ਅਸ਼ੋਕ ਵਰਮਾ
ਬਠਿੰਡਾ, 24 ਅਪਰੈਲ 2020 - ਬਠਿੰਡਾ ਖ਼ਿੱਤੇ ਦੇ ਖ਼ਰੀਦ ਕੇਂਦਰਾਂ ਵਿੱਚ ਪਈ ਲੱਖਾਂ ਬੋਰੀ ਨੇ ਕੈਪਟਨ ਸਕਰਾਰ ਦੀ ਪੁਰਾਣੀ ਭੱਲ ਖਰਾਬ ਕਰ ਦਿੱਤੀ ਹੈ। ਸਾਲ 2002 ’ਚ ਬਣੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਕਿਸਾਨਾਂ ਦੀ ਇੱਕ ਵੀ ਦਿਨ ਫਸਲ ਨਹੀਂ ਰੁਲਣ ਦਿੱਤੀ ਸੀ ਜਿਸ ਨੂੰ ਕਿਸਾਨ ਅੱਜ ਵੀ ਯਾਦ ਕਰਦੇ ਹਨ। ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਚੋਣ ਪਰਚਾਰ ਦੌਰਾਨ ਕੈਪਟਨ ਸਮੇਤ ਸਾਰੇ ਹੀ ਕਾਂਗਰਸੀ ਆਗੂ ਪਰਚਾਰਿਆ ਕਰਦੇ ਸਨ ਕਿ ਕਾਂਗਰਸ ਦੀ ਹਕੂਮਤ ਲਿਆਓ ਫਸਲਾਂ ਦਾ ਦਾਣਾ ਦਾਣਾ ਚੁੱਕਿਆ ਜਾਇਆ ਕਰੇਗਾ।
ਕਾਂਗਰਸੀ ਨੇਤਾਵਾਂ ਦੇ ਦਾਅਵਿਆਂ ਦੇ ਬਾਵਜੂਦ ਐਤਕੀਂ ਕਣਕ ਦੀ ਚੁਕਾਈ ਨਹੀਂ ਹੋ ਸਕੀ। ਇਸ ਵਾਰ ਕਣਕ ਦੀ ਚੁਕਾਈ ਟਰੈਕਟਰਾਂ ਰਾਹੀਂ ਕੀਤੀ ਜਾ ਰਹੀ ਹੈ। ਟਰੱਕ ਅਪਰੇਟਰ ਯੂਨੀਅਨਾਂ ਵੱਲੋਂ ਇਸ ਵਾਰ ਅਨਾਜ ਮੰਡੀਆਂ ਵਿੱਚੋਂ ਕਣਕ ਦੀ ਫਸਲ ਦੀ ਢੋਆ-ਢੋਆਈ ਨਾ ਕਰਨ ਨੇ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਮੰਡੀਆਂ ਵਿੱਚ ਖਰੀਦ ਕੀਤੀ ਕਣਕ ਦੀਆਂ ਬੋਰੀਆਂ ਦੇ ਅੰਬਾਰ ਲੱਗ ਗਏ ਹਨ। ਫਸਲ ਦੀ ਢੋਆ-ਢੋਆਈ ਨਾ ਹੋਣ ਕਾਰਨ ਆੜਤੀ ਵੀ ਪ੍ਰੇਸ਼ਾਨ ਹਨ। ਮੰਡੀਆਂ ਵਿੱਚ ਪਈਆਂ ਕਣਕ ਦੀਆਂ ਬੋਰੀਆਂ ਨੂੰ ਕਿਸੇ ਤਣ-ਪੱਤਣ ਲਾਉਣ ਲਈ ਆੜਤੀ ਅਫਸਰਾਂ ਦੇ ਬੂਹੇ ਖੜਕਾ ਰਹੇ ਹਨ ਪਰ ਮਸਲੇ ਦਾ ਹੱਲ ਨਹੀਂ ਨਿਕਲਿਆ ਹੈ।
