ਹਰਿੰਦਰ ਨਿੱਕਾ
- ਹਕੀਕਤ ਤੋਂ ਦੂਰ ਪ੍ਰਸ਼ਾਸ਼ਨ ਦੇ ਕਰਫਿਊ ਦੌਰਾਨ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਦੇਣ ਦੇ ਦਾਅਵੇ
- ਦਵਾਈਆਂ ਨੂੰ ਤਰਸੇ,ਘਰਾਂ ਚ, ਕੈਦ ਕੱਟ ਰਹੇ ਹਜ਼ਾਰਾਂ ਮਰੀਜ਼
- ਪੜਤਾਲ-ਹੈਲਪ ਲਾਈਨ ਨੰਬਰ ਡਾਇਲ ਕਰਨ ਤੇ ਵੀ ਨਹੀ ਮਿਲਦੀ ਕੋਈ ਹੈਲਪ
ਬਰਨਾਲਾ, 27 ਮਾਰਚ 2020 - ਇੱਕ ਦਿਨ ਦੇ ਜਨਤਾ ਕਰਫਿਊ ਤੋਂ ਬਾਅਦ ਸ਼ੁਰੂ ਹੋਏ ਡੰਡਾ ਕਰਫਿਊ ਨੂੰ 4 ਦਿਨ ਬੀਤ ਚੁੱਕੇ ਹਨ। ਦਵਾਈਆਂ ਤੇ ਹੋਰ ਮੁੱਢਲੀਆਂ ਜਰੂਰਤਾਂ ਤੋਂ ਸੱਖਣੇ ਘਰੋ-ਘਰੀਂ ਕੈਦ ਲੱਖਾ ਲੋਕਾਂ ਨੂੰ ਹਰ ਤਰਾਂ ਦੀ ਸੁਵਿਧਾ ਮਹੁੱਈਆਂ ਕਰਵਾਉਣ ਦੇ ਪ੍ਰਸ਼ਾਸ਼ਨ ਦੇ ਦਾਅਵੇ ਜਮੀਨੀ ਹਕੀਕਤ ਤੋਂ ਕੋਹਾਂ ਦੂਰ ਨਜ਼ਰ ਆ ਰਹੇ ਹਨ। ਪ੍ਰਸ਼ਾਸ਼ਨਿਕ ਅਧਿਕਾਰੀਆਂ ਦੇ ਐਲਾਨ ਮੀਡੀਆ ਦੀਆਂ ਖਬਰਾਂ ਤੱਕ ਹੀ ਸਿਮਟ ਕੇ ਰਹਿ ਗਏ ਹਨ। ਕਰਫਿਊ ਦੌਰਾਨ ਤਾਇਨਾਤ ਕੀਤੇ ਕੁਝ ਪੁਲਿਸ ਕਰਮਚਾਰੀਆਂ ਦੇ ਰਵੱਈਏ ਕਾਰਣ ਲੋਕਾਂ ਵਿੱਚ ਭਾਰੀ ਰੋਸ ਫੈਲ ਰਿਹਾ ਹੈ। ਕੋਈ ਜਰੂਰੀ ਸਮਾਨ ਜਾਂ ਦਵਾਈ ਦੀ ਭਾਲ ਵਿੱਚ ਸੜ੍ਹਕਾਂ ਤੇ ਭਟਕਦੇ ਲੋਕਾਂ ਤੇ ਪੁਲਿਸ ਵੱਲੋਂ ਡਾਂਗਾ ਵਰ੍ਹਾਈਆਂ ਜਾ ਰਹੀਆਂ ਹਨ। ਇੱਥੋਂ ਤੱਕ ਕਿ ਕਈ ਲੋਕਾਂ ਨੇ ਫੋਨ ਕਰਕੇ ਦੱਸਿਆ ਕਿ ਉਨ੍ਹਾਂ ਨੂੰ ਪੁਿਲਸ ਕਰਮਚਾਰੀਆਂ ਨੇ ਘਰ ਦਾ ਗੇਟ ਖੋਲ੍ਹ ਕੇ ਖੜ੍ਹਿਆਂ ਨੂੰ ਵੀ ਕਾਫੀ ਬੁਰਾ ਭਲਾ ਕਿਹਾ। ਕੁਝ ਪੁਲਿਸ ਕਰਮਚਾਰੀਆਂ ਦੇ ਇਸ ਤਰਾਂ ਦੇ ਦੁਰਵਿਵਹਾਰ ਨਾਲ ਲੋਕਾਂ ਦੇ ਮਨਾਂ ਚ, ਕੁਝ ਦਿਨ ਪਹਿਲਾਂ ਨਵੇਂ ਐਸਐਸਪੀ ਸੰਦੀਪ ਗੋਇਲ ਦੀ ਕਾਰਜ਼ਸ਼ੈਲੀ ਤੋਂ ਬਾਅਦ ਪੁਲਿਸ ਪ੍ਰਤੀ ਜਾਗਿਆ ਹੇਜ਼, ਹੁਣ ਨਫਰਤ ਦੇ ਰੂਪ ਵਿੱਚ ਬਦਲਣਾ ਸ਼ੁਰੂ ਹੋ ਗਿਆ ਹੈ।
ਪੁਲਿਸ ਦੇ ਲੋਕਾਂ ਨਾਲ ਇਸ ਢੰਗ ਨਾਲ ਕੀਤੇ ਜਾ ਰਹੇ ਵਰਤਾਉ ਤੇ ਤਿੱਖੀ ਪ੍ਰਤੀਕ੍ਰਿਆ ਦਿੰਦਿਆਂ ਇੱਕ ਸਰਕਾਰੀ ਡਾਕਟਰ ਨੇ ਕਿਹਾ ਕਿ ਪੁਲਿਸ ਨੂੰ ਇਹ ਪਤਾ ਹੀ ਨਹੀਂ, ਕਿ ਇਹ ਕਰਫਿਊ ਦੰਗਾਕਾਰੀਆਂ ਨੂੰ ਸੜ੍ਹਕਾਂ ਤੋਂ ਹਟਾਉਣ ਲਈ ਨਹੀਂ, ਬਲਕਿ ਲੋਕਾਂ ਦੀ ਚੰਗੀ ਸਿਹਤ ਤੇ ਤੰਦਰੁਸਤੀ ਦੀ ਭਾਵਨਾ ਨਾਲ ਲਾਗੂ ਕੀਤਾ ਗਿਆ ਹੈ। ਇਸ ਲਈ ਜੇਕਰ ਕੋਈ ਵਿਅਕਤੀ ਕਿਸੇ ਮਜ਼ਬੂਰੀ ਵੱਸ ਸੜ੍ਹਕ ਤੇ ਆ ਵੀ ਜਾਂਦਾ ਹੈ ਤਾਂ ਪੁਲਿਸ ਨੂੰ ਉਸਦੀ ਮੁਸ਼ਕਿਲ ਸੁਣ ਕੇ ਆਪਣੇ ਡੰਡੇ ਵਾਲੇ ਹੱਥ ਨੂੰ ਮਜ਼ਬੂਰ ਵਿਅਕਤੀ ਦੀ ਸਹਾਇਤਾਂ ਲਈ ਵਧਾਉਣਾ ਚਾਹੀਦਾ ਹੈ। ਘਰਾਂ ਚ, ਕੈਦ ਲੋਕਾਂ ਦੀ ਹਾਲਤ ਹਰ ਦਿਨ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਕਈ ਚਿੰਤਕਾਂ ਨੂੰ ਚਿੰਤਾ ਕੋਰੋਨਾ ਤੋਂ ਵੀ ਵਧ ਇਸ ਗੱਲ ਦੀ ਹੋ ਰਹੀ ਹੈ ਕਿ ਜੇਕਰ ਘਰਾਂ ਚ, ਕੈਦ ਲੋਕ ਢਿੱਡ ਦੀ ਭੁੱਖ ਨਾਲ ਲੜ੍ਹਨ ਦੀ ਬਜਾਏ ਸਿਸਟਮ ਦੇ ਵਿਰੁੱਧ ਲੜ੍ਹਨ ਲਈ ਘਰਾਂ ਚੋਂ ਬਾਹਰ ਨਿੱਕਲ ਆਏ ਤਾਂ ਹਾਲਤ ਪ੍ਰਸ਼ਾਸ਼ਨ ਤੇ ਸਰਕਾਰ ਦੇ ਕਾਬੂ ਤੋਂ ਬਾਹਰ ਵੀ ਹੋ ਸਕਦੇ ਹਨ। ਇਸ ਲਈ ਕੋਰੋਨਾ ਦੀ ਮਹਾਂਮਾਰੀ ਨੂੰ ਰੋਕਣ ਲਈ ਜਨ ਹਿੱਤ ਵਿੱਚ ਲਗਾਏ ਕਰਫਿਊ ਨੂੰ ਲਾਗੂ ਵੀ ਲੋਕ ਹਿਤੈਸ਼ੀਆਂ ਦੀ ਤਰਾਂ ਹੀ ਕਰਨਾ ਸਮੇਂ ਦੀ ਨਜ਼ਾਕਤ ਨੂੰ ਪਛਾਨਣ ਵਾਲੀ ਗੱਲ ਹੈ।
- ਮਰੀਜ਼ ਦੀ ਦਵਾਈ ਨੂੰ 2 ਦਿਨ ਝਬਕਦਾ ਰਿਹਾ ਸਰਕਾਰੀ ਵਕੀਲ
