੀ ਭੈਣੀ ਸਾਹਿਬ ਦੇ ਲਾਗਲੇ ਇਲਾਕਿਆਂ ਟੇਢੇਵਾਲ,ਕੋਟ,ਮੱਤੇਵਾੜਾ,ਪੰਜੇਟਾ, ਦਰਿਆ ਦੇ ਕੰਢੇ, ਕੂਮ,ਹੀਰਾਂ,ਕਟਾਣੀ,ਰਾਈਆਂ,ਲਾਟੋਂ ਆਦਿ ਇਲਾਕਿਆਂ ਵਿੱਚ ਝੁੱਗੀ ਝੋਂਪੜੀ ਚ ਰਹਿਣ ਵਾਲੇ ਜਰੂਰਤਮੰਦ ਗਰੀਬ ਲੋਕਾਂ ਨੂੰ ਰੋਜਾਨਾ ਦਾਲ਼ਾ,ਪਰਸ਼ਾਦੇ,ਸਬਜੀ,ਚਾਵਲ ਆਦਿ ਪੁਲਿਸ ਪ੍ਰਸ਼ਾਸਨ ਨਾਲ ਮਿਲ ਕੇ ਵਰਤਾ ਰਹੇ ਹਨ। ਸ੍ਰੀ ਭੈਣੀ ਸਾਹਿਬ ਪਿੰਡ ਦੇ ਸਾਰੇ ਘਰਾਂ ਨੂੰ ਸੈਨੇਟਾਈਜ ਕੀਤਾ ਗਿਆ ਹੈ ਲੋਕਾਂ ਨੂੰ ਸੈਨੇਟਾਈਜਰ ਵੰਡੇ ਗਏ ਹਨ।
ਇਸ ਤੋ ਇਲਾਵਾ ਸਤਿਗੁਰੂ ਜੀ ਦੇ ਹੁਕਮ ਅਨੁਸਾਰ ਨਾਮਧਾਰੀ ਡੇਰਾ ਰਾਹੋਂ ਰੋਡ ਪਿੰਡ ਸਸਰਾਲ਼ੀ ਜਿਲਾ ਲੁਧਿਆਣਾ ਤੋਂ ਸੰਤ ਸਤਨਾਮ ਸਿੰਘ ਦੀ ਅਗਵਾਈ ਹੇਠ ਸਸਰਾਲੀ ਇਲਾਕੇ ਦੇ ਸਾਰੇ ਪਿੰਡਾਂ ਵਿੱਚ ਜਿਥੇ ਛੜਕਾਅ ਕੀਤਾ ਗਿਆ ਹੈ ਓਥੇ ਰੋਜਾਨਾ ਇਕ ਹਜਾਰ ਆਦਮੀਆ ਦਾ ਲੰਗਰ ਤਿਆਰ ਕਰਕੇ ਆਸ ਪਾਸ ਦੇ ਪਿੰਡਿ ਵਿੱਚ ਜਿਵੇ ਕਿ ਘੁੰਮਾਣਾ,ਕਾਸਾਬਾਦ,ਮਾਣਕਾਂ,ਗੜ੍ਹੀ ਤੋਗੜਾ ਦਰਿਆ ਦੇ ਲਾਗੇ ਵਸੀ ਝੋਂਪੜ ਪੱਟੀ ਤੋਂ ਇਲਾਵਾ ਲੁਧਿਆਣਾ ਸ਼ਹਿਰ ਦੇ ਵਖੋ ਵਖ ਥਾਵਾਂ ਘੰਟਾ ਘਰ,ਢੰਡਾਰੀ,ਝਾਬੇਵਾਲ, ਦੁਮੋਰੀਆ ਪੁਲ,ਬਸ ਅੱਡਾ, ਫਿਰੋਜਪੁਰ ਰੋਡ ਆਦਿ ਤੇ ਸੈਂਕੜੇ ਹੀ ਜਰੂਰਤਮੰਦ ਲੋਕਾਂ ਤਕ ਪ੍ਰਸ਼ਾਸਨ ਦੀ ਸਹਾਇਤਾ ਨਾਲ ਲੰਗਰ ਪਸੁੰਚਾਇਆ ਜਾ ਰਿਹਾ ਹੈ।
ਇਸ ਤੋਂ ਇਲਾਵਾ ਇਕ ਹਜਾਰ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਲੋਕਾਂ ਨੂੰ ਮੁਫਤ ਰਾਸ਼ਣ ਜਿਸ ਵਿੱਚ ਦਾਲ,ਆਟਾ,ਤੇਲ,ਖੰਡ,ਚਾਵਲ ਆਦਿ ਦੇ ਪੈਕਟ ਵੰਡੇ ਗਏ ਹਨ।ਇਵੇਂ ਹੀ ਨਾਮਧਾਰੀ ਸ਼ਹੀਦੀ ਸਮਾਰਕ ਮਲੇਰਕੋਟਲਾ ਤੋਂ ਵੀ ਲੰਗਰ ਤਿਆਰ ਕਰਕੇ ਰੋਜਾਨਾ ਸੈਂਕੜੇ ਗਰੀਬ ਲੋਕਾਂ ਦੀਆਂ ਝੁੱਗੀਆ ਝੌਂਪੜੀਆਂ ਵਿੱਚ ਸੰਗਰੂਰ ਪ੍ਰਸ਼ਾਸਨ ਦੇ ਸਹਿਯੋਗ ਨਾਲ ਵਰਤਾਇਆ ਜਾ ਰਿਹਾ ਹੈ। ਸ੍ਰੀ ਸਤਿਗੁਰੂ ਉਦੇ ਸਿੰਘ ਜੀ ਦੇ ਹੁਕਮ ਅਨੁਸਾਰ ਸਮੂਹ ਨਾਮਧਾਰੀ ਸੰਗਤ ਇਸ ਬਿਪਤਾ ਦੀ ਘੜੀ ਵਿੱਚ ਪੰਜਾਬ ਸਰਕਾਰ ਦੇ ਨਾਲ ਖੜੀ ਹੈ ਤੇ ਕੋਈ ਵੀ ਨਾਮਧਾਰੀ ਪ੍ਰਸ਼ਾਸਨ ਵਲੋਂ ਲਗਾਏ ਗਏ ਕਰਫਿਊ ਦੇ ਨਿਯਮਾ ਨੂੰ ਨਹੀ ਤੋੜੇਗਾ ਇਸ ਲਈ ਵਚਨਬੱਧ ਹੈ।