ਬਠਿੰਡਾ ਜਿਲ੍ਹੇ ’ਚ ਵੀਰਵਾਰ ਦੀ ਸ਼ਾਮ ਤੱਕ 2,61,346 ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਗਈ ਹੈ ਜਿਸ ਵਿਚੋਂ 123986 ਮੀਟ੍ਰਿਕ ਟਨ ਕਣਕ ਦੀ ਲਿਫਟਿੰਗ ਵੀ ਹੋ ਚੁੱਕੀ ਹੈ। ਇਸ ਹਿਸਾਬ ਨਾਲ ਅੱਧੀ ਤੋਂ ਵੱਧ ਕਣਕ ਫਿਲਹਾਲ ਨੀਲੀ ਛੱਤ ਹੇਠਾਂ ਪਈ ਹੋਈ ਹੈ। ਉਪਰੋਂ ਬਰਾਦਾਨੇ ਦਾ ਸੰਕਟ ਹੈ ਜਿਸ ਨੇ ਪ੍ਰਸ਼ਾਸ਼ਨ ਦੇ ਹੋਸ਼ ਉਡਾ ਦਿੱਤੇ ਹਨ। ਵੇਰਵਿਆਂ ਅਨੁਸਾਰ ਚੋਂ ਸਭ ਤੋਂ ਜ਼ਿਆਦਾ ਬਠਿੰਡਾ ਜ਼ਿਲੇ ਵਿੱਚ ਲਿਫ਼ਟਿੰਗ ਦਾ ਮੰਦਾ ਹਾਲ ਹੈ ਜਿੱਥੇ 27 ਲੱਖ ਕਣਕ ਦੀ ਬੋਰੀ ਦੀ ਲਿਫ਼ਟਿੰਗ ਹੋਣੀ ਬਾਕੀ ਹੈ। ਬਠਿੰਡਾ ਜ਼ਿਲ੍ਹੇ ਵਿੱਚ ਐਤਕੀਂ 10 ਲੱਖ ਟਨ ਕਣਕ ਦੀ ਆਮਦ ਦਾ ਟੀਚਾ ਰੱਖਿਆ ਗਿਆ ਸੀ ਅਤੇ ਹੁਣ ਤੱਕ ਕਾਫੀ ਫ਼ਸਲ ਆ ਚੁੱਕੀ ਹੈ।
ਇਹ ਅੰਕੜਾ ਇਕੱਲੇ ਬਠਿੰਡਾ ਜਿਲਹੇ ਦਾ ਹੈ । ਜੇਕਰ ਇਸ ਸੰਕਟ ਦੀ ਰੌਸ਼ਨੀ ’ਚ ਦੇਖੀਏ ਤਾਂ ਮਾਲਵੇ ਦੇ ਅੱਠ ਜ਼ਿਲਿਆਂ ਵਿੱਚ ਇੱਕ ਕਰੋੜ ਤੋਂ ਵੱਧ ਕਣਕ ਦੀ ਬੋਰੀ ਚੁਕਾਈ ਦੀ ਉਡੀਕ ਵਿੱਚ ਹੈ। ਲੇਬਰ ਦਾ ਐਤਕੀਂ ਵੱਡਾ ਸੰਕਟ ਬਣਿਆ ਹੈ ਅਤੇ ਪ੍ਰਬੰਧਾਂ ਵਿੱਚ ਹੋਈ ਦੇਰੀ ਨੇ ਅਫ਼ਸਰਾਂ ਦਾ ਹੁਣ ਧੂੰਆਂ ਕੱਢ ਰੱਖਿਆ ਹੈ। ਉੱਪਰੋਂ ਕਰੋਨਾ ਵਾਇਰਸ ਦੇ ਸੰਕਟ ਕਾਰਨ ਅਧਿਕਾਰੀ ਕੋਈ ਖਤਰਾ ਮੁੱਲ ਲੈਣ ਤੋਂ ਡਰਦੇ ਹਨ।