ਆਮ ਲੋਕਾਂ ਲਈ ਦਵਾਈ ਲੈਣਾ ਕਿੰਨ੍ਹਾ ਔਖਾ ਹੋਵੇਗਾ, ਇਸ ਗੱਲ ਦਾ ਅੰਦਾਜ਼ਾ ਇਸ ਗੱਲ ਤੋਂ ਸਹਿਜ਼ੇ ਹੀ ਲਗਾਇਆ ਜਾ ਸਕਦਾ ਹੈ ਕਿ ਇੱਕ ਸਰਕਾਰੀ ਵਕੀਲ ਵੀ ਆਪਣੇ ਘਰ ਮੌਜੂਦ ਹਾਰਟ ਦੇ ਪੇਸੈਂਟ ਲਈ ਦਵਾਈ ਲੈਣ ਨੂੰ 2 ਦਿਨ ਝਬਕਦਾ ਰਿਹਾ। ਇੱਕ ਮਰੀਜ ਦੀ ਇਨਸਾਨੀਅਤ ਤੌਰ ਤੇ ਮੱਦਦ ਲਈ ਦਵਾਈ ਲੈਣ ਨਿੱਕਲੇ ਕੈਮਿਸਟ ਕ੍ਰਾਂਤੀ ਨੂੰ ਵੀ ਕਰੀਬ 3 ਘੰਟੇ ਗੈਰ ਕਾਨੂੰਨੀ ਹਿਰਾਸਤ ਵਿੱਚ ਤਿਲ ਤਿਲ ਡਰ ਡਰ ਕੇ ਟਾਈਮ ਲੰਘਾਉਣਾ ਪਿਆ।
- ਹੈਲਪ ਲਾਈਨ ਤੋਂ ਵੀ ਮੁੱਕੀ ਹੈਲਪ ਮਿਲਣ ਦੀ ਉਮੀਦ
ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਜਾਰੀ ਹੈਲਪ ਲਾਈਨ ਨੰਬਰ ਨੂੰ ਡਾਇਲ ਕਰਨ ਤੇ ਵੀ ਲੋਕਾਂ ਨੂੰ ਕੋਈ ਹੈਲਪ ਨਹੀਂ ਮਿਲ ਰਹੀ। ਲੋਕਾਂ ਨੂੰ ਈ.ਪਾਸ ਲਈ ਆਨ ਲਾਈਨ ਐਪਲੀਕੇਸ਼ਨ ਭੇਜ਼ਣ ਲਈ ਪ੍ਰਚਾਰ ਕੀਤਾ ਜਾ ਰਿਹਾ ਹੈ। ਪਰੰਤੂ ਈ.ਪਾਸ ਅਪਲਾਈ ਕਰਨ ਵਾਲਿਆਂ ਨੂੰ ਵੀ ਮੈਸਜ ਭੇਜ਼ ਕੇ ਦਫਤਰ 2 ਪਾਸਪੋਰਟ ਸਾਈਜ਼ ਫੋਟੋਆਂ ਲੈ ਕੇ ਕਮਰਾ ਨੰਬਰ 28 ਵਿੱਚ ਪਹੁੰਚਣ ਲਈ ਬੁਲਾਇਆ ਜਾ ਰਿਹਾ ਹੈ। ਇੱਕ ਕਹਾਵਤ ਇਹ ਦਫਤਰ ਵਾਲਿਆਂ ਦੀ ਸਮਝ ਤੇ ਵੀ ਪ੍ਰਸ਼ਨ ਚਿੰਨ੍ਹ ਲਗਾਉਣ ਲਈ ਕਾਫੀ ਹੈ ਕਿ,, ਡੁੱਬੀ ਤਾਂ, ਤਾਂ, ਜੇ ਸਾਹ ਨਹੀਂ ਆਇਆ। ਲੋਕਾਂ ਨੂੰ ਘਰ ਚੋਂ ਬਾਹਰ ਨਿੱਕਲਣ ਲਈ ਹੀ ਕਰਫਿਊ ਪਾਸ ਚਾਹੀਦਾ ਹੈ, ਦਫਤਰੀ ਬਾਬੂ ਲੋਕਾਂ ਦੀ ਮਜਬੂਰੀ ਇਹ ਵੀ ਨਹੀਂ ਸਮਝਦੇ ਕਿ ਉਨ੍ਹਾਂ ਨੂੰ ਘਰੋਂ ਬਾਹਰ ਨਿੱਕਲਣ ਤੋਂ ਰੋਕਣ ਲਈ ਪੱਬਾਂ ਭਾਰ ਹੋਈ ਫਿਰਦੀ ਪੁਲਿਸ ਬਿਨਾਂ ਪਾਸ ਤੋਂ ਦਫਤਰ ਤੱਕ ਕਿਵੇਂ ਆਉਣ ਦਿਉ। ਇਸ ਲਈ ਲੋਕਾਂ ਦੀ ਮੰਗ ਹੈ ਕਿ ਆਨ ਲਾਈਨ ਅਪਲਾਈ ਕੀਤੇ ਕਰਫਿਊ ਪਾਸ ਦੀ ਵੀ ਹੋਮ ਡਿਲਵਰੀ ਹੀ ਹੋਣੀ ਚਾਹੀਦੀ ਹੈ।
ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਤੇ ਐਸਡੀ ਕਾਲਜ਼ ਦੇ ਜਰਨਲ ਸੈਕਟਰੀ ਐਡਵੋਕੇਟ ਜਤਿੰਦਰ ਨਾਥ ਸ਼ਰਮਾ ਨੇ ਹੈਲਪ ਲਾਈਨ ਨੰਬਰ ਦੀ ਪੋਲ ਖੋਹਲਦਿਆਂ ਫੋਨ ਤੇ ਦੱਸਿਆ ਕਿ ਉਨ੍ਹਾਂ ਹੈਲਪ ਲਾਈਨ ਰਾਹੀਂ ਘਰ ਫਰੂਟ ਮੰਗਵਾਉਣ ਲਈ ਹੈਲਪ ਮੰਗੀ, ਕਈ ਫੋਨ ਤਾਂ ਫਰੂਟ ਕਿਵੇਂ ਮਿਲ ਸਕਦੈ ਤੇ ਕਿੱਥੋਂ ਮਿਲ ਸਕਦਾ ਹੈ, ਇਹ ਜਾਣਕਾਰੀ ਹਾਸਿਲ ਕਰਨ ਲਈ ਕਰਨੇ ਪਏ। ਜਦੋਂ ਫਰੂਟ ਦੀ ਹੋਮ ਡਿਲਵਰੀ ਵਾਲੇ ਫਰੂਟ ਮਰਚੈਂਟ ਦਾ ਨੰਬਰ ਮਿਲਿਆ,ਉਹਨੇ ਵੀ ਕਹਿ ਦਿੱਤਾ ਕਿ ਸਟੋਰ ਵਿੱਚੋਂ ਆ ਕੇ ਲੈ ਜਾਵੋ, ਸਟੋਰ ਤੱਕ ਜਾਣ ਲਈ ਪਾਸ ਦਾ ਅੜਿੱਕਾ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਹੈਲਪ ਲਾਈਨ ਦੀ ਹੈਲਪ ਨਾਲ ਵੀ 2 ਦਿਨ ਤੋਂ ਫਰੂਟ ਦੀ ਹੋਮ ਡਿਲਵਰੀ ਦਾ ਇੰਤਜ਼ਾਰ ਹੈ। ਉਨ੍ਹਾਂ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਕਰਫਿਊ ਦੌਰਾਨ ਲੋਕਾਂ ਦੀਆਂ ਮੁੱਢਲੀਆਂ ਜਰੂਰਤਾਂ ਦੀ ਪੂਰਤੀ ਲਈ ਯੋਗ ਢੰਗ ਅਪਣਾਇਆ ਜਾਵੇ। ਉਨ੍ਹਾਂ ਕਿਹਾ ਕਿ ਮੰਨਿਆ ਕਿ ਪ੍ਰਸ਼ਾਸ਼ਨ ਕੋਲ ਕਮਚਾਰੀਆਂ ਦੀ ਕਮੀ ਹੋ ਸਕਦੀ ਹੈ। ਉਹ ਖੁਦ ਵੀ ਕਾਲਜ਼ ਦੇ ਐਨਐਸਐਸ ਦੇ ਵਾਲੰਟੀਅਰ ਇਸ ਬਿਪਤਾ ਦੀ ਘੜੀ ਪ੍ਰਸ਼ਾਸ਼ਨ ਦੀ ਮੰਗ ਤੇ ਲੋਕਾਂ ਦੀ ਹੈਲਪ ਲਈ ਭੇਜ਼ਣ ਨੂੰ ਤਿਆਰ ਹੈ।