ਰਜਨੀਸ਼ ਸਰੀਨ
ਨਵਾਂਸਹਿਰ, 28 ਅਪ੍ਰੈਲ 2020 - ਜ਼ਿਲ੍ਹਾ ਨੋਡਲ ਅਫਸਰ ਕਮ ਸਹਾਇਕ ਡਾਇਰੈਕਟਰ ਮੈਡਮ ਡਿੰਪੀ ਧੀਰ, ਜਿਲ੍ਹਾ ਸਿੱਖਿਆ ਅਫਸਰ (ਸੈ.ਸਿ) ਹਰਚਰਨ ਸਿੰਘ ਅਤੇ ਉਪ ਜਿਲਾ ਸਿੱਖਿਆ ਅਫਸਰ(ਸੈ.ਸਿ) ਰਾਜਨ ਭਾਰਦਵਾਜ ਵਲੋਂ ਅੱਜ ਜਿਲ੍ਹੇ ਦੇ ਸਮੂਹ ਸਕੂਲ ਮੁਖੀਆਂ ਨਾਲ ਜੂਮ ਐਪ ਰਾਹੀਂ ਨਵੇਂ ਦਾਖਲੇ ਅਤੇ ਆਨ ਲਾਈਨ ਪੜ੍ਹਾਈ ਸਬੰਧੀ ਵੀਡੀਓ ਕਾਨਫਰੰਸ ਕਰਕੇ ਮੀਟਿੰਗ ਕੀਤੀ।
ਇਸ ਮੀਟਿੰਗ ਦੌਰਾਨ ਡਿੰਪੀ ਧੀਰ ਜਿਲਾ ਨੋਡਲ ਅਫ਼ਸਰ ਕਮ ਸਹਾਇਕ ਡਾਇਰੈਕਟਰ ਨੇ ਜਿਲੇ ਵਿੱਚ ਨਵੇਂ ਦਾਖਲੇ ਸਬੰਧੀ ਸਕੂਲ ਵਾਈਜ ਜਾਇਜਾ ਲਿਆ ਤੇ ਸਮੂਹ ਸਕੂਲ ਮੁੱਖੀਆ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਨਵਾਂ ਦਾਖਲਾ ਕਰਨ। ਇਸ ਮੌਕੇ ਉਹਨਾਂ ਅੱਗੇ ਕਿਹਾ ਕਿ ਕਿਹਾ ਕਿ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਅਧਿਆਪਕਾਂ ਵਲੋਂ ਰੋਜਾਨਾ ਬੱਚਿਆਂ ਨੂੰ ਆਨ ਲਾਈਨ ਹੋਮ ਵਰਕ ਦਿੱਤਾ ਜਾ ਰਿਹਾ ਹੈ ਜੋ ਕਿ ਬਹੁਤ ਹੀ ਵਧੀਆ ਉਪਰਾਲਾ ਹੈ।
ਉਨ੍ਹਾਂ ਅਧਿਆਪਕਾਂ ਦੀ ਇਸ ਗੱਲ ਦੀ ਵੀ ਪ੍ਰਸੰਸਾ ਕੀਤੀ ਕਿ ਬਹੁਤ ਸਾਰੇ ਅਧਿਆਪਕ ਸਕੂਲ ਕਾਰਜ ਦੇ ਨਾਲ ਨਾਲ ਕੋਰੋਨਾ ਨਾਮ ਦੀ ਭਿਆਨਿਕ ਬਿਮਾਰੀ ਤੋਂ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਵੀ ਡਿਊਟੀ ਤੰਨਦੇਹੀ ਨਾਲ ਨਿਭਾਰਹੇ ਹਨ,ਜੋ ਕਿ ਪ੍ਰਸੰਸਾ ਦੇ ਪਾਤਰ ਹਨ ।ਮੀਟਿੰਗ ਦੌਰਾਨ ਜਿਲਾ ਸਿੱਖਿਆ ਅਫਸਰ(ਸੈ ਸਿ) ਹਰਚਰਨ ਸਿੰਘ ਨੇ ਕਿਹਾ ਕਿ ਅਧਿਆਪਕਾਂ ਅਤੇ ਸਕੂਲ ਮੁਖੀਆਂ ਨੇ ਮਿਸ਼ਨ ਸ਼ਤ ਪ੍ਰਤੀਸ਼ਤ ਦੇ ਨਾਲ-ਨਾਲ ਨਵੇਂ ਦਾਖ਼ਲੇ ਸੰਬੰਧੀ ਵੀ ਬਹੁਤ ਜਿਆਦਾ ਉੱਪਰਾਲੇ ਕੀਤੇ ਸਨ,ਲੇਕਿਨ ਅਚਨਚੇਤੀ ਕੋਰੋਨਾ ਨਾਮ ਦੀ ਭਿਆਨਕ ਮਹਾਮਾਰੀ ਨੇ ਸਾਰਾ ਕੁਝ ਠੱਪ ਕਰਕੇ ਰੱਖ ਦਿੱਤਾ ਹੈ। ਇਸ ਦੇ ਬਾਵਜੂਦ ਵੀ ਸਾਡੇ ਅਧਿਆਪਕ ਆਪਣੇ ਫ਼ਰਜਾ ਨੂੰ ਭਲੀ ਭਾਂਤ ਸਮਝਦੇ ਹੋਏ ਆਪਣਾ ਕੰਮ ਤੰਨਦੇਹੀ ਨਾਲ ਕਰ ਰਹੇ ਹਨ।
ਉਨ੍ਹਾਂ ਸਕੂਲ ਮੁੱਖੀਆਂ ਨਾਲ ਨਵੇਂ ਦਾਖ਼ਲੇ ਸੰਬੰਧੀ ਵਿਸ਼ਲੇਸ਼ਣ ਕਰਦਿਆਂ ਕਿਹਾ ਕਿ ਜਿਨ੍ਹਾਂ ਸਕੂਲ ਮੁੱਖੀਆਂ ਵਲੋਂ ਹਾਲੇ ਤੱਕ ਪ੍ਰੀ-ਪ੍ਰਾਇਮਰੀ ਦੇ ਬੱਚੇ ਪ੍ਰਮੋਟ ਨਹੀਂ ਕੀਤੇ,ਉਨ੍ਹਾਂ ਨੂੰ ਅਗਲੀ ਜਮਾਤ ਵਿੱਚ ਤੁਰੰਤ ਪ੍ਰਮੋਟ ਕੀਤਾ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਸਾਰੇ ਸਕੂਲ ਮੁੱਖੀਆਂ ਨੂੰ ਨੂੰ ਕਿਹਾ ਕਿ ਆਨ ਲਾਈਨ ਦਾਖਲਾ ਜਾਰੀ ਰੱਖਿਆ ਜਾਵੇ।ਅਧਿਆਪਕ ਮਾਪਿਆਂ ਨੂੰ ਫੋਨ ਰਾਹੀਂਪ੍ਰੇਰਿਤ ਕਰਕੇ ਆਪਣੇ ਸਕੂਲ ਦਾ ਦਾਖਲਾ ਵਧਾਉਣ। ।ਇਸ ਮੌਕੇ ਰਾਜਨ ਭਾਰਦਵਾਜ ਉੱਪ ਜਿਲ੍ਹਾ ਸਿੱਖਿਆ ਅਫ਼ਸਰ,, ਵਰਿੰਦਰ ਸਿੰਘ ਬੰਗਾ ਡੀ.ਐਮ ਇੰਚਾਰਜ , ਡਾ ਸੁਰਿੰਦਰ ਪਾਲ ਅਗਨੀਹੋਤਰੀ ਇੰਚਾਰਜ ਜਿਲਾ ਸਿੱਖਿਆ ਸੁਧਾਰ ਟੀਮ,ਅਮਰੀਕ ਸਿੰਘ ਪ੍ਰਿੰਸੀਪਲ ਮੰਢਾਲੀ,ਅਮਰਜੀਤ ਖਟਕੜ ਪ੍ਰਿੰਸੀਪਲ ਮਕੁੰਦਪੁਰ, ਪਰਮਜੀਤ ਕੌਰ ਪ੍ਰਿੰਸੀਪਲ ਉੜਾਪੜ,ਜਗਦੀਸ ਰਾਏ ਕੋਆਡੀਨੇਟ ਐਮ.ਆਈ.ਐਸ, ਰਜਨੀਸ ਕੁਮਾਰ ਡੀ.ਐਸ.ਐਮ. ਵਿਨੇ ਕੁਮਾਰ ਮੈਂਬਰ ਜਿਲਾ ਸਿੱਖਿਆ ਸੁਧਾਰ ਟੀਮ, ਆਦਿ ਸਮੇਤ ਸਮੂਹ ਸਕੂਲ ਮੁੱਖੀ ਹਾਜਰ ਸਨ।