ਜੀ ਐਸ ਪੰਨੂ
ਪਟਿਆਲਾ, 26 ਮਾਰਚ 2020 - ਜ਼ਿਲ੍ਹਾ ਮੈਜਿਸਟਰੇਟ ਕੁਮਾਰ ਅਮਿਤ ਨੇ ਪਟਿਆਲਾ ਜ਼ਿਲ੍ਹੇ ਅੰਦਰ ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲਗਾਏ ਗਏ ਕਰਫਿਊ ਦੌਰਾਨ ਗੰਭੀਰ ਬਿਮਾਰੀਆਂ ਦੇ ਮਰੀਜਾਂ ਨੂੰ ਹਸਪਤਾਲਾਂ ਤੱਕ ਲਿਜਾਣ ਅਤੇ ਇਲਾਜ ਉਪਰੰਤ ਘਰ ਤੱਕ ਵਾਪਸ ਲਿਆਉਣ ਦੀ ਖੁੱਲ੍ਹ ਦਿੱਤੀ ਹੈ।
ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜਾਰੀ ਆਦੇਸ਼ਾਂ ਤਹਿਤ ਕੈਂਸਰ, ਡਾਇਲਸਿਸ, ਗਰਭਵਤੀ ਔਰਤਾਂ, ਸ਼ੂਗਰ ਦੇ ਮਰੀਜਾਂ, ਦਿਲ ਦੀ ਬਿਮਾਰੀ ਦੇ ਗ਼ੰਭੀਰ ਮਰੀਜ ਜਾਂ ਕੋਈ ਹੋਰ ਗੰਭੀਰ ਬਿਮਾਰੀ ਦੇ ਮਰੀਜ ਦੀ ਐਮਰਜੈਂਸੀ ਹਾਲਤ ਦੌਰਾਨ ਮਰੀਜਾਂ ਨੂੰ ਐਮਰਜੈਂਸੀ ਹਾਲਤ ਵਿੱਚ ਦਵਾਈ ਲੈਣ ਦੀ ਜਗਾ, ਹਸਪਤਾਲ ਆਦਿ ਤੱਕ ਲਿਜਾਣ ਅਤੇ ਵਾਪਸ ਆਪਣੇ ਘਰ ਆਉਣ ਦੀ ਇਜਾਜ਼ਤ ਦਿੱਤੀ ਗਈ ਹੈ।
ਇਨ੍ਹਾਂ ਬਿਮਾਰੀਆਂ ਨਾਲ ਪੀੜਤ ਮਰੀਜਾਂ ਦੇ ਨਾਲ ਜਾਣ ਵਾਲੇ ਇੱਕ ਅਟੈਂਡੈਂਟ ਵੱਲੋਂ ਮਰੀਜ ਦੀ ਬਿਮਾਰੀ ਨਾਲ ਸਬੰਧਤ ਡਾਕਟਰ ਦੀ ਸਲਾਹ ਵਾਲੇ ਸਾਰੇ ਦਸਤਾਵੇਜ ਨਾਲ ਰੱਖੇ ਜਾਣਗੇ ਜੋ ਕਿ ਪੁਲਿਸ ਵੱਲੋਂ ਪੂਰਨ ਰੂਪ ਵਿੱਚ ਚੈਕ ਕੀਤੇ ਜਾਣਗੇ ਅਤੇ ਉਨ੍ਹਾਂ ਦੀ ਤਸੱਲੀ ਹੋਣ ਉਪਰੰਤ ਹੀ ਇਜ਼ਾਜਤ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਇਸ ਅਧਿਕਾਰ ਦੀ ਕੋਈ ਗ਼ਲਤ ਵਰਤੋਂ ਕਰਦਾ ਪਾਇਆ ਗਿਆ ਤਾਂ ਉਸ ਵਿਰੁੱਧ ਧਾਰਾ 188 ਅਧੀਨ ਕਾਰਵਾਈ ਕੀਤੀ ਜਾਵੇਗੀ।
