ਨੀਰਜ ਸਿੰਗਲਾ ਡਾਇਰੈਕਟਰ ਨੂੰ ਅਹੁਦੇ ਤੋਂ ਹਟਾਉਣ ਨਾਲ ਫਤਿਹ ਕਿੱਟਾਂ ਦਾ ਘੁਟਾਲਾ ਹੋਇਆ ਸਪੱਸ਼ਟ - ਪ੍ਰਿੰਸੀਪਲ ਬੁੱਧ ਰਾਮ
- ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਤੁਰੰਤ ਅਸਤੀਫਾ ਦੇਣ ਅਤੇ ਦੋਸ਼ੀਆਂ ਤੇ ਪਰਚਾ ਦਰਜ ਕੀਤਾ ਜਾਵੇ-ਅੱਕਾਂਵਾਲੀ
ਮਾਨਸਾ , 8 ਜੂਨ 2021 : ਜਿੱਥੇ ਪੂਰੇ ਦੇਸ਼ ਵਿੱਚ ਕੋਰੋਨਾ ਮਹਾਂਮਾਰੀ ਨੇ ਤਬਾਹੀ ਮਚਾਈ ਹੋਈ ਹੈ ਉਥੇ ਹੀ ਦੂਸਰੇ ਪਾਸੇ ਸਰਕਾਰਾਂ ਕਰੋਨਾ ਦੀ ਆੜ ਵਿੱਚ ਆਪਣੇ ਨਿੱਜੀ ਸੁਆਰਥਾਂ ਲਈ ਲੋਕਾਂ ਦਾ ਗਲ ਘੁੱਟ ਰਹੀਆਂ ਹਨ । ਅੱਜ ਪ੍ਰੈੱਸ ਨਾਲ ਗੱਲਬਾਤ ਕਰਦੇ ਬੁਢਲਾਡਾ ਹਲਕੇ ਦੇ ਐਮਐਲਏ. ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਦੌਰਾਨ ਲੋਕਾਂ ਦਾ ਸਾਥ ਦੇਣ ਦੀ ਬਜਾਏ ਕੈਪਟਨ ਸਰਕਾਰ ਦੇ ਮੰਤਰੀ ਅਤੇ ਅਧਿਕਾਰੀ ਵੈਕਸੀਨ ਅਤੇ ਫਤਿਹ ਕਿੱਟਾਂ ਵਿੱਚ ਕਰੋੜਾਂ ਦਾ ਘੁਟਾਲਾ ਕਰ ਗਏ। ਉਨ੍ਹਾਂ ਦੋਸ਼ ਲਾਇਆ ਕਿ ਆਫ਼ਤ ਨੂੰ ਮੌਕੇ ਵਜੋਂ ਵਰਤਦਿਆਂ ਕੈਪਟਨ ਸਰਕਾਰ ਨੇ ਜਿੱਥੇ ਪ੍ਰਾਈਵੇਟ ਹਸਪਤਾਲਾਂ ਨੂੰ ਵੈਕਸੀਨ ਵੇਚ ਕੇ ਕਰੋੜਾਂ ਰੁਪਏ ਦਾ ਘੁਟਾਲਾ ਕੀਤਾ ਹੈ ਉੱਥੇ ਹੀ ਕੋਰੋਨਾ ਮਰੀਜਾਂ ਦੇ ਇਲਾਜ ਲਈ ਵਰਤੀ ਜਾਂਦੀ ਫਤਿਹ ਕਿੱਟ ਖਰੀਦਣ ਲਈ ਪੰਜਾਬ ਦੇ ਖਜ਼ਾਨੇ ਨੂੰ ਲੁੱਟਿਆ ਹੈ। ਫਤਿਹ ਕਿੱਟ 1338 ਰੁਪਏ ਵਿੱਚ ਖਰੀਦ ਕੇ ਸੂਬੇ ਦੇ ਲੋਕਾਂ ਦੀ ਜੇਬ ਤੇ ਡਾਕਾ ਮਾਰਿਆ ਹੈ।
ਐਮ.ਐਲ.ਏ. ਨੇ ਕਿਹਾ ਕਿ ਫਤਿਹ ਕਿੱਟ ਖਰੀਦਣ ਲਈ 3 ਅਪ੍ਰੈਲ ਨੂੰ ਟੈਂਡਰ ਪ੍ਰਤੀ ਕਿੱਟ 837.78 ਰੁਪਏ ਤਹਿ ਕੀਤਾ ਸੀ। ਇਸ ਤੋਂ 20 ਅਪ੍ਰੈਲ ਨੂੰ ਉਹੀ ਫਤਿਹ ਕਿੱਟ 1226.40 ਰੁਪਏ ਦੇ ਟੈਂਡਰ ਨਾਲ ਪਾਸ ਕਰਕੇ 50 ਹਜ਼ਾਰ ਫਤਿਹ ਕਿੱਟਾਂ ਖਰੀਦੀਆਂ ਅਤੇ ਜਿਸ ਕੰਪਨੀ ਨੂੰ ਟੈਂਡਰ ਦਿੱਤਾ ਹੈ ਉਸ ਕੋਲ ਮੈਡੀਕਲ ਲਾਇਸੰਸ ਵੀ ਨਹੀਂ ਹੈ। 