ਹਰਿੰਦਰ ਨਿੱਕਾ
- ਬਾਹਰਲੇ ਸੂਬਿਆਂ ਤੋਂ ਆਉਣ ਵਾਲਿਆਂ ਨੂੰ ਰਿਪੋਰਟ ਨੈਗੇਟਿਵ ਆਉਣ 'ਤੇ ਪਿੰਡ ਪੱਧਰ 'ਤੇ ਇਕਾਂਤਵਾਸ ਕੇਂਦਰਾਂ ਵਿੱਚ ਰੱਖਣ ਦੇ ਆਦੇਸ਼
- ਬਾਹਰਲੇ ਰਾਜਾਂ ਤੋਂ ਵਾਪਸ ਆ ਰਹੇ ਵਿਅਕਤੀਆਂ ਦੀ 100 ਫੀਸਦੀ ਸਕਰੀਨਿੰਗ ਕੀਤੀ ਜਾ ਰਹੀ ਹੈ
- ਮਹਾਂਮਾਰੀ ਨੂੰ ਅੱਗੇ ਫੈਲਣ ਤੋਂ ਰੋਕਣ ਲਈ ਪਿੰਡ ਪੱਧਰ 'ਤੇ ਚੌਕਸੀ ਵਧਾਉਣ ਦੇ ਹੁਕਮ
ਸੰਗਰੂਰ, 1 ਮਈ 2020 - ਪੰਜਾਬ ਸਰਕਾਰ ਵੱਲੋਂ ਦੂਜੇ ਸੂਬਿਆਂ ਤੋਂ ਕੋਵਿਡ ਪ੍ਰਭਾਵਿਤ ਮਰੀਜ਼ਾਂ ਦੇ ਆਉਣ ਦੇ ਮਾਮਲੇ ਬਾਰੇ ਡੂੰਘੀ ਚਿੰਤਾ ਜ਼ਾਹਰ ਕਰਦੇ ਹੋਏ ਦੂਜੇ ਸੂਬਿਆਂ ਤੋਂ ਆਉਣ ਵਾਲਿਆਂ ਨੂੰ ਰਿਪੋਰਟ ਨੈਗੇਟਿਵ ਆਉਣ 'ਤੇ ਪਿੰਡ ਪੱਧਰ 'ਤੇ ਇਕਾਂਤਵਾਸ ਵਜੋਂ ਐਲਾਨੀਆਂ ਇਮਾਰਤਾਂ ਵਿੱਚ ਰੱਖਣ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਇਸ ਸਬੰਧੀ ਸਮੂਹ ਉਪ ਮੰਡਲ ਮੈਜਿਸਟ੍ਰੇਟ ਨੂੰ ਹਦਾਇਤਾਂ ਜਾਰੀ ਕਰਨ ਮੌਕੇ ਜ਼ਿਲ੍ਹਾ ਮੈਜਿਸਟ੍ਰੇਟ ਘਨਸ਼ਿਅਮ ਥੋਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਾਹਰਲੇ ਰਾਜਾਂ ਤੋਂ ਵਾਪਸ ਆਏ ਵਿਅਕਤੀਆਂ ਦੀ 100 ਪ੍ਰਤੀਸ਼ਤ ਸਕਰੀਨਿੰਗ ਕੀਤੀ ਜਾ ਰਹੀ ਹੈ ਅਤੇ ਟੈਸਟ ਪਾਜ਼ੀਟਿਵ ਆਉਣ 'ਤੇ ਸਬੰਧਿਤ ਵਿਅਕਤੀ ਨੂੰ ਸਰਕਾਰੀ ਇਕਾਂਤਵਾਸ ਕੇਦਰਾਂ ਵਿਖੇ ਭੇਜਿਆ ਜਾਂਦਾ ਹੈ।ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਜਿਨ੍ਹਾਂ ਵਿਅਕਤੀਆਂ ਦਾ ਟੈਸਟ ਨੈਗੇਟਿਵ ਆਉਂਦਾ ਹੈ, ਉਨ੍ਹਾਂ ਨੂੰ 14 ਦਿਨਾਂ ਲਈ ਪਿੰਡ ਪੱਧਰ *ਤੇ ਬਣੇ ਸਰਕਾਰੀ ਇਕਾਂਤਵਾਸ ਕੇਂਦਰਾਂ ਵਿੱਚ ਨਿਗਰਾਨੀ ਹੇਠ ਰੱਖਿਆ ਜਾਏਗਾ।
