ਨਿਊਯਾਰਕ ਵਿੱਚ ਟਾਈਮਜ਼ ਸਕੁਏਰ ਸਾਈਟ 'ਤੇ ਸੈਕੜੇ ਲੋਕਾਂ ਨੂੰ ਲੱਗੀ ਮਿਆਦ ਪੁੱਗੀ ਹੋਈ ਕੋਰੋਨਾ ਵੈਕਸੀਨ
ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆ), 17 ਜੂਨ 2021 - ਅਮਰੀਕਾ ਦੇ ਸਿਹਤ ਅਧਿਕਾਰੀਆਂ ਨੇ ਮੰਗਲਵਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਇਸ ਮਹੀਨੇ ਨਿਊਯਾਰਕ ਦੇ ਟਾਈਮਜ਼ ਸਕੁਏਰ ਵਿੱਚ ਇੱਕ ਟੀਕਾਕਰਨ ਸਾਈਟ 'ਤੇ ਲੱਗਭਗ 900 ਲੋਕਾਂ ਨੇ ਮਿਆਦ ਲੰਘੇ ਹੋਏ ਕੋਵਿਡ -19 ਟੀਕੇ ਦੀ ਖੁਰਾਕ ਪ੍ਰਾਪਤ ਕੀਤੀ ਹੈ।
ਨਿਊਯਾਰਕ ਸਿਟੀ ਦੇ ਸਿਹਤ ਵਿਭਾਗ ਅਨੁਸਾਰ 5 ਜੂਨ ਤੋਂ 10 ਜੂਨ ਦਰਮਿਆਨ ਟਾਈਮਜ਼ ਸਕੁਏਰ ਦੀ ਐਨ ਐਫ ਐਲ ਇਮਾਰਤ ਵਿੱਚ ਫਾਈਜ਼ਰ ਟੀਕੇ ਦੀਆਂ ਪੁਰਾਣੀਆਂ ਖੁਰਾਕਾਂ ਪ੍ਰਾਪਤ ਕਰਨ ਵਾਲੇ 899 ਲੋਕਾਂ ਨੂੰ ਜਲਦੀ ਤੋਂ ਜਲਦੀ ਇੱਕ ਹੋਰ ਫਾਈਜ਼ਰ ਦਾ ਟੀਕਾ ਲਗਵਾਉਣਾ ਚਾਹੀਦੀ ਹੈ। ਏ ਟੀ ਸੀ ਟੀਕਾਕਰਨ ਕੰਪਨੀ, ਜੋ ਕਿ ਸ਼ਹਿਰ ਵਿੱਚ ਇੱਕ ਕੰਟਰੈਕਟ ਤਹਿਤ ਟੀਕੇ ਲਗਾਉਂਦੀ ਹੈ, ਨੇ ਇੱਕ ਬਿਆਨ ਵਿੱਚ ਮਿਆਦ ਲੰਘੀ ਵਾਲੇ ਟੀਕੇ ਦੇਣ ਦੇ ਸਬੰਧ ਵਿੱਚ ਮੁਆਫੀ ਮੰਗਦਿਆਂ ਕਿਹਾ ਹੈ ਕਿ ਇਹ ਟੀਕੇ ਪ੍ਰਾਪਤ ਕਰਨ ਵਾਲਿਆਂ ਨੂੰ ਕੋਈ ਖਤਰਾ ਨਹੀਂ ਹੈ।
ਸਿਹਤ ਵਿਭਾਗ ਦੇ ਬੁਲਾਰੇ ਪੈਟ੍ਰਿਕ ਗਲਾਹੁਏ ਨੇ ਦੱਸਿਆ ਕਿ ਜਿਨ੍ਹਾਂ ਨੂੰ ਮਿਆਦ ਪੂਰੀ ਹੋਈ ਖੁਰਾਕ ਮਿਲੀ ਸੀ ਉਨ੍ਹਾਂ ਨੂੰ ਈ-ਮੇਲ, ਫੋਨ ਕਾਲਾਂ ਅਤੇ ਪੱਤਰ ਭੇਜੇ ਕੇ ਇਸ ਸਥਿਤੀ ਤੋਂ ਜਾਣੂੰ ਕਰਵਾਇਆ ਜਾ ਰਿਹਾ ਹੈ।