ਸੰਜੀਵ ਸੂਦ
ਲੁਧਿਆਣਾ, 16 ਅਪ੍ਰੈਲ 2020 - ਸੋਸ਼ਲ ਮੀਡੀਆ 'ਤੇ ਲੁਧਿਆਣਾ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਇਹ ਵੀਡੀਓ ਵਾਰਡ ਨੰਬਰ ਚਾਰ ਦੀ ਦੱਸੀ ਜਾ ਰਹੀ ਹੈ। ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਐਮ.ਐਲ.ਏ. ਰਣਜੀਤ ਸਿੰਘ ਢਿੱਲੋਂ ਪੁਲਿਸ ਮੁਲਾਜ਼ਮ ਨੂੰ ਝਾੜ ਪਾਉਂਦੇ ਵਿਖਾਈ ਦੇ ਰਹੇ ਹਨ। ਜਿਸ ਵਿੱਚ ਪੁਲਿਸ ਮੁਲਾਜ਼ਮ ਇੱਕ ਔਰਤ ਨੂੰ ਆਪਣੇ ਨਾਲ ਥਾਣੇ ਤੋਂ ਵਾਪਿਸ ਲੈ ਕੇ ਆ ਰਿਹਾ ਹੈ ਅਤੇ ਔਰਤ ਦਾ ਰੋ-ਰੋ ਕੇ ਬੁਰਾ ਹਾਲ ਹੈ।
ਅਕਾਲੀ ਦਲ ਦੇ ਸਾਬਕਾ ਵਿਧਾਇਕ ਰਣਜੀਤ ਸਿੰਘ ਢਿੱਲੋਂ ਦੇ ਪਹੁੰਚਣ ਤੋਂ ਬਾਅਦ ਔਰਤ ਨੂੰ ਪੁਲਿਸ ਮੁਲਾਜ਼ਮ ਵਾਪਸ ਲੈ ਕੇ ਆਇਆ, ਔਰਤ ਦਾ ਜਦੋਂ ਕਸੂਰ ਪੁੱਛਿਆ ਤਾਂ ਇਲਾਕਾ ਵਾਸੀਆਂ ਨੇ ਦੱਸਿਆ ਕਿ ਔਰਤ ਵੱਲੋਂ ਰਾਸ਼ਨ ਦੀ ਮੰਗ ਕੀਤੀ ਜਾ ਰਹੀ ਸੀ ਅਤੇ ਜਿਸ ਤੋਂ ਤੰਗ ਆ ਕੇ ਪੁਲਿਸ ਮੁਲਾਜ਼ਮ ਉਸ ਨੂੰ ਥਾਣੇ ਲੈ ਗਿਆ। ਵੀਡੀਓ ਦੇ ਵਿੱਚ ਪੁਲਿਸ ਮੁਲਾਜ਼ਮ ਰਣਜੀਤ ਢਿੱਲੋਂ ਤੋਂ ਮਾਫੀ ਮੰਗਦਾ ਵੀ ਵਿਖਾਈ ਦੇ ਰਿਹਾ ਹੈ ਅਤੇ ਇਹ ਵੀ ਕਹਿ ਰਿਹਾ ਹੈ ਕਿ ਉਸ ਨੂੰ ਉਪਰੋਂ ਪ੍ਰੈਸ਼ਰ ਸੀ, ਢਿੱਲੋਂ ਨੇ ਕਿਹਾ ਕਿ ਉਹ ਪੁਲਿਸ ਦੇ ਕੰਮ ਦੀ ਸ਼ਲਾਘਾ ਕਰਦੇ ਨੇ ਪਰ ਜੋ ਪੁਲਿਸ ਮੁਲਾਜ਼ਮ ਨਾਜਾਇਜ਼ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰ ਰਹੇ ਨੇ ਉਨ੍ਹਾਂ ਨੂੰ ਉਹ ਤਾੜਨਾ ਵੀ ਕਰਦੇ ਨੇ। ਦੱਸ ਦਈਏ ਕਿ ਇਹ ਵਾਰਡ ਕਾਂਗਰਸ ਕੌਂਸਲਰ ਦਾ ਹੈ ਜਿਹੜੇ ਕਿ ਇਲਾਕੇ ਵਿੱਚ ਸਰਕਾਰੀ ਰਾਸ਼ਨ ਵੰਡ ਰਹੇ ਹਨ।