ਢਾਡੀ ਮਾਨ ਦੀ ਗ੍ਰਿਫ਼ਤਾਰੀ ਬੇਲੋੜੀ ਕੀਤਾ ਜਾਵੇ ਤੁਰੰਤ ਰਿਹਾਅ : ਬਾਬਾ ਹਰਨਾਮ ਸਿੰਘ ਖ਼ਾਲਸਾ।
ਜੀਵਨ ਮੌਤ ਦੀ ਚਲ ਰਹੀ ਲੜਾਈ ਵਿਚ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਨੂੰ ਆਪਣੀ ਸੂਝ ਬੂਝ ਅਤੇ ਸੰਜਮ ਨਾਲ ਕਦਮ ਉਠਾਉਣ ਦੀ ਹੈ ਲੋੜ ।
ਅੰਮ੍ਰਿਤਸਰ 16, ਅਪ੍ਰੈਲ 2020: ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਪਟਿਆਲਾ ਦੇ ਸਨੌਰ ਸਬਜ਼ੀ ਮੰਡੀ ਵਿਖੇ ਪੁਲੀਸ ਅਤੇ ਨਿਹੰਗ ਸਿੰਘਾਂ ਵਿਚ ਹੋਈ ਝੜਪ ਦੇ ਕੇਸ ਵਿਚ ਗ੍ਰਿਫ਼ਤਾਰ ਕੀਤੇ ਗਏ ਵਿਚੋਂ ੧੧ ਨਿਹੰਗ ਸਿੰਘਾਂ ਵਿਚੋਂ ਸਿਖ ਬੀਬੀ ਸਮੇਤ ੪ ਨੂੰ ਸਰਕਾਰ ਵੱਲੋਂ ਰਿਹਾਅ ਕਰਨ ਦਾ ਸਵਾਗਤ ਕੀਤਾ ਹੈ। ਉੱਥੇ ਹੀ ਉਨ੍ਹਾਂ ਉਕਤ ਘਟਨਾ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਕਰਨ ਦੇ ਸੰਬੰਧ ਵਿਚ ਢਾਡੀ ਜਸਵੀਰ ਸਿੰਘ ਮਾਨ ਖ਼ਿਲਾਫ਼ ਪੁਲੀਸ ਵੱਲੋਂ ਕੇਸ ਦਰਜ ਕਰਦਿਆਂ ਗ੍ਰਿਫ਼ਤਾਰ ਕਰਨ 'ਤੇ ਚਿੰਤਾ ਜਤਾਈ ਹੈ।
ਪ੍ਰੋ: ਸਰਚਾਂਦ ਸਿੰਘ ਨੇ ਦਸਿਆ ਕਿ ਬਾਬਾ ਹਰਨਾਮ ਸਿੰਘ ਖ਼ਾਲਸਾ ਨੇ ਪਟਿਆਲਾ ਟਕਰਾਓ ਦੇ ਮਾਮਲੇ 'ਚ ਗ੍ਰਿਫ਼ਤਾਰ ੧੧ ਨਿਹੰਗ ਸਿੰਘਾਂ ਵਿਚੋਂ ੪ ਜਿਨ੍ਹਾਂ ਵਿਚ ਬੀਬੀ ਸੁਖਪ੍ਰੀਤ ਕੌਰ ਪਤਨੀ ਜਗਮੀਤ ਸਿੰਘ ਵਾਸੀ ਡੇਰਾ ਖਿਚੜੀ ਸਾਹਿਬ, ਬਲਬੇਰਾ, ਜਸਵੰਤ ਸਿੰਘ ਵਾਸੀ ਚਮਾੜੂ, ਦਰਸ਼ਨ ਸਿੰਘ ਵਾਸੀ ਪਟਿਆਲਾ ਅਤੇ ਨਨਾ ਸਿੰਘ ਕਲਰ ਭੈਣੀ ਸੰਬੰਧੀ ਅਦਾਲਤ ਵਿਚੋਂ ਰਿਹਾਈ ਦੇ ਹੁਕਮ ਪ੍ਰਾਪਤ ਕਰਦਿਆਂ ਰਿਹਾਅ ਕਰਨ ਨੂੰ ਸਰਕਾਰ ਦਾ ਚੰਗਾ ਫ਼ੈਸਲਾ ਕਰਾਰ ਦਿਤਾ। ਉਨ੍ਹਾਂ ਕਿਹਾ ਕਿ ਪਰਿਵਾਰਾਂ ਦੀਆਂ ਇਸਤਰੀਆਂ ਅਤੇ ਬੇਗੁਨਾਹ ਨੂੰ ਹਿਰਾਸਤ ਵਿਚ ਲੈਣਾ ਬਿਲਕੁਲ ਅਯੋਗ ਸੀ ਅਤੇ ਪੇਸ਼ੀ ਮੌਕੇ ਸਿੰਘਾਂ ਨੂੰ ਬਿਨਾ ਦਸਤਾਰ ਲੈ ਕੇ ਆਉਣ ਨਾਲ ਸਿਖ ਹਿਰਦਿਆਂ ਨੂੰ ਠੇਸ ਪਹੁੰਚੀ ਹੈ। ਉਨ੍ਹਾਂ ਕਿਹਾ ਕਿ ਜੀਵਨ ਮੌਤ ਦੀ ਚਲ ਰਹੀ ਲੜਾਈ ਵਿਚ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਨੂੰ ਆਪਣੀ ਸੂਝ ਬੂਝ ਅਤੇ ਸੰਜਮ ਨਾਲ ਕਦਮ ਉਠਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਕਰੋਨਾ ਦੀ ਮਹਾਂਮਾਰੀ ਨੇ ਸੰਸਾਰ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਅਜਿਹੀ ਔਖੀ ਘੜੀ ਵਿਚ ਹਜ਼ਾਰਾਂ ਪੁਲੀਸ ਮੁਲਾਜ਼ਮ ਅਤੇ ਸਰਕਾਰੀ ਅਮਲਾ ਆਪਣੇ ਪਰਿਵਾਰਾਂ ਅਤੇ ਸਨੇਹੀਆਂ ਨੂੰ ਛੱਡ ਕੇ ਮਨੁੱਖਤਾ ਲਈ ਆਪਣੀਆਂ ਜ਼ਿੰਦਗੀਆਂ ਨੂੰ ਖ਼ਤਰੇ ਵਿਚ ਪਾ ਕੇ ਡਿਊਟੀਆਂ ਦੇ ਰਹੇ ਹਨ, ਜਿਨ੍ਹਾਂ ਦਾ ਸਨਮਾਨ ਰਖਿਆ ਜਾਣਾ ਅਤੇ ਉਨ੍ਹਾਂ ਨੂੰ ਸਹਿਯੋਗ ਦਿਤਾ ਜਾਣਾ ਸਾਡੇ ਸਭ ਦਾ ਫ਼ਰਜ਼ ਹੈ।
ਇਸੇ ਦੌਰਾਨ ਉਨ੍ਹਾਂ ਪਟਿਆਲਾ ਦੇ ਘਟਨਾ ਨੂੰ ਲੈ ਕੇ ਜਜ਼ਬਾਤੀ ਵੀਡੀਓ ਵਾਇਰਲ ਕਰ ਦਿਆਂ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕਰਨ ਵਾਲੇ ਨੌਜਵਾਨ ਢਾਡੀ ਸਿੰਘ ਭਾਈ ਜਸਵੀਰ ਸਿੰਘ ਮਾਨ 'ਤੇ ਬਾਬਾ ਬਕਾਲਾ ਸਾਹਿਬ ਪੁਲੀਸ ਵੱਲੋਂ ਕੇਸ ਦਰਜ ਕਰਦਿਆਂ ਗ੍ਰਿਫ਼ਤਾਰ ਕਰਨ ਨੂੰ ਕਾਹਲੀ ਨਾਲ ਲਿਆ ਗਿਆ ਫ਼ੈਸਲਾ ਕਰਾਰ ਦਿਤਾ। ਉਨ੍ਹਾਂ ਚਿੰਤਾ ਪ੍ਰਗਟ ਕਰਦਿਆਂ ਢਾਡੀ ਮਾਨ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ ਕੀਤੀ ਤੇ ਕਿਹਾ ਕਿ ਨੌਜਵਾਨ ਢਾਡੀ ਮਾਨ ਦਾ ਮਾਮਲਾ ਸੰਵੇਦਨਸ਼ੀਲ ਜਜ਼ਬਾਤੀ ਹੈ। ਕੇਸ ਦਰਜ ਕਰਦਿਆਂ ਬੇਲੋੜੀ ਗ੍ਰਿਫ਼ਤਾਰੀ ਨਾਲ ਪ੍ਰਸ਼ਾਸਨ ਪ੍ਰਤੀ ਸੰਗਤ ਵਿਚ ਗਲਤ ਪ੍ਰਭਾਵ ਜਾ ਰਿਹਾ ਹੈ ਅਤੇ ਹਾਲਾਤ ਵਿਚ ਕੁੜੱਤਣ ਪੈਦਾ ਹੋਵੇਗੀ। ਅਜਿਹੇ ਮਾਮਲਿਆਂ ਨੂੰ ਸੰਜਮ ਸਿਆਣਪ ਅਤੇ ਨਿੱਜੀ ਪਹੁੰਚ ਅਪਣਾ ਕੇ ਸੰਵਾਦ ਰਚਾਉਂਦਿਆਂ ਹੱਲ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਢਾਡੀ ਮਾਨ ਦੇ ਕੇਸ ਦੀ ਕਾਨੂੰਨੀ ਪੈਰਵਾਈ ਕੀਤੀ ਜਾਵੇਗੀ। ਇਸ ਮੌਕੇ ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਭਾਈ ਅਜੈਬ ਸਿੰਘ ਅਭਿਆਸੀ, ਗਿਆਨੀ ਜੀਵਾ ਸਿੰਘ, ਗਿਆਨੀ ਸਾਹਿਬ ਸਿੰਘ, ਗਿਆਨੀ ਪਰਵਿੰਦਰਪਾਲ ਸਿੰਘ ਬੁੱਟਰ ਤੇ ਪ੍ਰੋ: ਸਰਚਾਂਦ ਸਿੰਘ ਵੀ ਹਾਜ਼ਰ ਸਨ