ਜ਼ਿਲ੍ਹਾ ਮੈਜਿਸਟਰੇਟ ਇੱਕ ਹੋਰ ਹੁਕਮ ਜਾਰੀ ਕਰਦਿਆਂ ਜ਼ਿਲ੍ਹੇ ਅੰਦਰ ਕੰਮ ਕਰਨ ਆਏ ਵੱਖ-ਵੱਖ ਰਾਜਾਂ ਦੇ ਮਜ਼ਦੂਰਾਂ ਨੂੰ ਉਨ੍ਹਾਂ ਦੇ ਆਪਣੇ ਘਰਾਂ ਤੱਕ ਪੁੱਜਦਾ ਕਰਨ ਲਈ ਪ੍ਰਬੰਧ ਕਰਨ ਲਈ ਸਕੱਤਰ, ਰੀਜ਼ਨਲ ਟਰਾਂਸਪੋਰਟ ਅਥਾਰਟੀ ਪਟਿਆਲਾ ਨੂੰ ਨੋਡਲ ਅਫ਼ਸਰ ਨਿਯੁਕਤ ਕੀਤਾ ਹੈ। ਸਕੱਤਰ ਆਰ.ਟੀ.ਏ. ਵੱਲੋਂ ਇਸ ਸਬੰਧੀਂ ਸਾਰੇ ਲੋੜੀਂਦੇ ਪ੍ਰਬੰਧ ਕੀਤੇ ਜਾਣਗੇ।
ਇਸ ਤੋਂ ਬਿਨ੍ਹਾਂ ਲੋਕਾਂ ਨੂੰ ਦੁੱਧ ਦੀ ਸਪਲਾਈ ਯਕੀਨੀ ਤੌਰ 'ਤੇ ਜਾਰੀ ਰੱਖਣ ਲਈ ਪਟਿਆਲਾ ਜ਼ਿਲ੍ਹੇ ਅੰਦਰ ਸਾਰੀਆਂ ਡੇਅਰੀਆਂ ਨੂੰ ਘਰ-ਘਰ ਦੁੱਧ ਦੀ ਸਪਲਾਈ ਕਰਨ ਲਈ ਛੋਟ ਦਿੱਤੀ ਹੈ। ਡੇਅਰੀਆਂ ਵਾਲੇ ਡੇਅਰੀ 'ਤੇ ਦੁੱਧ ਦੀ ਵਿੱਕਰੀ ਨਹੀਂ ਕਰ ਸਕਣਗੇ। ਇਸ ਤੋਂ ਇਲਾਵਾ ਦੋਧੀਆਂ ਨੂੰ ਵੀ ਘਰ-ਘਰ ਦੁੱਧ ਦੀ ਸਪਲਾਈ ਦੀ ਇਜਾਜ਼ਤ ਦਿੱਤੀ ਗਈ ਹੈ।
ਡੇਅਰੀਆਂ/ਦੁੱਧ ਦੀਆਂ ਦੁਕਾਨਾਂ ਦੇ ਮਾਲਕ ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈ ਭਾਰਤ ਸਰਕਾਰ, ਪੰਜਾਬ ਸਰਕਾਰ ਅਤੇ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਸਮੇਂ-ਸਮੇਂ ਸਿਰ ਜਾਰੀ ਹਦਾਇਤਾਂ ਦਾ ਪਾਲਣ ਯਕੀਨੀ ਬਣਾਉਣਗੇ। ਡੇਢ ਤੋਂ ਦੋ ਮੀਟਰ ਸਮਾਜਿਕ ਦੂਰੀ ਬਣਾ ਕੇ ਰੱਖਣ ਸਮੇਤ ਮਾਸਕ ਦੀ ਵਰਤੋਂ ਅਤੇ ਡੇਅਰੀ ਨੂੰ ਸੈਨੇਟਾਈਜ਼ ਕਰਨਾ ਵੀ ਯਕੀਨੀ ਬਣਾਇਆ ਜਾਵੇਗਾ ਅਤੇ ਕਿਸੇ ਵੀ ਹਾਲਤ ਵਿੱਚ 10 ਵਿਅਕਤੀਆਂ ਤੋਂ ਵਧੇਰੇ ਲੋਕਾਂ ਦਾ ਇਕੱਠ ਨਹੀਂ ਹੋਣ ਦਿੱਤਾ ਜਾਵੇਗਾ।