ਮਨਿੰਦਰਜੀਤ ਸਿੱਧੂ
- ਜੈਤੋ-ਨਿਆਮੀਵਾਲਾ ਰੋਡ ਵਿੱਚ ਧਸੀਆਂ ਗੱਡੀਆਂ
ਜੈਤੋ, 3 ਮਈ 2020 - ਕੋਰੋਨਾ ਮਹਾਂਮਾਰੀ ਦੇ ਕਾਰਨ ਜਿੱਥੇ ਇਹ ਸਾਬਿਤ ਹੋ ਚੁੱਕਾ ਹੈ ਕਿ ਸਾਡੇ ਦੇਸ਼ ਦੇ ਸਿਹਤ ਪ੍ਰਬੰਧ ਅਜਾਦੀ ਤੋਂ 73 ਵਰ੍ਹੇ ਬਾਅਦ ਵੀ ਬਹੁਤ ਨਿਮਨ ਦਰਜੇ ਦੇ ਹਨ ਉੱਥੇ ਬਾਕੀ ਖੇਤਰਾਂ ਵਿੱਚ ਵਿਕਾਸ ਸਿਰਫ ਕਾਗਜੀ ਹੈ। ਦੇਸ਼ ਦੇ ਵਿਕਾਸ ਵਿੱਚ ਭ੍ਰਿਸ਼ਟਾਚਾਰ ਬਹੁਤ ਵੱਡਾ ਰੋੜਾ ਹੈ। ਭ੍ਰਿਸ਼ਟਾਚਾਰ ਦੀ ਤਾਜ਼ਾ ਮਿਸਾਲ ਅੱਜ ਜੈਤੋ ਨਿਆਮੀਵਾਲਾ ਰੋਡ ਉੱਪਰ ਦੇਖਣ ਨੂੰ ਮਿਲੀ ਜਦੋਂ ਇੱਕ ਘੰਟਾ ਪਏ ਦਰਮਿਆਨੇ ਮੀਂਹ ਕਾਰਨ ਸੜਕ ਕਈ ਥਾਵਾਂ ਤੋਂ ਬੈਠ ਗਈ ਅਤੇ ਕਈ ਚਲਦੇ ਵਾਹਨ ਸੜਕ ਵਿੱਚ ਧਸ ਗਏ।
ਇਹ ਸੜਕ ਆਉਣ ਵਾਲੇ ਦਿਨਾਂ ਵਿੱਚ ਵੀ ਵੱਡੇ ਹਾਦਸਿਆਂ ਨੂੰ ਸੱਦਾ ਦੇ ਸਕਦੀ ਹੈ। ਜੈਤੋ ਨਿਆਮੀਵਾਲਾ ਰੋਡ ਲਗਭਗ ਛੇ ਮਹੀਨੇ ਪਹਿਲਾਂ ਬਣੀ ਸੀ। ਜਦੋਂ ਇਹ ਸੜਕ ਬਣੀ ਸੀ ਤਾਂ ਇਸ ਵਿੱਚ ਵਰਤੇ ਜਾ ਰਹੇ ਘਟੀਆ ਮਟੀਰੀਅਲ, ਉੱਚੇ ਉੱਠੇ ਸੀਵਰੇਜ ਦੇ ਗਟਰਾਂ ਦੇ ਢੱਕਣ ਆਦਿ ਮੀਡੀਆਂ ਦੀਆਂ ਸੁਰਖੀਆਂ ਬਣੇ ਸਨ ਪਰ ਪ੍ਰਸ਼ਾਸਨ ਨੇ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ। ਠੇਕੇਦਾਰ ਥੁੱਕ-ਲੁੱਕ ਦੀ ਸੜਕ ਬਣਾ ਕੇ ਚਲਾ ਗਿਆ।
ਇਸ ਮੌਕੇ ਘਟਨਾ ਵਾਲੇ ਸਥਾਨ ਉੱਪਰ ਮੌਜੂਦ ਲੋਕਾਂ ਨੇ ਇਸ ਸਾਰੀ ਘਟਨਾ ਲਈ ਪ੍ਰਸ਼ਾਸਨ ਨੂੰ ਜਿੰਮੇਵਾਰ ਠਹਿਰਾਇਆ। ਉੱਥੇ ਮੌਜੂਦ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਰੌਸ਼ਨ ਲਾਲ ਸ਼ਰਮਾ ਨੇ ਸਰਕਾਰ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਜੋ ਸਰਕਾਰਾਂ ਪਿਛਲੇ 73 ਸਾਲਾਂ ਤੋ ਸਾਨੂੰ ਸਾਡੀਆਂ ਮੁੱਢਲੀਆਂ ਜਰੂਰਤਾਂ ਮੁਹੱਈਆ ਨਹੀਂ ਕਰਵਾ ਸਕੀਆਂ ਇਹਨਾਂ ਸਰਕਾਰਾਂ ਤੋਂ ਹੋਰ ਉਮੀਦ ਵੀ ਕੀ ਕੀਤੀ ਜਾ ਸਕਦੀ ਹੈ। ਉਹਨਾਂ ਕਿਹਾ ਕਿ ਇਸ ਸੜਕ ਨੂੰ ਬਨਾਉਣ ਵਿੱਚ ਬਹੁਤ ਵੱਡਾ ਘੋਟਾਲਾ ਹੋਇਆ ਹੈ ਜਿਸਦੀ ਉੱਚ ਪੱਧਰੀ ਜਾਂਚ ਕਰਵਾਕੇ ਦੋਸ਼ੀਆਂ ਖਿਲਾਫ ਬਣਦੀ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।