7 ਮਈ ਨੂੰ ਫੇਰ ਹੋਰ ਟੈਂਡਰ ਲਾ ਕੇ ਫਤਿਹ ਕਿੱਟ ਦਾ ਰੇਟ ਫਿਰ ਵਧਾ ਦਿੱਤਾ ਜੋ ਕਿ 1338 ਰੁਪਏ ਪ੍ਰਤੀ ਕਿੱਟ ਦੇ ਹਿਸਾਬ 1 ਲੱਖ 50 ਹਜ਼ਾਰ ਕਿੱਟਾਂ ਖਰੀਦ ਕੇ ਮੰਤਰੀ ਨੇ ਆਪਣੀਆਂ ਜੇਬਾਂ ਲੋਕਾਂ ਦੇ ਦਿੱਤੇ ਟੈਕਸ ਵਿੱਚੋਂ ਪੈਸੇ ਖਾ ਕੇ ਭਰ ਲਈਆਂ।
ਬੁੱਧ ਰਾਮ ਨੇ ਕਿਹਾ ਕਿ ਰਾਸਟਰੀ ਸਿਹਤ ਮਿਸਨ ਦੇ ਡਾਇਰੈਕਟਰ ਨੀਰਜ ਸਿੰਗਲਾ ਜਿੰਨਾਂ ਨੂੰ ਕੋਰੋਨਾ ਨਾਲ ਸਬੰਧਤ ਦਵਾਈਆਂ ਅਤੇ ਫਤਿਹ ਕਿੱਟਾਂ ਅਤੇ ਹੋਰ ਉਪਕਰਨ ਖਰੀਦਣ ਦਾ ਅਧਿਕਾਰ ਸੀ ਅਤੇ ਜਿੰਨਾਂ ਨੇ ਖਰੀਦ ਲਈ ਟੈਂਡਰ ਪਾਸ ਕੀਤੇ ਸਨ ਹੁਣ ਉਨਾਂ ਨੂੰ ਅਹੁਦੇ ਤੋਂ ਹਟਾ ਕੇ ਸਰਕਾਰ ਨੇ ਆਪ ਹੀ ਮੰਨ ਲਿਆ ਹੈ ਕਿ ਫਤਿਹ ਕਿੱਟਾਂ ਦੀ ਖਰੀਦ ਵਿੱਚ ਵੱਡਾ ਘੁਟਾਲਾ ਹੋਇਆ ਹੈ, ਪਰ ਇਕੱਲਾ ਅਧਿਕਾਰੀ ਕਿਵੇਂ ਸਾਰਾ ਕੁੱਝ ਪਾਸ ਕਰ ਸਕਦਾ ਹੈ ਇਸ ਵਿੱਚ ਅਧਿਕਾਰੀ ਦੇ ਗਾਜ ਸੁੱਟ ਕੇ ਮੰਤਰੀ ਨੂੰ ਬਚਾਇਆ ਜਾ ਰਿਹਾ ਹੈ।
ਚਰਨਜੀਤ ਸਿੰਘ ਅੱਕਾਂਵਾਲੀ ਨੇ ਕਿਹਾ ਕਿ ਜਦੋਂ ਸਰਕਾਰ ਨੇ ਨੀਰਜ ਸਿੰਗਲਾ ਡਾਇਰੈਕਟਰ ਨੂੰ ਅਹੁਦੇ ਤੋਂ ਹਟਾ ਕੇ ਆਪ ਹੀ ਮੰਨ ਲਿਆ ਹੈ ਕਿ ਫਤਿਹ ਕਿੱਟਾਂ ਵਿੱਚ ਘੁਟਾਲਾ ਹੋਇਆ ਹੈ ਤਾਂ ਸੰਬੰਧਤ ਮੰਤਰੀ ਨੂੰ ਤੁਰੰਤ ਅਸਤੀਫਾ ਦੇਣਾ ਚਾਹੀਦਾ ਹੈ ਤੇ ਮੰਤਰੀ ਦੇ ਵਿਰੁੱਧ ਕਾਨੂੰਨੀ ਕਾਰਵਾਈ ਕਰਕੇ ਭ੍ਰਿਸਟਾਚਾਰ ਦਾ ਪਰਚਾ ਦਰਜ ਕਰਨਾ ਬਣਦਾ ਹੈ। ਅਗਰ ਸਰਕਾਰ ਨੇ ਮੰਤਰੀ ਅਤੇ ਦੋਸ਼ੀਆਂ ਨੂੰ ਬਚਾਇਆ ਤਾਂ ਆਮ ਆਦਮੀ ਪਾਰਟੀ ਇਸ ਵਿਰੁੱਧ ਵੱਡਾ ਸੰਘਰਸ਼ ਵਿੱਢੇਗੀ ਅਤੇ ਦੋਸ਼ੀਆਂ ਨੂੰ ਸਜ਼ਾ ਦਿਵਾ ਕੇ ਦਮ ਲਵੇਗੀ ਅਤੇ ਲੋਕਾਂ ਦੇ ਟੈਕਸ ਦਾ ਖਾਧਾ ਹੋਇਆ ਪੈਸਾ ਸਰਕਾਰੀ ਖਜ਼ਾਨੇ ਵਿੱਚ ਸਰਕਾਰ ਆਉਣ ਤੇ ਜਮ੍ਹਾਂ ਕਰਵਾਇਆ ਜਾਵੇਗਾ।