ਅਸ਼ੋਕ ਵਰਮਾ
- ਛੋਟੀ ਉਮਰ ਦੀ ਸਰਪੰਚ ਨੇ ਲਿਆ ਪਿੰਡ ਦੀ ਰਾਖੀ ਦਾ ਫੈਸਲਾ
ਬਠਿੰਡਾ ,2 ਅਪ੍ਰੈਲ 2020 - ਸਾਧ ਸੰਗਤ ਜੀ ਕੋਰੋਨਾ ਵਾਇਰਸ ਬੜੀ ਭਿਆਨਕ ਬਿਮਾਰੀ ਹੈ। ਇਸ ਤੋਂ ਬਚਾਅ ਰੱਖਣ ਲਈ ਆਪਾਂ ਨੂੰ ਇਕੱਠੇ ਹੋਣਾ ਪੈਣਾ ਹੈ। ਇਸ ਕੰਮ ਲਈ ਸਭ ਤੋਂ ਪਹਿਲਾਂ ਪਿੰਡ ਨੂੰ ਪਹਿਲ ਦੇ ਅਧਾਰ ਤੇ ਸੀਲ ਕੀਤਾ ਜਾਣਾ ਹੈ ਜਿਸ ਲਈ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਦੀ ਜਰੂਰਤ ਹੈ। ਪਿੰਡ ਮਾਣਕਖਾਨਾ ਇੱਕ ਪ੍ਰੀਵਾਰ ਹੈ ਅਤੇ ਹਰ ਦੁੱਖ ਸੁੱਖ ਆਪਾਂ ਇਕੱਠਿਆਂ ਰਹਿ ਕੇ ਹੀ ਵੰਡਣਾ ਹੈ। ਪੰਜਾਬ ’ਚ ਕਰੋਨਾ ਵਾਇਰਸ ਕਾਰਨ ਪੰਜ ਮੌਤਾਂ ਹੋ ਗਈਆਂ ਹਨ । ਬਠਿੰਡਾ ਜਿਲ੍ਹੇ ਦੇ ਪਿੰਡ ਮਾਣਕ ਖਾਨਾ ਦੀ ਸਰਪੰਚ ਸੈਸ਼ਨਦੀਪ ਕੌਰ ਨੇ ਕਰੀਬ ਪੰਜ ਮਿੰਟ ਦੇ ਆਪਣੇ ਸੰਬੋਧਨ ’ਚ ਪਿੰਡ ਵਾਸੀਆਂ ਨੂੰ ਪੰਜਾਬ ਦੇ ਸਿਰ ਕੂਕਦੀ ਹੋਣੀ ਬਾਰੇ ਦੱਸਿਆ ਤਾਂ ਹੁਣ ਉਹ ਇੱਕ ਮੋਰੀ ਨਿੱਕਲ ਗਏ ਹਨ। ਪਿੰੰਡ ਨੂੰ ਪਤਾ ਲੱਗਿਆ ਕਿ ਕਰੋਨਾ ਦੇ ਖਤਰੇ ਵੱਡੇ ਹਨ ਤਾਂ ੳਨਾਂ ਨੇ ਪਿੰਡ ਸੀਲ ਕਰ ਦਿੱਤਾ ਹੈ। ਪਿੰਡ ਨੂੰ ਤਿੰਨ ਰਾਹ ਆਉਂਦੇ ਹਨ ਜਿੰਨਾਂ ਤੇ ਸਖਤ ਪਹਿਰਾ ਲੱਗਿਆ ਹੋਇਆ ਹੈ। ਸੈਸ਼ਨਦੀਪ ਕੌਰ ਖੁਦ ਨਾਕਿਆਂ ਦੀ ਪਹਿਰੇਦਾਰੀ ਕਰਦੀ ਹੈ। ਉਸ ਨੇ ਪਿੰਡ ਵਾਸੀਆਂ ਨੂੰ ਸਮਝਾ ਦਿੱਤਾ ਹੈ ਕਿ ਕਰੋਨਾ ਵਾਇਰਸ ਕਿੰਨਾਂ ਖਤਰਨਾਕ ਹੈ ਜਿਸ ਤੋਂ ਬਚਣ ਲਈ ਘਰੇ ਰਹਿਣ ਦੀ ਲੋੜ ਹੈ।
