ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਬਾਹਰਲੇ ਵਿਅਕਤੀਆਂ ਦੇ ਦਾਖਲੇ ਉਤੇ ਲਗਾਈ ਮੁਕੰਮਲ ਰੋਕ
ਰਾਜਪੁਰਾ, 30 ਮਾਰਚ 2020 : ਕੋਰੋਨਾ ਵਾਇਰਸ ਕਾਰਣ ਪੰਜਾਬ ਸੂਬੇ ਅੰਦਰ ਚੱਲ ਰਹੇ ਕਰਫਿਊ ਨੂੰ ਮੁਕੰਮਲ ਤੌਰ ਤੇ ਲਾਗੂ ਕਰਵਾਉਣ ਦੇ ਲਈ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਸਾਂਝੇ ਮਤੇ ਪਾ ਕੇ ਪਿੰਡ ਦੇ ਰਸਤਿਆਂ ਨੂੰ ਬੈਰੀਕੇਟ ਲਗਾ ਕੇ ਸੀਲ ਕਰਕੇ ਬਾਹਰਲੇ ਵਿਅਕਤੀਆਂ ਦੇ ਪਿੰਡਾਂ `ਚ ਆਉਣ ਤੇ ਪੂਰਨ ਪਾਬੰਦੀ ਲਗਾ ਦਿੱਤੀਆਂ ਤੇ ਪਿੰਡ ਵਾਸੀਆਂ ਦਾ ਵੀ ਬਿਨ੍ਹਾਂ ਕੰਮ ਦੇ ਬਾਹਰ ਜਾਣ ਤੋਂ ਵੀ ਮਨ੍ਹਾਂ ਕਰ ਦਿੱਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆ ਪਿੰਡ ਚਮਾਰੂ ਦੇ ਸਰਪੰਚ ਗੁਰਵਿੰਦਰ ਸਿੰਘ, ਪਿੰਡ ਭੂਰੀਮਾਜਰਾ ਦੇ ਸਰਪੰਚ ਸੁਖਪ੍ਰੀਤ ਸਿੰਘ, ਪਿੰਡ ਘੱਗਰਸਰਾਏ ਦੇ ਸਰਪੰਚ ਸੁਖਦੇਵ ਸਿੰਘ ਨੇ ਦੱਸਿਆ ਕਿ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਦੇ ਲਈ ਜਿਥੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੂਬੇ ਅੰਦਰ ਕਰਫਿਊ ਲਗਾ ਕੇ ਲੋਕਾਂ ਨੂੰ ਆਪਣੇ ਘਰ੍ਹਾਂ ਵਿੱਚ ਹੀ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ। ਜਿਸ ਤੇ ਪੰਚਾਇਤਾਂ ਵੱਲੋਂ ਇਨ੍ਹਾਂ ਹੁਕਮਾਂ ਨੂੰ ਇੰਨ-ਬਿੰਨ ਲਾਗੂ ਕਰਨ ਦੇ ਲਈ ਸਾਂਝੇ ਮਤੇ ਪਾ ਕੇ ਪਿੰਡਾਂ ਦੇ ਆਉਣ-ਜਾਣ ਵਾਲੇ ਸਾਰੇ ਰਸਤਿਆਂ ਨੂੰ ਬੈਰੀਕੇਟ ਲਗਾ ਕੇ ਸੀਲ ਕਰ ਦਿੱਤਾ ਹੈ ਤੇ ਹਰ ਸਮੇਂ ਨੌਜਵਾਨਾਂ ਵੱਲੋਂ ਬਾਹਰ ਤੋਂ ਆਉਣ ਵਾਲੇ ਵਿਅਕਤੀਆਂ ਦੀ ਪੂਰਨ ਤੌਰ ਤੇ ਦਾਖਲੇ ਉਤੇ ਰੋਕ ਲਗਾਉਣ ਦੇ ਲਈ ਪਹਿਰੇ ਵੀ ਦਿੱਤੇ ਜਾ ਰਹੇ ਹਨ। ਇਸ ਤੋਂ ਇਲਾਵਾ ਪਿੰਡ ਵਿੱਚੋਂ ਵੀ ਪਰਿਵਾਰ ਦਾ ਉਹ ਵਿਅਕਤੀ ਹੀ ਬਾਹਰ ਜਾ ਰਿਹਾ ਹੈ ਜਿਸ ਨੇ ਸਬਜ਼ੀ, ਰਾਸ਼ਨ ਦਾ ਸਮਾਨ ਜਾਂ ਦਵਾਈਆਂ ਵਗੈਰਾ ਲਿਆਉਣੀ ਹੁੰਦੀ ਹੈ। ਇਸ ਤਰ੍ਹਾਂ ਪਿੰਡ ਦੇ ਵਸਨੀਕ ਦੀ ਸ਼ਹਿਰ ਤੋਂ ਵਾਪਸੀ ਤੇ ਉਸ ਦੇ ਚੰਗੀ ਤਰ੍ਹਾਂ ਹੱਥ ਸਾਬਣ ਨਾਲ ਧਵਾ ਕੇ ਅਤੇ ਪੂਰੀ ਤਰ੍ਹਾਂ ਸੈਨੇਟਾਈਜ਼ ਕਰਕੇ ਹੀ ਦਾਖਲ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਨੇੜਲੇ ਪਿੰਡ ਰਾਮਨਗਰ ਸੈਣੀਆਂ ਵਿੱਚ ਕੋਰੋਨਾ ਵਾਇਰਸ ਦੇ ਪਾਜੀਟਿਵ ਆਏ ਕੇਸ ਸਬੰਧੀ ਵੀ ਲੋਕਾਂ ਵਿੱਚ ਬੈਠੇ ਡਰ ਸਬੰਧੀ ਕਿਹਾ ਕਿ ਜੇਕਰ ਅਸੀਂ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਦੁਆਰਾ ਦਿੱਤੀਆਂ ਹਦਾਇਤਾਂ ਉਤੇ ਅਮਲ ਕਰਾਂਗੇ ਤਾਂ ਹੀ ਅਸੀਂ ਵਾਇਰਸ ਨੂੰ ਫੈਲਣ ਤੋਂ ਰੋਕ ਸਕਦੇ ਹਾਂ। ਇਸ ਤਰ੍ਹਾਂ ਨੇੜਲੇ ਪਿੰਡ ਭੂਰੀਮਾਜਰਾ ਵਿਖੇ ਪੰਜਾਬ ਰਾਜਪੂਤ ਭਲਾਈ ਬੋਰਡ ਦੇ ਸਾਬਕਾ ਚੇਅਰਮੈਨ ਸੁਖਬੀਰ ਸਿੰਘ ਭੂਰੀਮਾਜਰਾ ਤੇ ਉਕਤ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਪਿੰਡ ਵਾਸੀਆਂ ਨੂੰ ਮਾਸਕ ਵੀ ਵੰਡੇ ਗਏ।
ਫੋਟੋ -ਨੇੜਲੇ ਪਿੰਡ ਭੂਰੀਮਾਜਰਾ ਵਿਖੇ ਪਿੰਡ ਦੇ ਰਸਤੇ ਨੂੰ ਸੀਲ ਕਰਨ ਉਪਰੰਤ ਜਾਣਕਾਰੀ ਦਿੰਦੇ ਹੋਏ ਸੁਖਬੀਰ ਸਿੰਘ ਭੂਰੀਮਾਜਰਾ ਤੇ ਹੋਰ। ।