ਦਿਨੇਸ਼
ਗੁਰਦਾਸਪੁਰ, 10 ਮਈ 2020 - ਐਤਵਾਰ ਸਵੇਰੇ ਜ਼ਿਲ੍ਹਾ ਗੁਰਦਾਸਪੁਰ ਅਤੇ ਬਟਾਲਾ ਵਿਖੇ ਰਹਿੰਦੇ ਪਰਵਾਸੀ ਰਹੀ ਦੇ ਨੂੰ ਆਪਣੇ ਆਪਣੇ ਰਾਜਾਂ ਵਿਖੇ ਭੇਜਣ ਲਈ 4 ਬੱਸਾਂ ਰਵਾਨਾ ਕਰ ਦਿੱਤੀਆਂ ਗਈਆਂ ਹਨ। ਜਿਸ ਵਿੱਚ 2 ਬੱਸਾਂ ਗੁਰਦਾਸਪੁਰ ਅਤੇ 2 ਬੱਸਾਂ ਬਟਾਲਾ ਤੋਂ ਰਵਾਨਾ ਕੀਤੀਆਂ ਗਈਆਂ। ਇਹ ਸਾਰੇ ਪ੍ਰਵਾਸੀ ਬਿਹਾਰ ਵਿਖੇ ਸਥਿਤ ਬੇਗੂ ਸਰਾਏ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਫ਼ਿਲਹਾਲ ਪੰਜਾਬ ਸਰਕਾਰ ਦੀਆਂ ਇਹ ਬੱਸਾਂ ਇਹਨਾਂ ਪਰਵਾਸੀਆਂ ਨੂੰ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਤੱਕ ਪਹੁੰਚਾਉਣਗੀਆਂ। ਜਿੱਥੋਂ ਇਹ ਲੋਕ ਰੇਲ ਗੱਡੀ ਰਾਹੀਂ ਅੱਗੇ ਦਾ ਸਫ਼ਰ ਤੈਅ ਕਰਨਗੇ।
ਵਧੇਰੇ ਜਾਣਕਾਰੀ ਦਿੰਦਿਆਂ ਐੱਸ.ਡੀ.ਐਮ ਗੁਰਦਾਸਪੁਰ ਸਕੱਤਰ ਸਿੰਘ ਬਲ ਅਤੇ ਐੱਸ.ਪੀ.ਡੀ. ਗੁਰਦਾਸਪੁਰ ਹਰਵਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਵੱਲੋਂ ਦਿੱਤੀਆਂ ਗਈਆਂ ਹਿਦਾਇਤਾਂ ਮੁਤਾਬਿਕ ਗੁਰਦਾਸਪੁਰ ਤੋਂ ਅੱਜ ਦੋ ਬੱਸਾਂ 'ਚ 58 ਪ੍ਰਵਾਸੀ ਮਜ਼ਦੂਰਾਂ ਨੂੰ ਘਰ ਵਾਪਸੀ ਲਈ ਭੇਜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪਨ ਬੱਸ ਦੀਆਂ ਇਹ ਬੱਸਾਂ ਇਹਨਾਂ ਲੋਕਾਂ ਨੂੰ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੱਕ ਪਹੁੰਚਾਉਣਗੀਆਂ ਅਤੇ ਅੱਗੋਂ ਇਹ ਲੋਕ ਆਪਣਾ ਸਫ਼ਰ ਰੇਲ ਗੱਡੀ ਰਾਹੀਂ ਤੈਅ ਕਰਨਗੇ। ਉਨ੍ਹਾਂ ਦੱਸਿਆ ਕਿ ਇਹ ਸਾਰੇ ਲੋਕ ਬਿਹਾਰ ਦੇ ਬੇਗੂ ਸਰਾਏ ਇਲਾਕੇ ਨਾਲ ਸਬੰਧਿਤ ਹਨ ਅਤੇ ਭੇਜੇ ਗਏ ਸਾਰੇ ਪ੍ਰਵਾਸੀ ਮਜ਼ਦੂਰਾਂ ਦਾ ਬਾਕਾਇਦਾ ਤੌਰ ਤੇ ਮੈਡੀਕਲ ਕਰਵਾਇਆ ਗਿਆ ਹੈ ਅਤੇ ਮੈਡੀਕਲ ਸਰਟੀਫਿਕੇਟ ਵੇਖਣ ਤੋਂ ਬਾਦ ਹੀ ਇਹਨਾਂ ਲੋਕਾਂ ਨੂੰ ਬੱਸਾਂ ਅੰਦਰ ਸਵਾਰ ਹੋਣ ਦੀ ਆਗਿਆ ਦਿੱਤੀ ਗਈ।
ਉਹਨਾਂ ਦੱਸਿਆ ਕਿ ਕੁੱਜ ਲੋਕ ਆਪਣੇ ਮੈਡੀਕਲ ਸਰਟੀਫਿਕੇਟ ਭੁੱਲ ਆਏ ਸਨ। ਇਸ ਲਈ ਮੌਕੇ ਤੇ ਮੌਜੂਦ ਮੈਡੀਕਲ ਟੀਮਾਂ ਵੱਲੋਂ ਉਨ੍ਹਾਂ ਲੋਕਾਂ ਦੀ ਮੌਕੇ ਤੇ ਹੀ ਸਿਹਤ ਜਾਂਚ ਕਰ ਕੇ ਉਨ੍ਹਾਂ ਨੂੰ ਬੱਸਾਂ ਅੰਦਰ ਬੈਠਣ ਦੀ ਇਜਾਜ਼ਤ ਦਿੱਤੀ ਗਈ।
ਐੱਸ.ਡੀ.ਐਮ ਨੇ ਦੱਸਿਆ ਕਿ ਬੱਸਾਂ ਰਾਹੀਂ ਰਵਾਨਾ ਕੀਤੇ ਗਏ ਲੋਕਾਂ ਨੂੰ ਰਸਤੇ 'ਚ ਲੋੜੀਂਦਾ ਦੋ-ਦੋ ਲੀਟਰ ਪਾਣੀ, ਰੋਟੀ, ਚਣੇ ਅਤੇ ਫਰੂਟ ਆਦੀ ਵੀ ਦਿੱਤਾ ਗਿਆ ਹੈ। ਤਾਂ ਜੋ ਸਫ਼ਰ ਦੌਰਾਨ ਲੋੜ ਪੈਣ ਤੇ ਇਹਨਾਂ ਲੋਕਾਂ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆ ਸਕੇ। ਇਸੇ ਤਰਾਂ ਬਟਾਲਾ ਤੋਂ ਵੀ ਪਰਵਾਸੀਆਂ ਦੀਆਂ 2 ਬੱਸਾਂ ਰਵਾਨਾ ਕਰ ਦਿੱਤੀਆਂ ਗਈਆਂ ਹਨ।
ਉੱਥੇ ਦੂਜੇ ਪਾਸੇ ਆਪਣੇ ਘਰ ਵਾਪਸ ਜਾ ਰਹੇ ਬੇਗੁ ਸਰਾਏ, ਬਿਹਾਰ ਦੇ ਰਹਿਣ ਵਾਲੇ ਬੁਧੀਆ, ਰਾਮ ਸ਼ਰਨ, ਕਲੰਦਰ, ਜੈ ਪਰਕਾਸ਼ ਅਤੇ ਰਾਮ ਮੰਡਲ ਆਦਿ ਨੇ ਘਰ ਵਾਪਸ ਭੇਜੇ ਜਾਣ ਤੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਧੰਨਵਾਦ ਕੀਤਾ।