ਪਿੰਡ ਨੂੰ ਕੋਰੋਨਾ ਵਾਇਰਸ ਵਰਗੀ ਭਿਆਨਕ ਮਹਾਂਮਾਰੀ ਤੋਂ ਬਚਾਉਣ ਦਾ ਫੈਸਲਾ ਕਰ ਲਿਆ ਹੈ। ਬਠਿੰਡਾ ਜਿਲੇ ਦੀ ਸਭ ਤੋਂ ਛੋਟੀ ਉਮਰ ’ਚ ਪਿੰਡ ਮਾਣਕ ਖਾਨਾ ਦੀ ਸਰਪੰਚ ਬਣੀ ਸੈਸ਼ਨਦੀਪ ਕੌਰ ਨੇ ਆਪਣੇੇ ਪਿੰਡ ਨੂੰ ਹਰ ਪੱਖ ਤੋਂ ਸਵਾਰਨ ਦਾ ਸੁਫਨਾ ਲਿਆ ਹੈ। ਬੀਐਸਸੀ ਐਗਰੀਕਲਚਰ ਦੀ ਯੋਗਤਾ ਰੱਖਦੀ ਸੈਸ਼ਨਦੀਪ ਕੌਰ ਸਰਪੰਚੀ ਦੇ ਨਾਲੋ ਨਾਲ ਆਈ.ਪੀ.ਐਸ ਦੀ ਤਿਆਰੀ ਵੀ ਕਰ ਰਹੀ ਹੈ। ਦਿਲਚਸਪ ਗੱਲ ਹੈ ਕਿ ਬਠਿੰਡਾ ਪੱਟੀ ਦੇ ਇਸ ਪਿੰਡ ’ਚ ਮਹਿਲਾ ਤਾਕਤ ਨੇ ਪੇਂਡੂ ਵਿਕਾਸ ਦਾ ਵੀ ਮੂੰਹ ਮੱਥਾ ਸੰਵਾਰਿਆ ਹੈ। ਪੰਚਾਇਤੀ ਰਾਜ ‘ਚ ਔਰਤਾਂ ਦੀ ਭੂਮਿਕਾ ਇਨਕਲਾਬੀ ਬਨਾਉਣ ਲਈ ਮਹਿਲਾ ਸਰਪੰਚ ਸੈਸ਼ਨਦੀਪ ਕੌਰ ਅੱਗੇ ਆਈ ਹੈ। ਪਿੰਡ ਦੀ ਇਸ ਧੀਅ ਨੇ ਬਤੌਰ ਸਰਪੰਚ ਆਪਣੇ ਪੂਰੇ ਪਿੰਡ ਨੂੰ ਆਪਣਾ ਘਰ ਸਮਝ ਲਿਆ ਤਾਂ ਉਸ ਦੀ ਸੋਚ ਹੈ ਕਿ ਪਿੰਡ ਨੂੰ ਕੋਈ ਤੱਤੀ ਵਾਅ ਨਾਂ ਲੱਗੇ।
ਇਸ ਕੰਮ ’ਚ ਵੀਡੀਓ ਪਰਮਜੀਤ ਸਿੰਘ ਭੁੱਲਰ ਦੀ ਵੀ ਅਹਿਮ ਭੂਮਿਕਾ ਹੈ ਜਿਸ ਨੇ ਪਿੰਡ ਦੀ ਤਰੱਕੀ ਲਈ ਦਿਨ ਰਾਤ ਇੱਕ ਕੀਤਾ ਹੋਇਆ ਹੈ। ਪਿੰਡ ਵਾਸੀ ਆਖਦੇ ਹਨ ਕਿ ਸਰਪੰਚ ਸੈਸ਼ਨਦੀਪ ਕੌਰ ਕਰੋਨਾ ਤੋਂ ਪਿੰਡ ਦੀ ਰਾਖੀ ਲਈ ਮਿਸਾਲ ਬਣੀ ਹੈ ਇਸ ਲਈ ਉਹ ਵੀ ਉਨਾਂ ਦੇ ਮੋਢੇ ਨਾਂਲ ਮੋਢਾ ਜੋੜਕੇ ਖੜਨਗੇ। ਉਨਾਂ ਦੱਸਿਆ ਕਿ ਹੁਣ ਜਦੋਂ ਪਿੰਡਾਂ ਅਤੇ ਸ਼ਹਿਰਾਂ ਨੂੰ ਮੁਕੰਮਲ ਤੌਰ ’ਤੇ ਸੀਲ ਕਰ ਦਿੱਤਾ ਗਿਆ ਹੈ ਤਾਂ ਉਨਾਂ ਦਾ ਵੀ ਫਰਜ ਬਣਦਾ ਹੈ ਕਿ ਉਹ ਵੀ ਸਹਿਯੋਗ ਦੇਣ।
ਸੈਸ਼ਨਦੀਪ ਕੌਰ ਨੇ ਦੱਸਿਆ ਕਿ ਪੰਚਾਇਤ ਨੇ ਪੁਲੀਸ ਤੇ ਪ੍ਰਸ਼ਾਸਨ ਦੀਆਂ ਹਦਾਇਤਾਂ ਤੇ ਪਿੰਡ ਵਾਸੀਆਂ ਦੀ ਮਦਦ ਨਾਲ ਪਿੰਡ ਦੇ ਰਸਤਿਆਂ ’ਤੇ ਪੱਕੇ ਨਾਕੇ ਲਗਾ ਕੇ ਨੌਜਵਾਨਾਂ ਦਾ 24 ਘੰਟੇ ਪਹਿਰਾ ਲਗਾ ਦਿੱਤਾ ਹੈ। ਉਨਾਂ ਦੱਸਿਆ ਕਿ ਹਰ ਨਾਕੇ ਤੇ ਤਿੰਨ ਤਿੰਨ ਬੰਦਿਆਂ ਦੀ ਤਾਇਨਾਤੀ ਕੀਤੀ ਗਈ ਹੈ ਅਤੇ ਪਹਿਰਾ ਲਗਾਤਰਾ ਜਾਰੀ ਰਹਿੰਦਾ ਹੈ। ਉਨਾਂ ਦੱਸਿਆ ਕਿ ਪਹਿਰੇ ਲਈ ਪਿੰਡ ਵਾਸੀਆਂ ਵੱਲੋਂ ਆਪਣੀ ਮਰਜੀ ਨਾਲ ਸਹਿਯੋਗ ਦਿੱਤਾ ਜਾ ਰਿਹਾ ਹੈ ਕਿਉਂਕਿ ਉਹ ਖਤਰਾ ਪਛਾਣ ਗਏ ਹਨ।
ਪੰਚਾਇਤ ਨੇ ਬਕਾਇਦਾ ਰਜਿਸਟਰ ਵੀ ਲਗਾਇਆ ਹੋਇਆ ਹੈ ਜਿੱਥੇ ਵੇਰਵੇ ਦਰਜ ਕੀਤੇ ਜਾਂਦੇ ਹਨ। ਉਨਾਂ ਦੱਸਿਆ ਕਿ ਪਿੰਡ ਰਾਹੀਂ ਆਪਣੀ ਮੰਜ਼ਿਲ ’ਤੇ ਪਹੁੰਚਣ ਵਾਲਿਆਂ ਅਤੇ ਪਿੰਡ ’ਚ ਕੰਮ-ਧੰਦੇ ਵਾਲਿਆਂ ਤੋਂ ਬਕਾਇਦਾ ਉਨਾਂ ਦਾ ਨਾਮ, ਪਤਾ, ਕੰਮ ਦੀ ਜਾਣਕਾਰੀ ਅਤੇ ਸਮਾਂ ਨੋਟ ਕੀਤਾ ਜਾਂਦਾ ਹੈ। ਇਸੇ ਤਰਾਂ ਪਿੰਡ ’ਚ ਰੁਕਣ ਵਾਲਿਆਂ ਬਾਰੇ ਪ੍ਰਸ਼ਾਸਨ ਨੂੰ ਸੂਚਨਾ ਦਿੱਤੀ ਜਾਂਦੀ ਹੈ।
