ਡੀਡਬਲਯੂਓ ਵੱਲੋਂ ਕੋਵਿਡ ਕੰਟਰੋਲ ਰੂਮ ਦੇ 24 ਮਿਸ਼ਨ ਫ਼ਤਿਹ ਯੋਧਿਆਂ ਨੂੰ ਬੈਜਾਂ ਨਾਲ ਕੀਤਾ ਗਿਆ ਸਨਮਾਨਤ
ਐਸ.ਏ.ਐੱਸ. ਨਗਰ, 24 ਜੂਨ 2020: '' ਮਿਸ਼ਨ ਫ਼ਤਿਹ ਮੁਹਿੰਮ ਸੂਬਾ ਸਰਕਾਰ ਦੀ ਇਕ ਮਹੱਤਵਪੂਰਣ ਪਹਿਲਕਦਮੀ ਹੈ ਜਿਸ ਦਾ ਉਦੇਸ਼ ਵਿਆਪਕ ਲੋਕ ਜਾਗਰੂਕਤਾ ਰਣਨੀਤੀ ਰਾਹੀਂ ਕੋਰੋਨਾ ਵਾਇਰਸ ਮਹਾਮਾਰੀ ਦੀ ਲੜੀ ਨੂੰ ਤੋੜਨਾ ਹੈ। ਮਿਸ਼ਨ ਫ਼ਤਿਹ ਯੋਧੇ ਜੋ ਅਦ੍ਰਿਸ਼ ਨਾਇਕਾਂ ਵਜੋਂ ਪਰਦੇ ਦੇ ਪਿੱਛੇ ਕੰਮ ਕਰ ਰਹੇ ਹਨ, ਇਹਨਾਂ ਯੋਧਿਆਂ ਦਾ ਸਨਮਾਨ ਕਰਨਾ ਉਨ੍ਹਾਂ ਨੂੰ ਹੋਰ ਉਤਸ਼ਾਹ ਦਿੰਦਾ ਹੈ ਤੇ ਉਨ੍ਹਾਂ ਦਾ ਹੌਂਸਲਾ ਵਧਾਉਂਦਾ ਹੈ ਅਤੇ ਭਵਿੱਖ ਵਿੱਚ ਹੋਰ ਵੀ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਤ ਕਰਦਾ ਹੈ। ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਇਨ੍ਹਾਂ ਯੋਧਿਆਂ ਵੱਲੋਂ ਦਿੱਤੀਆਂ ਜਾਂਦੀਆਂ ਸੇਵਾਵਾਂ ਨੂੰ ਸਨਮਾਨ ਦੇਣ ਲਈ ਮਾਣ ਮਹਿਸੂਸ ਕਰਦਾ ਹੈ।’’ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਇੱਥੇ ਜ਼ਿਲ੍ਹਾ ਭਲਾਈ ਅਫ਼ਸਰ (ਡੀ.ਡਬਲਯੂ.ਓ) ਸ੍ਰੀ ਸੁਖਸਾਗਰ ਸਿੰਘ ਨੇ 24 ਮਿਸ਼ਨ ਫ਼ਤਹਿ ਯੋਧਿਆਂ ਦਾ ਬੈਜਾਂ ਨਾਲ ਸਨਮਾਨ ਕਰਨ ਮੌਕੇ ਕੀਤਾ।
ਉਨ੍ਹਾਂ ਇਹ ਵੀ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਇਕ ਕੋਵਿਡ ਕੰਟਰੋਲ ਰੂਮ ਸਥਾਪਤ ਕੀਤਾ ਹੈ ਜੋ ਕਿ ਪਿਛਲੇ 3 ਮਹੀਨਿਆਂ ਤੋਂ ਅੱਜ ਤੱਕ ਕੰਮ ਕਰ ਰਿਹਾ ਹੈ। ਵਧੇਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਇਹ ਯੋਧੇ ਕੰਟਰੋਲ ਰੂਮ ਵਿਚ ਸ਼ਿਫਟਾਂ ਵਿਚ ਕੰਮ ਕਰ ਰਹੇ ਸਨ, ਆਮ ਲੋਕਾਂ ਨੂੰ ਵਡਮੁੱਲੀ ਜਾਣਕਾਰੀ ਪ੍ਰਦਾਨ ਕਰਦੇ ਸਨ ਅਤੇ ਕਰਫਿਊ ਦੌਰਾਨ ਵੀ ਫਲਾਂ, ਸਬਜ਼ੀਆਂ, ਦਵਾਈਆਂ ਵਰਗੀਆਂ ਲੋੜੀਂਦੀਆਂ ਚੀਜ਼ਾਂ ਨਿਰਵਿਘਨ ਤਰੀਕੇ ਨਾਲ ਲੋਕਾਂ ਤੱਕ ਪਹੁੰਚਣਾ ਯਕੀਨੀ ਬਣਾਉਣ ਵਿਚ ਵੀ ਅਹਿਮ ਭੂਮਿਕਾ ਨਿਭਾ ਰਹੇ ਸਨ।
ਉਹਨਾਂ ਸਿਹਤ ਵਿਭਾਗ ਦੇ ਪ੍ਰੋਟੋਕੋਲ ਦੀ ਪੂਰੀ ਤਰ੍ਹਾਂ ਪਾਲਣਾ ਕਰਨ ਦੀ ਮਹੱਤਤਾ 'ਤੇ ਵੀ ਜ਼ੋਰ ਦਿੱਤਾ, ਜਿਵੇਂ ਕਿ ਬਾਹਰ ਜਾਣ ਵੇਲੇ ਮਾਸਕ ਪਹਿਨਣਾ, ਸਾਬਣ ਅਤੇ ਹੈਂਡ ਸੈਨੀਟਾਈਜ਼ਰ ਨਾਲ 20 ਸੈਕਿੰਡ ਲਈ ਹੱਥ ਧੋਣੇ ਅਤੇ ਕੋਰੋਨਾ ਵਾਇਰਸ ਦੇ ਫੈਲਣ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਰੋਕਣ ਲਈ ਢੁੱਕਵੀਂ ਸਮਾਜਿਕ ਦੂਰੀ ਬਣਾਈ ਰੱਖਣਾ।