ਸ਼੍ਰੀ ਥੋਰੀ ਨੇ ਸਮੂਹ ਉਪ ਮੰਡਲ ਮੈਜਿਸਟ੍ਰੇਟ ਨੂੰ ਹਦਾਇਤਾਂ ਜਾਰੀ ਕਰਦੇ ਹੋਏ ਕਿਹਾ ਕਿ ਉਹ ਆਪਣੇ ਪੱਧਰ 'ਤੇ ਪਿੰਡਾਂ ਵਿਚ ਮੰਦਰਾਂ, ਗੁਰੂਦੁਆਰਿਆ ਆਦਿ ਹੋਰ ਢੁਕਵੀਆਂ ਥਾਵਾਂ ਦੀ ਚੋਣ ਕਰਦਿਆਂ ਇਹ ਯਕੀਨੀ ਬਣਾਉਣ ਕਿ ਇਕਾਂਤਵਾਸ ਕੇਂਦਰ ਤੇ ਲੋੜੀਂਦੀਆਂ ਮੁੱਢਲੀਆਂ ਸੁਵਿਧਾਵਾਂ ਉਪਲਬਧ ਹੋੋਣ ਤਾਂ ਜੋ ਇਕਾਂਤਵਾਸ ਕੀਤੇ ਵਿਅਕਤੀਆਂ ਨੂੰ ਕੋਈ ਸਮੱਸਿਆ ਨਾ ਆਵੇ।
ਜ਼ਿਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਇਕਾਂਤਵਾਸ ਕੇਂਦਰ ਵਿਚ ਰੱਖੇ ਜਾਣ ਵਾਲੇ ਵਿਅਕਤੀਆਂ ਨੂੰ ਸਿਹਤ ਸੇਵਾਵਾਂ ਮੁਹੱਈਆ ਕਰਵਾਉਂਦੇ ਹੋਏ, ਠਹਿਰਾਏ ਵਿਅਕਤੀਆਂ ਦੀ ਸੂਚੀ,ਨਿਰੀਖਣ ਤੇ ਇਕਾਂਤਵਾਸ ਸਬੰਧੀ ਰੋਜ਼ਾਨਾ ਰਿਕਾਰਡ ਮੇਨਟੇਨ ਕੀਤਾ ਜਾਏਗਾ ਜਦੋਂਕਿ ਪਿੰਡ ਦੇ ਚੌਂਕੀਦਾਰ ਤੇ ਨੰਬਰਦਾਰਾਂ ਵੱਲੋਂ ਇਕਾਂਤਵਾਸ ਕੇਂਦਰ ਦੀ 24 ਘੰਟੇ ਨਿਗਰਾਨੀ ਯਕੀਨੀ ਬਣਾਈ ਜਾਏਗੀ।
ਸ਼੍ਰੀ ਥੋਰੀ ਵੱਲੋਂ ਪਿੰਡ ਪੱਧਰ ਤੇ ਬਣਾਏ ਜਾਣ ਵਾਲੇ ਇਕਾਂਤਵਾਸ ਕੇਂਦਰਾਂ ਦੀ ਨਿਗਰਾਨੀ ਲਈ ਸਰਪੰਚ, ਪਟਵਾਰੀ, ਪੰਚਾਇਤ ਸਕੱਤਰ,ਸਹਿਕਰਾਤਾ ਵਿਭਾਗ ਦੇ ਕਰਮਚਾਰੀ,ਜੀ ਓ ਜੀ,ਨੰਬਰਦਾਰ ਤੇ ਚੌਂਕੀਦਾਰ,ਸਿਹਤ ਵਿਭਾਗ ਤੋਂ ਮਲਟੀਪਰਪਜ਼ ਸੁਪਰਵਾਈਜ਼ਰ, ਮਲਟੀਪਰਪਜ਼ ਹੈਲਥ ਵਰਕਰ, ਆਸ਼ਾ ਵਰਕਰ, ਆਂਗਣਵਾੜੀ,ਜਗ੍ਹਾ ਦੇ ਪ੍ਰਬੰਧਕ ਆਦਿ ਨੂੰ ਸਾਂਝੇ ਤੌਰ ਤੇ ਜ਼ਿੰਮੇਵਾਰ ਬਣਾਇਆ ਗਿਆ ਹੈ।
ਉਹਨਾਂ ਨੇ ਸਰਪੰਚਾਂ ਅਤੇ ਪੰਚਾਇਤਾਂ ਨੂੰ ਅਪੀਲ ਕੀਤੀ ਕਿ ਇਸ ਮਹਾਮਾਰੀ ਨੂੰ ਅੱਗੇ ਫੈਲਣ ਤੋਂ ਰੋਕਣ ਲਈ ਪਿੰਡ ਪੱਧਰ ੋਤੇ ਚੌਕਸੀ ਵਧਾ ਦੇਣ ਅਤੇ ਜੇਕਰ ਕੋਈ ਵੀ ਵਿਅਕਤੀ ਇਕਾਂਤਵਾਸ ਦੀ ਉਲੰਘਣਾ ਕਰਦਾ ਹੈ ਤਾਂ ਉਸ ਵਿਰੁੱਧ ਕਾਨੂੰਨ ਅਨੁਸਾਰ ਐਫਆਈਆਰ ਦਰਜ ਕੀਤੀ ਜਾਵੇਗੀ।