ਲੋੜਵੰਦ ਪ੍ਰੀਵਾਰਾਂ ਨੂੰ ਸਹਾਇਤਾ ਦਾ ਭਰੋਸਾ
ਪਿੰਡ ’ਚ ਪੰਚਾਇਤ ਨੇ 33 ਲੋੜਵੰਦ ਪ੍ਰੀਵਾਰਾਂ ਦੀ ਸ਼ਿਨਾਖਤ ਕੀਤੀ ਹੈ। ਇਹ ਅਜਿਹੇ ਪਰਿਵਾਰ ਹਨ ਜਿਨਾਂ ਦਾ ਦਿਹਾੜੀ ਕਰ ਕੇ ਘਰ ਦਾ ਗੁਜ਼ਾਰਾ ਚੱਲਦਾ ਹੈ। ਪੰਚਾਇਤ ਨੇ ਇੰਨਾਂ ਪ੍ਰੀਵਾਰਾਂ ਦੀਆਂ ਜਰੂਰਤਾਂ ਪੁੱਛੀਆਂ ਹਨ। ਇੰਨਾਂ ਪ੍ਰੀਵਾਰਾਂ ਦਾ ਕਹਿਣਾ ਹੈ ਕਿ ਫਿਲਹਾਲ ਉਨਾਂ ਕੋਲ ਘਰ ਦਾ ਰਾਸ਼ਨ ਮੌਜੂਦ ਹੈ ਜਦੋਂ ਲੋੜ ਪਈ ਤਾਂ ਉਹ ਇਸ ਬਾਰੇ ਦੱਸਣਗੇ। ਬਠਿੰਡਾ ਤੋਂ ਇੱਕ ਦਿਨ ਸਬਜੀ ਗਈ ਸੀ ਜਿਸ ਨੂੰ ਪੰਚਾਇਤ ਵੱਲੋਂ ਇੰਨਾਂ ਪ੍ਰੀਵਾਰਾਂ ਨੂੰ ਵੰਡਿਆ ਗਿਆ ਹੈ। ਸਰਪੰਚ ਸੈਸ਼ਨਦੀਪ ਕੌਰ ਨੇ ਇੰਨਾਂ ਪ੍ਰੀਵਾਰਾਂ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਦਿਵਾਇਆ ਹੈ।
ਸਰਪੰਚ ਵੱਲੋਂ ਮਾਸਕ ਤਿਆਰ ਕਰਨੇ ਸ਼ੁਰੂ
ਕਰੋਨਾ ਵਾਇਰਸ ਤੋਂ ਬਚਾਅ ਲਈ ਅਹਿਮ ਮੰਨੇ ਜਾਂਦੇ ਮਾਸਕ ਹੁਣ ਪਿੰਡ ’ਚ ਹੀ ਤਿਆਰ ਹੋ ਰਹੇ ਹਨ। ਸਰਪੰਚ ਸੈਸ਼ਨਦੀਪ ਕੌਰ ਆਪਣੇ ਹੱਥੀਂ ਮਾਸਕ ਤਿਆਰ ਕਰ ਰਹੀ ਹੈ ਜੋ ਪਿੰਡ ’ਚ ਵੰਡੇ ਜਾਣਗੇ। ਪੇਂਡੂ ਵਿਕਾਸ ਅਫਸਰ ਪਰਮਜੀਤ ਭੁੱਲਰ ਦਾ ਕਹਿਣਾ ਸੀ ਕਿ ਸਰਪੰਚ ਸੈਸ਼ਨਦੀਪ ਕੌਰ ਦੀ ਅਗਵਾਈ ਹੇਠ ਤਾਂ ਪਿੰਡ ਨੇ ਹਰ ਲੜਾਈ ਲੜਨ ਦਾ ਫੈਸਲਾ ਕਰ ਲਿਆ ਹੈ।