ਰਜਨੀਸ਼ ਸਰੀਨ
- ਸੰਕਟ ਸਮੇਂ ਡਿਊਟੀਆਂ ਨਿਭਾ ਰਹੇ ਹਰ ਵਿਭਾਗ ਦੇ ਮੁਲਾਜ਼ਮਾਂ ਦਾ 50 ਲੱਖ ਦਾ ਬੀਮਾ ਕੀਤਾ ਜਾਵੇ
ਨਵਾਂ ਸ਼ਹਿਰ, 28 ਅਪਰੈਲ 2020 - ਕੋਰੋਨਾ ਵਾਇਰਸ ਦੀ ਵਿਸ਼ਵ ਵਿਆਪੀ ਮਹਾਂਮਾਰੀ ਦੇ ਚੱਲਦਿਆਂ ਸਰਕਾਰੀ ਹਸਪਤਾਲਾਂ ਵਿੱਚ ਬਣੇ ਕੋਰੋਨਾ ਵਾਰਡਾਂ ਵਿੱਚ ਇਸ ਤੋਂ ਪੀੜਤ ਮਰੀਜ਼ਾਂ ਦਾ ਇਲਾਜ ਅਤੇ ਉਨ੍ਹਾਂ ਦੀ ਦੇਖਭਾਲ ਕਰਨ ਲਈ ਸਰਕਾਰੀ ਡਾਕਟਰਾਂ ਨਰਸਾਂ ਲੈਬ ਟੈਕਨੀਸ਼ਨਾਂ ਸਫ਼ਾਈ ਕਰਮਚਾਰੀਆਂ, ਹਸਪਤਾਲਾਂ ਦੇ ਹੋਰ ਮੁਲਾਜ਼ਮਾਂ ਸਮੇਤ ਆਸ਼ਾ ਵਰਕਰਾਂ ਜਿੱਥੇ ਆਪਣੀ ਜਾਨ ਜ਼ੋਖ਼ਮ ਵਿੱਚ ਪਾ ਰਹੇ ਹਨ, ਉਥੇ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਪੀ ਪੀ ਈ ਕਿੱਟਾਂ ਦੀ ਖ਼ਰੀਦ ਵਿੱਚ ਕੀਤੇ ਘੁਟਾਲੇ ਵਿਰੁੱਧ ਵੀ ਲੜਾਈ ਲੜ ਰਹੇ ਹਨ।
ਇਸ ਦਾ ਪ੍ਰਗਟਾਵਾ ਕਰਦਿਆਂ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਸੂਬਾ ਮੀਤ ਪ੍ਰਧਾਨ ਕੁਲਦੀਪ ਸਿੰਘ ਦੌੜਕਾ, ਜ਼ਿਲ੍ਹਾ ਪ੍ਰਧਾਨ ਕਰਨੈਲ ਸਿੰਘ ਰਾਹੋਂ, ਸਕੱਤਰ ਹੁਸਨ ਲਾਲ, ਮੋਹਨ ਸਿੰਘ ਪੂਨੀਆ, ਬਿਕਰਮਜੀਤ ਸਿੰਘ ਰਾਹੋਂ, ਸੁਰਿੰਦਰ ਪਾਲ, ਰੇਸ਼ਮ ਲਾਲ, ਕਸ਼ਮੀਰ ਸਿੰਘ, ਦੇਸ ਰਾਜ ਬੱਜੋਂ, ਮੋਹਣ ਲਾਲ, ਬਲਜੀਤ ਸਿੰਘ, ਸੋਹਣ ਲਾਲ ਅਤੇ ਰਿੰਪੀ ਰਾਣੀ ਨੇ ਕਿਹਾ ਕਿ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਦੇ ਕਰੋਨਾ ਵਾਰਡ ਵਿੱਚ ਮਰੀਜ਼ਾਂ ਦੀ ਦੇਖਭਾਲ ਅਤੇ ਇਲਾਜ ਕਰਨ ਵਿੱਚ ਸਿਹਤ ਕਰਮੀਆਂ ਦੀ ਸੁਰੱਖਿਆ ਵਿੱਚ ਪਾਈਆਂ ਜਾ ਰਹੀਆਂ ਊਣਤਾਈਆਂ ਨੂੰ ਦੂਰ ਕਰਨ ਲਈ ਸਿਹਤ ਵਿਭਾਗ ਦੇ ਆਗੂਆਂ ਵੱਲੋਂ ਆਵਾਜ਼ ਉਠਾਈ ਗਈ।
ਜਦੋਂ ਕਿ ਇਨ੍ਹਾਂ ਘਾਟਾਂ ਨੂੰ ਦੂਰ ਕਰਨ ਲਈ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਇੱਕ ਕਰੋੜ ਰੁਪਿਆ ਅਤੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨੇ 25 ਲੱਖ ਰੁਪਏ ਮਾਰਚ ਮਹੀਨੇ ਵਿੱਚ ਹੀ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਦੇ ਦਿੱਤੇ ਸਨ। ਪਰ ਹਸਪਤਾਲ ਅਤੇ ਮੈਡੀਕਲ ਕਾਲਜ ਦੇ ਸਿਹਤ ਅਧਿਕਾਰੀਆਂ ਵੱਲੋਂ ਕਰੋਨਾ ਪੀੜਤਾਂ ਦੇ ਇਲਾਜ ਅਤੇ ਦੇਖਭਾਲ ਵਿੱਚ ਲੱਗੇ ਅਮਲੇ ਦੀ ਸੁਰੱਖਿਆ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ। ਜਦੋਂ ਡਾਕਟਰਾਂ ਨਰਸਾਂ ਪੈਰਾ ਮੈਡੀਕਲ ਸਟਾਫ਼ ਅਤੇ ਦਰਜਾ ਚਾਰ ਕਰਮਚਾਰੀਆਂ ਵੱਲੋਂ ਆਪਣੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਗਿਆ ਉਸ ਤੋਂ ਬਾਅਦ ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਮੰਤਰੀ ਓ ਪੀ ਸੋਨੀ ਵੱਲੋਂ ਹਸਪਤਾਲ ਦੇ ਦੌਰੇ ਦੌਰਾਨ ਉਨ੍ਹਾਂ ਸਾਹਮਣੇ ਵੀ ਆਗੂਆਂ ਵੱਲੋਂ ਇਹ ਮੰਗ ਜ਼ੋਰਦਾਰ ਢੰਗ ਨਾਲ ਉਠਾਈ ਗਈ।
ਹਸਪਤਾਲ ਅਤੇ ਮੈਡੀਕਲ ਕਾਲਜ ਦੇ ਅਧਿਕਾਰੀਆਂ ਵੱਲੋਂ ਬਾਜ਼ਾਰ ਨਾਲੋਂ ਦੁੱਗਣੀ ਤਿੱਗਣੀ ਕੀਮਤ ਤੇ 41 ਲੱਖ 44 ਹਜ਼ਾਰ ਰੁਪਏ ਦੀਆਂ ਨਾ ਵਰਤਣਯੋਗ 2000 ਘਟੀਆ ਪੀ ਪੀ ਈ ਕਿੱਟਾਂ ਦੀ ਖ਼ਰੀਦ ਕੀਤੀ ਗਈ। ਜਦੋਂ ਆਗੂਆਂ ਨੇ ਇਸ ਘੋਟਾਲੇ ਵਿਰੁੱਧ ਆਵਾਜ਼ ਉਠਾਈ ਤਾਂ ਸਰਕਾਰ ਵੱਲੋਂ ਤਾਲਮੇਲ ਕਮੇਟੀ ਪੈਰਾ ਮੈਡੀਕਲ ਅਤੇ ਸਿਹਤ ਕਰਮਚਾਰੀਆਂ ਦੇ ਚੇਅਰਮੈਨ ਨਰਿੰਦਰ ਸਿੰਘ, ਕਨਵੀਨਰ ਪ੍ਰੇਮ ਚੰਦ, ਪ੍ਰੈੱਸ ਸਕੱਤਰ ਜਤਿਨ ਕੁਮਾਰ ਸ਼ਰਮਾ ਅਤੇ ਵਿਸ਼ਨੂੰ ਦੇਵੀ ਨਰਸਿੰਗ ਸਟਾਫ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤੇ ਗਏ। ਇਥੇ ਇਹ ਵੀ ਵਰਨਣਯੋਗ ਹੈ ਕਿ ਪਿਛਲੇ ਸਾਲ ਓ ਪੀ ਸੋਨੀ ਦੇ ਸਿੱਖਿਆ ਮੰਤਰੀ ਹੁੰਦਿਆਂ ਬੱਚਿਆਂ ਦੀਆਂ 76 ਕਰੋਡ਼ 57 ਲੱਖ 81 ਹਜ਼ਾਰ 800 ਰੁਪਏ ਦੀਆਂ ਘਟੀਆ ਵਰਦੀਆਂ ਦੀ ਖਰੀਦ ਦਾ ਘੁਟਾਲਾ ਹੋਇਆ ਸੀ, ਜਿਸ ਦੀ ਹੁਣ ਤੱਕ ਜਾਂਚ ਨਹੀਂ ਕੀਤੀ ਗਈ।
ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਰਡੇਸ਼ਨ ਦੇ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਤਾਲਮੇਲ ਕਮੇਟੀ ਪੈਰਾ ਮੈਡੀਕਲ ਅਤੇ ਸਿਹਤ ਕਰਮਚਾਰੀਆਂ ਦੇ ਆਗੂਆਂ ਨੂੰ ਜਾਰੀ ਕੀਤੇ ਨੋਟਿਸਾਂ ਤੁਰੰਤ ਰੱਦ ਕੀਤੇ ਜਾਣ ਅਤੇ ਇਸ ਸੰਕਟ ਦੇ ਸਮੇਂ ਕਰੋਨਾ ਪੀੜਤ ਮਰੀਜ਼ਾਂ ਦੀ ਦੇਖਭਾਲ ਤੇ ਇਲਾਜ ਕਰਨ ਵਾਲੇ ਅਮਲੇ ਦੀ ਜਿੰਦਗੀ ਨੂੰ ਖਤਰੇ ਵਿੱਚ ਪਾਉਣ ਵਾਲ਼ੀਆਂ ਘਟੀਆ ਪੀ ਪੀ ਈ ਕਿੱਟਾਂ ਦੀ ਖਰੀਦ ਘੁਟਾਲੇ ਦੀ ਜਾਂਚ ਉਸੇ ਖਰੀਦ ਕਮੇਟੀ ਤੋਂ ਕਰਵਾਉਣ ਦੀ ਬਜਾਏ ਉੱਚ ਪੱਧਰੀ ਜਾਂਚ ਕਰਕੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ। ਉਨ੍ਹਾਂ ਇਸ ਸੰਕਟ ਸਮੇਂ ਡਿਊਟੀਆਂ ਨਿਭਾਉਂਣ ਵਾਲੇ ਹਰ ਵਿਭਾਗ ਦੇ ਮੁਲਾਜ਼ਮਾਂ ਦਾ 50 ਲੱਖ ਦਾ ਬੀਮਾ ਕਰਨ ਦੀ ਵੀ ਮੰਗ ਕੀਤੀ।