ਚੰਡੀਗੜ੍ਹ ਯੂਨੀਵਰਸਿਟੀ ਨੇ ਇੰਜੀਨੀਅਰਿੰਗ ਦੇ ਖੇਤਰ 'ਚ 84ਵਾਂ ਰੈਂਕ ਕੀਤਾ ਹਾਸਿਲ: ਪਿਛਲੇ ਸਾਲ ਦੇ ਮੁਕਾਬਲੇ ਐਨਆਈਆਰਐਫ ਰੈਂਕਿੰਗ ਵਿੱਚ ਪੁੱਟੀ ਵੱਡੀ ਪੁਲਾਂਘ
ਮੈਨੇਜਮੈਂਟ ਦੇ ਖੇਤਰ 'ਚ 51ਵੀਂ ਰੈਂਕਿੰਗ ਕੀਤੀ ਹਾਸਲ: ਪਿਛਲੇ ਸਾਲ ਦੇ ਮੁਕਾਬਲੇ ਬਿਹਤਰੀਨ ਪ੍ਰਦਰਸ਼ਨ
ਦੇਸ਼ ਦੀਆਂ ਵਿਦਿਅਕ ਸੰਸਥਾਵਾਂ ਦੀ ਵੱਖ-ਵੱਖ ਮਾਪਦੰਡਾਂ ਦੇ ਆਧਾਰ 'ਤੇ ਹਰ ਸਾਲ ਰੈਕਿੰਗ ਜਾਰੀ ਕਰਨ ਵਾਲੇ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਵੱਲੋਂ ਸਾਲ 2020 ਐਨ.ਆਈ.ਆਰ.ਐਫ਼ (ਨੈਸ਼ਨਲ ਇੰਸਟੀਚਿਊਸ਼ਨਲ ਰੈਂਕਿੰਗ ਫਰੇਮਵਰਕ) ਰੈਕਿੰਗ ਲਈ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਨੇ ਪਿਛਲੇ ਸਾਲ ਦੇ ਮੁਕਾਬਲੇ ਚੰਗੀ ਕਾਰਗੁਜ਼ਾਰੀ ਵਿਖਾਉਂਦੇ ਹੋਏ ਇੰਜੀਨੀਅਰਿੰਗ ਦੇ ਖੇਤਰ 'ਚ 117ਵੇਂ ਰੈਂਕ ਤੋਂ ਵੱਡੀ ਪੁਲਾਂਘ ਪੁਟਦਿਆਂ 84ਵਾਂ ਰੈਂਕ ਅਤੇ ਮੈਨੇਜਮੈਂਟ ਖੇਤਰ 'ਚ ਸਾਲ 2019 ਦੇ ਮੁਕਾਬਲੇ 64ਵੇਂ ਰੈਂਕ ਤੋਂ 51ਵਾਂ ਸਥਾਨ ਹਾਸਲ ਕਰਕੇ ਨਵਾਂ ਮੀਲ ਪੱਥਰ ਸਥਾਪਿਤ ਕੀਤਾ ਹੈ। ਇਹ ਜਾਣਕਾਰੀ ਚੰਡੀਗੜ੍ਹ ਯੂਨੀਵਰਸਿਟੀ ਦੇ ਪ੍ਰੋ. ਚਾਂਸਲਰ ਡਾ. ਆਰ. ਐਸ ਬਾਵਾ ਨੇ ਪੱਤਰਕਾਰਾਂ ਨਾਲ ਸਾਂਝੀ ਕੀਤੀ। ਡਾ. ਬਾਵਾ ਨੇ ਦੱਸਿਆ ਕਿ ਸਾਲ 2020 ਦੀ ਐਨ.ਆਈ. ਆਰ.ਐਫ਼ ਰੈਕਿੰਗ ਲਈ ਸ਼ਾਨਦਾਰ ਪ੍ਰਦਰਸ਼ਨ ਵਿਖਾਉਂਦਿਆਂ ਚੰਡੀਗੜ੍ਹ ਯੂਨੀਵਰਸਿਟੀ ਜਿਥੇ ਦੇਸ਼ ਦੀਆਂ 100 ਵਿਦਿਅਕ ਸੰਸਥਾਵਾਂ ਦੀ ਸੂਚੀ 'ਚ ਸ਼ਾਮਲ ਹੋਈ ਹੈ ਉਥੇ ਹੀ ਉੱਤਰ ਭਾਰਤ 'ਚ ਦੀਆਂ ਚੋਟੀ ਦੀਆਂ ਯੂਨੀਵਰਸਿਟੀ 'ਚੋਂ ਸ਼ੁਮਾਰ ਹੋ ਗਈ ਹੈ।
