ਜਗਮੀਤ ਸਿੰਘ
- ਇੰਸਪੈਕਟਰਾਂ ‘ਤੇ ਪੈਸੇ ਮੰਗਣ ਤੇ ਖੱਜਲ-ਖੁਆਰ ਕਰਨ ਦੇ ਲਾਏ ਦੋਸ਼
ਭਿੱਖੀਵਿੰਡ, 15 ਮਈ 2020 - ਪਨਗਰੇਨ ਕੰਪਨੀ ਵੱਲੋਂ ਖ੍ਰੀਦ ਕੀਤੀ ਕਣਕ ਨੂੰ ਗੁਦਾਮ ਵਿਚ ਨਾ ਲਗਾਉਣ ਤੋਂ ਖਫਾ ਹੋਏ ਦਾਣਾ ਮੰਡੀ ਭਿੱਖੀਵਿੰਡ ਦੇ ਟੈਂਡਰਕਾਰਾਂ, ਆੜ੍ਹਤੀਆਂ ਤੇ ਟਰੱਕਾਂ ਵਾਲਿਆਂ ਵੱਲੋਂ ਪਨਗਰੇਨ ਦੇ ਇੰਸਪੈਕਟਰਾਂ ਖਿਲਾਫ ਖੱਜਲ-ਖੁਆਰੀ ਦਾ ਦੋਸ਼ ਲਾਉਦਿਆਂ ਪ੍ਰਸ਼ਾਸ਼ਨ ਕੋਲੋਂ ਤੁਰੰਤ ਕਾਰਵਾਈ ਦੀ ਮੰਗ ਕੀਤੀ ਗਈ। ਇੰਸਪੈਕਟਰ ਅੰਗਰੇਜ ਸਿੰਘ, ਇੰਸਪੈਕਟਰ ਸੁਖਵਿੰਦਰ ਸਿੰਘ ਖਿਲਾਫ ਜਿਲ੍ਹਾ ਤਰਨ ਤਾਰਨ ਦੇ ਡਿਪਟੀ ਕਮਿਸ਼ਨਰ ਤੇ ਡੀਐਫਸੀ ਤਰਨ ਤਾਰਨ ਨੂੰ ਭੇਜੀ ਲਿਖਤੀ ਦਰਖਾਸਤ ਵਿਚ ਦਾਣਾ ਮੰਡੀ ਭਿੱਖੀਵਿੰਡ ਦੇ ਟੈਂਡਰਕਾਰ ਭਾਰਤ ਭੂਸ਼ਨ ਲਾਡੂ, ਆੜ੍ਹਤੀ ਰਾਕੇਸ਼ ਕੁਮਾਰ, ਸੰਜੀਵ ਕੁਮਾਰ, ਸਰਬਜੀਤ ਕੁਮਾਰ, ਨਿਤੀਸ਼ ਮਲਹੋਤਰਾ, ਵਰਿੰਦਰ ਸਿੰਘ ਅਰੋੜਾ, ਪਲਵਿੰਦਰ ਸਿੰਘ, ਸਤਨਾਮ ਸਿੰਘ, ਬਲਦੇਵ ਸਿੰਘ, ਰਿਖੀ ਰਾਮ, ਤਰਸੇਮ ਕੁਮਾਰ, ਤੇਜ ਕਮਲ, ਰਾਜੀਵ ਸੋਧੀਂ ਆਦਿ ਨੇ ਦੱਸਿਆ ਕਿ ਪਨਗਰੇਨ ਕੰਪਨੀ ਵੱਲੋਂ ਖ੍ਰੀਦੀ ਗਈ ਕਣਕ ਨੂੰ ਇੰਸਪੈਕਟਰਾਂ ਵੱਲੋਂ ਗੁਦਾਮ ਵਿਚ ਲਗਾਉਣ ਤੋਂ ਆਨਾਕਾਨੀ ਕਰਦਿਆਂ ਕਣਕ ਨਾਲ ਭਰੇ ਟਰੱਕਾਂ ਨੂੰ ਕਈ ਦਿਨ ਗੁਦਾਮ ਦੇ ਬਾਹਰ ਖੜ੍ਹਾ ਕਰਕੇ ਟਰੱਕ ਉਪਰੇਟਰਾਂ, ਆੜ੍ਹਤੀਆਂ ਨੂੰ ਖੱਜਲ-ਖੁਆਰ ਕੀਤਾ ਜਾਂਦਾ ਹੈ, ਜਿਸ ਦੇ ਕਾਰਨ ਮੰਡੀਆਂ ਵਿਚ ਅਸਮਾਨੀ ਛੱਤ ਹੇਠ ਪਿਆ ਮਾਲ ਮੀਂਹ ਕਾਰਨ ਖਰਾਬ ਹੋ ਸਕਦਾ ਹੈ। ਆੜ੍ਹਤੀਆਂ ਨੇ ਕਿਹਾ ਕਿ ਉਕਤ ਇੰਸਪੈਕਟਰ ਡਬਲ ਸ਼ੋਰਟੇਜ ਪਾ ਕੇ ਆੜ੍ਹਤੀਆਂ ਕੋਲੋਂ ਪੈਸੇ ਦੀ ਮੰਗ ਕਰ ਰਹੇ ਹਨ। ਉਹਨਾਂ ਨੇ ਆਖਿਆ ਕਿ ਮੰਡੀਆਂ ਵਿਚ ਖ੍ਰੀਦ ਗਈ ਕਣਕ ਮੀਂਹ ਕਾਰਨ ਖਰਾਬ ਹੁੰਦੀ ਹੈ ਤਾਂ ਇਸ ਲਈ ਆੜ੍ਹਤੀ ਜਿੰਮੇਵਾਰ ਨਹੀਂ ਹੋਣਗੇ।
ਟੈਂਡਰਕਾਰ ਤੇ ਆੜ੍ਹਤੀਆਂ ਵੱਲੋਂ ਲਗਾਏ ਦੋਸ਼ਾਂ ਸੰਬੰਧੀ ਜਦੋਂ ਇੰਸਪੈਕਟਰ ਅੰਗਰੇਜ ਸਿੰਘ, ਇੰਸਪੈਕਟਰ ਸੁਖਵਿੰਦਰ ਸਿੰਘ ਦਾ ਪੱਖ ਜਾਣਨ ਲਈ ਕਈ ਵਾਰ ਟੈਲੀਫੋਨ ‘ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਪਰ ਇੰਸਪੈਕਟਰਾਂ ਵੱਲੋਂ ਫੋਨ ਸੁਣਨਾ ਵੀ ਮੁਨਾਸਿਬ ਨਾ ਸਮਝਿਆ।
ਇਸ ਮਾਮਲੇ ਸੰਬੰਧੀ ਜਦ ਡਿਪਟੀ ਕਮਿਸ਼ਨਰ ਤਰਨ ਤਾਰਨ ਪ੍ਰਦੀਪ ਕੁਮਾਰ ਸੱਭਰਵਾਲ, ਡੀ.ਐਫ.ਸੀ ਮੈਡਮ ਜਸਜੀਤ ਕੌਰ ਨਾਲ ਰਾਬਤਾ ਕਰਨਾ ਚਾਹਿਆ ਤਾਂ ਕਿਸੇ ਵੀ ਅਧਿਕਾਰੀ ਨੇ ਫੋਨ ਚੁੱਕਣਾ ਠੀਕ ਨਾ ਸਮਝਿਆ। ਜਦੋਂ ਕਿ ਐਸ.ਡੀ.ਐਮ ਪੱਟੀ ਨਰਿੰਦਰ ਸਿੰਘ ਧਾਲੀਵਾਲ ਨੂੰ ਪੁੱਛਿਆ ਤਾਂ ਉਹਨਾਂ ਕਿਹਾ ਕਿ ਮੈਂ ਡੀ.ਐਫ.ਸੀ ਤਰਨ ਤਾਰਨ ਨੂੰ ਜਾਣੂ ਕਰਵਾ ਦਿੰਦਾ ਹਾਂ।