ਬਠਿੰਡਾ ਜਿਲ੍ਹਾ ਫਿਲਹਾਲ ਕੋਰੋਨਾ ਵਾਇਰਸ ਦੇ ਪ੍ਰਛਾਵੇਂ ਤੋਂ ਬਚਿਆ ਹੋਇਆ ਹੈ। ਇਸ ਕਰਕੇ ਪ੍ਰਸ਼ਾਸ਼ਨ ਅੱਗੇ ਸੋਸ਼ਲ ਡਿਸਟੈਂਸਿੰਗ ਤਹਿਤ ਕਣਕ ਦੀ ਖਰੀਦ ਨੇਪਰੇ ਚਾੜਨਾ ਵੱਡੀ ਚੁਣੌਤੀ ਬਣਿਆ ਹੋਇਆ ਹੈ। ਬਠਿੰਡਾ ਪ੍ਰਸ਼ਾਸ਼ਨ ਨੇ ਐਤਕੀ ਦੁੱਗਣੇ ਤੋਂ ਵੀ ਵੱਧ 442 ਖਰੀਦ ਕੇਂਦਰ ਬਣਾਏ ਹਨ ਜਿੰਨਾਂ ’ਚ ਪਾਸ ਸਿਸਟਮ ਨਾਲ ਲਿਆਂਦੀ ਜਾਣ ਵਾਲੀ ਕਣਕ ਦੀ ਖਰੀਦ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਪੱਸ਼ਟ ਹੁਕਮ ਹਨ ਕਿ ਕਿਸਾਨਾਂ ਨੂੰ ਕੋਈ ਮੁਸ਼ਕਲ ਨਹੀਂ ਆਉਣੀ ਚਾਹੀਦੀ ਪਰ ਹਾਲਾਤਾਂ ਅੱਗੇ ਅਫ਼ਸਰ ਵੀ ਬੇਵੱਸ ਦਿਖਾਈ ਦੇ ਰਹੇ ਹਨ।
ਲੇਬਰ ਕਾਰਨ ਬਣਿਆ ਸੰਕਟ:ਡੀਐਫਐਸਸੀ
ਜਿਲਾ ਖੁਰਾਕ ਤੇ ਸਪਲਾਈ ਕੰਟਰੋਲਰ ਮਨਦੀਪ ਸਿੰਘ ਮਾਨ ਦਾ ਕਹਿਣਾ ਸੀ ਕਿ ਅਸਲ ’ਚ ਵੱਡਾ ਸੰਕਟ ਪ੍ਰਵਾਸੀ ਲੇਬਰ ਦੇ ਨਾਂ ਆਉਣ ਕਾਰਨ ਬਣਿਆ ਹੈ ਜਦੋਂਕਿ ਸਰਕਾਰ ਕੋਲ ਟਰਾਂਸਪੋਰਟ ਦੇ ਪੂਰੇ ਪ੍ਰਬੰਧ ਹਨ ਜਿੰਨਾਂ ਦੀ ਵਰਤੋਂ ਮਜਦੂਰਾਂ ਬਿਨਾਂ ਨਹੀਂ ਕੀਤੀ ਜਾ ਸਕਦੀ ਹੈ। ਉਨਾਂ ਦੱਸਿਆ ਕਿ ਕਣਕ ਇਸ ਵਾਰ ਤੇਜੀ ਨਾਲ ਖਰੀਦੀ ਜਾ ਰਹੀ ਹੈ ਜਿਸ ਨੂੰ ਤੋਲਣ ਉਪਰੰਤ ਬੋਰੀਆਂ ’ਚ ਭਰਿਆ ਜਾਂਦਾ ਹੈ। ਉਨਾਂ ਦੱਸਿਆ ਕਿ ਇਸ ਪ੍ਰਕਿਰਿਆ ’ਚ ਸਮਾਂ ਲੱਗਣ ਕਾਰਨ ਵੀ ਲਿਫਟਿੰਗ ’ਚ ਦੇਰੀ ਹੋ ਰਹੀ ਹੈ। ਉਨਾਂ ਦੱਸਿਆ ਕਿ ਫਿਰ ਵੀ ਬੁਠਿੰਡਾ ਪ੍ਰਸ਼ਾਸ਼ਨ ਦੀ ਕੋਸ਼ਿਸ਼ ਹੈ ਕਿ ਜਲਦੀ ਤੋਂ ਜਲਦੀ ਚੁਕਾਈ ਕਰਵਾਈ ਜਾਏ।
ਕਣਕ ਦੀ ਖਰੀਦ ਤੇਜੀ ਨਾਲ:ਡੀ. ਸੀ
ਡਿਪਟੀ ਕਮਿਸ਼ਨਰ ਬਠਿੰਡਾ ਬੀ ਸ੍ਰੀ ਨਿਵਾਸਨ ਦਾ ਕਹਿਣਾ ਸੀ ਕਿ ਇਸ ਵਾਰ ਪਿਛਲੇ ਸਾਲਾਂ ਤੋਂ ਤੇਜ਼ੀ ਨਾਲ ਕਣਕ ਖਰੀਦ ਜਾ ਰਹੀ ਹੈ ਜਿਸ ਦਾ ਕਾਰਨ ਕਿਸਾਨਾਂ ਦੀ ਸਹੁਲਤ ਅਤੇ ਸਮਾਜਿਕ ਦੂਰੀ ਬਣਾ ਕੇ ਰੱਖਣ ਲਈ ਖਰੀਦ ਕੇਂਦਰਾਂ ਦੀ ਗਿਣਤੀ ਵਧਾ ਕੇ 442 ਕਰ ਦਿੱਤੀ ਗਈ ਹੈ। ਉਨਾਂ ਦੱਸਿਆ ਕਿ ਇਸ ਤਰਾਂ ਮੰਡੀਆਂ ਦਾ ਖੇਤਰਫਲ ਵਧ ਗਿਆ, ਤੇ ਕਿਸਾਨਾਂ ਦੇ ਨੇੜੇ ਹੋ ਗਈਆਂ ਹਨ। ਉਨਾਂ ਦੱਸਿਆ ਕਿ ਕਿਸਾਨ ਤੇਜੀ ਨਾਲ ਫਸਲ ਮੰਡੀ ਵਿਚ ਲਿਆ ਰਹੇ ਹਨ ਅਤੇ ਜਿਆਦਾਤਰ ਫਸਲ ਉਸੇ ਦਿਨ ਹੀ ਤੁਲ ਜਾਂਦੀ ਹੈ।
ਖੇਤੀ ਨੂੰ ਖਤਮ ਕਰਨ ਦੀ ਸਾਜਿਸ਼:ਮਾਨ
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਜਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਦਾ ਕਹਿਣਾ ਸੀ ਕਿ ਅਸਲ ’ਚ ਇਹ ਤਾਣਾ ਬਾਣਾ ਖੇਤੀ ਖੇਤਰ ਨੂੰ ਲਾਹਾ ਲਿਆ ਜਾ ਰਿਹਾ ਹੈ। ਉਨਾਂ ਕਿਹਾ ਕਿ ਜਦੋਂ ਸਰਕਾਰ ਨੂੰ ਸਮੱਸਿਆ ਦਾ ਪਤਾ ਸੀ ਤਾਂ ਫਿਰ ਪ੍ਰਬੰਧ ਕਿੳਂ ਨਹੀਂ ਕੀਤੇ । ਉਨਾਂ ਆਖਿਆ ਕਿ ਸਰਕਾਰ ਨੇ ਤਾਂ ਬਾਰਦਾਨਾ ਵੀ ਸਮੇਂ ਸਿਰ ਨਹੀਂ ਮੰਗਵਾਇਆ ਹੈ। ਉਨਾਂ ਮੰਗ ਕੀਤੀ ਕਿ ਸਰਕਾਰ ਫੌਰੀ ਤੌਰ ਤੇ ਕਿਸਾਨਾਂ ਦੀ ਕਣਕ ਦੀ ਖਰੀਦ ਕਰੇ ਨਹੀਂ ਤਾਂ ਸਰਕਾਰ ਨੂੰ ਰੋਹ ਦਾ ਸਾਹਮਣਾ ਕਰਨਾ ਪੈ ਸਕਦਾ ਹੈ।