ਡਾ. ਬਾਵਾ ਨੇ ਦੱਸਿਆ ਕਿ ਭਾਰਤ ਸਰਕਾਰ ਦੇ ਮਨੁੱਖੀ ਸਰੋਤ ਮੰਤਰਾਲੇ ਵੱਲੋਂ ਆਧੁਨਿਕ ਅਦਾਕਮਿਕ ਮਾਡਲ, ਟੀਚਿੰਗ, ਲਰਨਿੰਗ, ਖੋਜ ਕਾਰਜ, ਵਿੱਦਿਅਕ ਪ੍ਰਬੰਧ, ਉਦਯੋਗਿਕ ਅਤੇ ਅੰਤਰਰਾਸ਼ਟਰੀ ਗਠਜੋੜ, ਵਿਦਿਆਰਥੀ ਪਲੇਸਮੈਂਟਾਂ ਅਤੇ ਗ੍ਰੈਜੂਏਸ਼ਨ ਨਤੀਜਿਆਂ ਦੇ ਵਿਆਪਕ ਮੁਲਾਕਣ ਦੇ ਆਧਾਰ 'ਤੇ ਇਹ ਰੈਂਕਿੰਗ ਜਾਰੀ ਕੀਤੀ ਗਈ ਹੈ। ਡਾ. ਬਾਵਾ ਨੇ ਦੱਸਿਆ ਕਿ ਸਾਲ 2020 ਲਈ ਐਨ.ਆਈ.ਆਰ.ਐਫ਼ ਰੈਕਿੰਗ ਮਾਨਯੋਗ ਮਨੁੱਖੀ ਸਰੋਤ ਵਿਕਾਸ ਮੰਤਰੀ ਡਾ. ਰਮੇਸ਼ ਪੋਖਰੀਆਲ ਨਿਸ਼ਾਂਕ ਵੱਲੋਂ ਜਾਰੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਸਾਲ ਦੇਸ਼ ਦੀਆਂ ਕੁੱਲ 3771 ਵਿੱਦਿਅਕ ਸੰਸਥਾਵਾਂ ਨੇ ਐਨ.ਆਈ.ਆਰ.ਐਫ਼ ਰੈਂਕਿੰਗ ਲਈ ਅਪਲਾਈ ਕੀਤਾ ਸੀ। ਉਨ੍ਹਾਂ ਦੱਸਿਆ ਕਿ ਸੱਭਿਆਚਾਰਕ ਵਿਭਿੰਨਤਾ ਵੀ 'ਵਰਸਿਟੀ ਦੀ ਵੱਡੀ ਪ੍ਰਾਪਤੀ ਸਮਝੀ ਗਈ ਹੈ ਜਿਸ ਤਹਿਤ 30 ਤੋਂ ਵੱਧ ਦੇਸ਼ਾਂ ਦੇ ਅੰਤਰਰਾਸ਼ਟਰੀ ਵਿਦਿਆਰਥੀ ਅਤੇ ਦੇਸ਼ ਦੇ 29 ਪ੍ਰਾਂਤਾਂ ਦੇ ਵਿਦਿਆਰਥੀ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਪੜ੍ਹਾਈ ਕਰ ਰਹੇ ਹਨ। ਜਿਸ ਸਦਕਾ ਚੰਡੀਗੜ੍ਹ ਯੂਨੀਵਰਸਿਟੀ ਇੰਜੀਨੀਅਰਿੰਗ ਦੇ ਖੇਤਰ 'ਚ ਉਤਰ ਭਾਰਤ ਦੀਆਂ ਪ੍ਰਾਈਵੇਟ ਯੂਨੀਵਰਸਿਟੀਆਂ ਵਿਚੋਂ ਤੀਜੇ ਸਥਾਨ ਅਤੇ ਪੰਜਾਬ 'ਚ ਦੂਜੇ ਸਥਾਨ 'ਤੇ ਕਾਬਜ਼ ਹੋ ਗਈ ਹੈ ਜਦਕਿ ਦੇਸ਼ ਭਰ ਦੀਆਂ ਪ੍ਰਾਈਵੇਟ ਯੂਨੀਵਰਸਿਟੀਆਂ ਵਿਚੋਂ 17ਵਾਂ ਰੈਂਕ ਪ੍ਰਾਪਤ ਕਰਨ 'ਚ ਕਾਮਯਾਬ ਰਹੀ ਹੈ। ਇਸੇ ਤਰ੍ਹਾਂ ਮੈਨੇਜਮੈਂਟ ਖੇਤਰ ਦੀ ਗੱਲ ਕਰਦਿਆਂ ਡਾ. ਬਾਵਾ ਨੇ ਦੱਸਿਆ ਕਿ 'ਵਰਸਿਟੀ ਨੇ ਮੈਨੇਜਮੈਂਟ 'ਚ ਪੰਜਾਬ ਪੱਧਰ 'ਤੇ ਦੂਜਾ ਸਥਾਨ ਅਤੇ ਉੱਤਰ ਭਾਰਤ ਦੀਆਂ ਵਿਦਿਅਕ ਸੰਸਥਾਵਾਂ ਵਿਚੋਂ 10ਵਾਂ ਸਥਾਨ ਹਾਸਲ ਕੀਤਾ ਹੈ ਜਦਕਿ ਦੇਸ਼ ਦੀਆਂ ਪ੍ਰਾਈਵੇਟ ਯੂਨੀਵਰਸਿਟੀਆਂ ਵਿਚੋਂ 23ਵੇਂ ਸਥਾਨ 'ਤੇ ਕਾਬਜ਼ ਰਹਿਣ ਦਾ ਮਾਣ ਹਾਸਲ ਕੀਤਾ ਹੈ।
ਇਸ ਮੌਕੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸ. ਸਤਨਾਮ ਸਿੰਘ ਸੰਧੂ ਨੇ ਦੱਸਿਆ ਕਿ ਸਾਲ 2012 ਵਿੱਚ ਸਥਾਪਿਤ ਹੋਈ ਚੰਡੀਗੜ੍ਹ ਯੂਨੀਵਰਸਿਟੀ ਕੇਵਲ ਅੱਠ ਸਾਲਾਂ ਦੇ ਅਰਸੇ 'ਚ ਹੀ ਆਪਣੇ ਮਿਆਰ ਦੇ ਅਧਾਰ 'ਤੇ ਦੇਸ਼ ਦੀਆਂ ਪ੍ਰਮੁੱਖ ਵਿਦਿਅਕ ਸੰਸਥਾਵਾਂ ਵਿਚੋਂ ਸ਼ੁਮਾਰ ਹੋ ਗਈ ਹੈ। ਉਨ੍ਹਾਂ ਇਸ ਪ੍ਰਾਪਤੀ ਦਾ ਸਿਹਰਾ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਸਖ਼ਤ ਮਿਹਨਤ ਨੂੰ ਦਿੰਦਿਆਂ ਕਿਹਾ ਕਿ ਉਸਾਰੂ ਨੀਤੀਆਂ ਅਤੇ ਪ੍ਰਤੀਭਾਸ਼ਾਲੀ ਤੇ ਸਮਰੱਥ ਟੀਮ ਹੀ ਅੱਵਲ ਨਤੀਜੇ ਸਾਹਮਣੇ ਲਿਆ ਸਕਦੀ ਹੈ।ਇਸ ਮੌਕੇ ਉਨ੍ਹਾਂ ਸੀਯੂ ਦੇ ਅਧਿਆਪਕਾਂ ਅਤੇ ਹੋਰਨਾਂ ਕਰਮਚਾਰੀਆਂ ਨੂੰ ਆਪਣੇ ਸ਼ਾਨਦਾਰ ਕੰਮ ਨੂੰ ਜਾਰੀ ਰੱਖਣ ਲਈ ਉਤਸ਼ਾਹਿਤ ਕੀਤਾ।ਸ. ਸੰਧੂ ਕਿਹਾ ਕਿ ਸਾਨੂੰ ਉਮੀਦ ਹੈ ਕਿ ਆਉਣ ਵਾਲੇ ਸਾਲਾਂ ਦੌਰਾਨ 'ਵਰਸਿਟੀ ਦੇਸ਼ ਭਰ ਦੀਆਂ ਯੂਨੀਵਰਸਿਟੀਆਂ ਵਿਚੋਂ ਪਹਿਲੇ ਸਥਾਨ 'ਤੇ ਸ਼ੁਮਾਰ ਹੋ ਜਾਵੇਗੀ, ਜਿਸ ਲਈ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਹੋਰ ਉਸਾਰੂ ਰਣਨੀਤੀਆਂ ਤਿਆਰ ਕੀਤੀਆਂ ਜਾ ਰਹੀਆਂ ਹਨ।