ਜ਼ਿਲ੍ਹਾ ਪੁਲਿਸ ਨੇ 80 ਜਨਤਕ ਵਾਲੰਟੀਅਰਾਂ ਦਾ ਕੀਤਾ ਸਨਮਾਨ
ਸਿਹਤ ਪ੍ਰੋਟੋਕੋਲ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ
ਐਸ ਏ ਐਸ ਨਗਰ, 22 ਜੂਨ 2020: ਜ਼ਿਲ੍ਹਾ ਪੁਲਿਸ ਨੇ ਅੱਜ 80 ਜਨਤਕ ਵਲੰਟੀਅਰਾਂ ਨੂੰ ਮਿਸ਼ਨ ਫਤਿਹ ਦੀ ਸਫਲਤਾ ਨੂੰ ਯਕੀਨੀ ਬਣਾਉਣ ਲਈ, ਵਿਸ਼ੇਸ਼ ਯੋਗਦਾਨ ਪਾਉਣ ਲਈ ਉਨ੍ਹਾਂ ਨੂੰ ਬੈਜ ਲਗਾ ਕੇ ਸਨਮਾਨਿਤ ਕੀਤਾ। ਇਹ ਜਨਤਕ ਵਲੰਟੀਅਰ ਨਾਕਿਆਂ ਅਤੇ ਚੈਕ ਪੁਆਇੰਟਾਂ 'ਤੇ ਲੋਕਾਂ ਨੂੰ ਕੋਰੋਨਾ ਵਾਇਰਸ ਮਹਾਂਮਾਰੀ ਦੇ ਮੱਦੇਨਜ਼ਰ ਕੀਤੀ ਜਾ ਰਹੀ ਸੁਰੱਖਿਆ ਸਾਵਧਾਨੀਆਂ ਜਿਵੇਂ ਕਿ ਬਾਹਰ ਜਾਣ ਵੇਲੇ ਮਾਸਕ ਪਹਿਨਣਾ, ਸਮਾਜਕ ਦੂਰੀ ਬਣਾਈ ਰੱਖਣਾ ਅਤੇ 20 ਸੈਕਿੰਡ ਲਈ ਸਾਬਣ ਨਾਲ ਹੱਥ ਧੋਣਾ ਬਾਰੇ ਜਾਗਰੂਕ ਕਰਨ ਵਿਚ ਪੁਲਿਸ ਦੀ ਸਹਾਇਤਾ ਕਰਦੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਐਸਐਸਪੀ ਕੁਲਦੀਪ ਸਿੰਘ ਚਾਹਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪੁਲਿਸ ਕੋਰੋਨਾ ਵਾਇਰਸ ਖ਼ਿਲਾਫ਼ ਲੜਾਈ ਵਿੱਚ ਸਰਗਰਮੀ ਨਾਲ ਆਮ ਲੋਕਾਂ ਨੂੰ ਸ਼ਾਮਲ ਕਰ ਰਹੀ ਹੈ ਅਤੇ ਇਸ ਪ੍ਰਕਿਰਿਆ ਵਿੱਚ ਉਨ੍ਹਾਂ ਨੂੰ ਜਨਤਕ ਤੌਰ ’ਤੇ ਮਿਸ਼ਨ ਫਤਹਿ ਵਾਰੀਅਰ ਬਣਨ ਲਈ ਉਤਸ਼ਾਹਤ ਕਰ ਰਹੀ ਹੈ ਕਿਉਂਜੋ ਮਿਸ਼ਨ ਫਤਿਹ ਨੂੰ ਸਫਲ ਬਣਾਉਣ ਲਈ ਲੋਕਾਂ ਦੀ ਭਾਗੀਦਾਰੀ ਬਹੁਤ ਮਹੱਤਵਪੂਰਨ ਹੈ।
ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪੁਲਿਸ ਐਸਐਸਪੀ ਦੀ ਅਗਵਾਈ ਹੇਠ ਮਿਸ਼ਨ ਫਤਹਿ ਦੀ ਸਫਲਤਾ ਨੂੰ ਯਕੀਨੀ ਬਣਾਉਣ ਲਈ ਵੱਡਮੁੱਲੀਆਂ ਸੇਵਾਵਾਂ ਦੇ ਰਹੀ ਹੈ ਜੋ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਮਾਸਕ ਨਾ ਪਹਿਨਣ ਵਾਲਿਆਂ, ਜਨਤਕ ਥਾਵਾਂ ‘ਤੇ ਥੁੱਕਣ ਅਤੇ ਸਮਾਜਕ ਦੂਰੀ ਬਣਾਈ ਰੱਖਣ ਵਿਚ ਅਸਫਲ ਰਹਿਣ ਵਾਲਿਆਂ ਵਿਰੁੱਧ ਸਖਤ ਕਾਰਵਾਈ ਨੂੰ ਯਕੀਨੀ ਬਣਾ ਰਹੀ ਹੈ।
20 ਮਈ, 2020 ਤੋਂ 21 ਜੂਨ, 2020 ਤੱਕ, ਜ਼ਿਲ੍ਹਾ ਪੁਲਿਸ ਨੇ ਵੱਖ-ਵੱਖ ਅਪਰਾਧਾਂ ਜਿਵੇਂ ਕਿ ਢੁੱਕਵੇਂ ਮਾਸਕ ਨਾ ਪਹਿਨਣ, ਜਨਤਕ ਥਾਵਾਂ 'ਤੇ ਥੁੱਕਣ ਅਤੇ ਉਚਿਤ ਸਮਾਜਿਕ ਦੂਰੀ ਬਣਾਈ ਨਾ ਰੱਖਣ ਲਈ 2202 ਵਿਅਕਤੀਆਂ ਦੇ ਚਲਾਨ ਕੀਤੇ ਹਨ ਜਿਸ ਦੇ ਨਤੀਜੇ ਵਜੋਂ ਕੁੱਲ 6,73,700 ਰੁਪਏ ਦੀ ਰਕਮ ਇਕੱਤਰ ਹੋਈ।
ਬਾਹਰ ਜਾਣ ਵੇਲੇ ਮਾਸਕ ਨਾ ਪਾਉਣ ਦੇ ਅਪਰਾਧ ਲਈ, ਕੁੱਲ 2155 ਵਿਅਕਤੀਆਂ ਦੇ ਚਲਾਨ ਕੀਤੇ ਗਏ ਅਤੇ 661400 ਰੁਪਏ ਇਕੱਤਰ ਕੀਤੇ, ਜਨਤਕ ਥਾਵਾਂ 'ਤੇ ਥੁੱਕਣ ਲਈ ਕੁੱਲ 43 ਵਿਅਕਤੀਆਂ ਦੇ ਚਲਾਨ ਕੀਤੇ ਗਏ ਹਨ ਅਤੇ ਜਿਸ ਸਦਕਾ 4300 ਰੁਪਏ ਇਕੱਤਰ ਕੀਤੇ ਗਏ ਅਤੇ ਸਹੀ ਸਮਾਜਿਕ ਦੂਰੀ ਨਾ ਬਣਾਈ ਰੱਖਣ ਦੇ ਅਪਰਾਧ ਲਈ, ਕੁੱਲ 4 ਵਿਅਕਤੀਆਂ ਦੇ ਚਲਾਨ ਕੀਤੇ ਗਏ ਹਨ ਅਤੇ ਜਿਸ ਲਈ 8000 ਰੁਪਏ ਦੀ ਰਾਸ਼ੀ ਇਕੱਠੀ ਹੋਈ।