ਅਸ਼ੋਕ ਵਰਮਾ
ਮਾਨਸਾ, 21 ਅਪ੍ਰੈਲ 2020 - ਮਾਨਸਾ ਜਿਲ੍ਹੇ ਦੇ ਬੁਢਲਾਡਾ ਅਤੇ ਬਰੇਟਾ ’ਚ ਪਤਵੰਤੇ ਵਿਅਕਤੀਆਂ ਅਤੇ ਸਮਾਜਸੇਵੀ ਸੰਸਥਾਵਾਂ ਨੇ ਪੁਲਿਸ ਮੁਲਾਜਮਾਂ ਦੇ ਫੁੱਲਾਂ ਦੇ ਹਾਰ ਪਾ ਕੇ ਹੌਂਸਲਾ ਅਫਜਾਈ ਕੀਤੀ । ਕੋਰਨਾ ਵਾਇਰਸ ਤੋਂ ਬਚਾਅ ਅਤੇ ਅਮਨ ਕਾਨੂੰਨ ਬਰਕਰਾਰ ਰੱਖਣ ਲਈ ਪੁਲਿਸ ਵੱਲੋਂ ਕੱਢੇ ਰੋਡ ਮਾਰਚ ਦੌਰਾਨ ਸਮਾਜਸੇਵੀ ਸੰਸਥਾਵਾਂ ਅੱਜ ਅੱਗੇ ਆਈਆਂ ਹਨ।
ਐਸ.ਐਸ.ਪੀ. ਮਾਨਸਾ ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਦਿਨ-ਰਾਤ ਦੀ ਡਿਊਟੀ ਦੇ ਮੱਦੇਨਜ਼ਰ ਪੁਲਿਸ ਕਰਮਚਾਰੀਆਂ ਨੂੰ ਸਿਹਤਯਾਬ ਰੱਖਣ ਲਈ ਉਨਾਂ ਦਾ ਰੋਜਾਨਾ ਮੈਡੀਕਲ ਚੈਕਅੱਪ ਕਰਵਾਇਆ ਜਾ ਰਿਹਾ ਹੈ। ਉਨਾਂ ਦੇ ਪੱਕੇ ਡਿਊਟੀ ਪੁਆਇੰਟਾਂ ‘ਤੇ ਮੀਂਹ-ਹਨੇਰੀ ਤੋਂ ਬਚਣ ਲਈ ਟੈਂਟ ਲਗਾਏ ਗਏ ਹਨ ਅਤੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਕੀਤਾ ਗਿਆ ਹੈ। ਉਨਾਂ ਨੂੰ ਮਾਸਕ, ਦਸਤਾਨੇ ਅਤੇ ਹੈਂਡ-ਸੈਨੀਟਾਈਜਰ ਦਿੱਤੇ ਗਏ ਹਨ।
ਇਸ ਤੋਂ ਇਲਾਵਾ ਹਰੇਕ ਕਰਮਚਾਰੀ ਨੂੰ ਉਸਦੇ ਡਿਊਟੀ ਪੁਆਇੰਟ ‘ਤੇ ਖਾਣਾ ਅਤੇ ਫਲ ਵੀ ਮੁਹੱਈਆ ਕਰਵਾਏ ਜਾ ਰਹੇ ਹਨ। ਉਨਾਂ ਦੱਸਿਆ ਕਿ ਪੁਲਿਸ ਕਰਮਚਾਰੀਆਂ ਦੀ ਰੋਗ ਪ੍ਰਤੀਰੋਧਕ ਸਮੱਰਥਾ (ਇਮਿਉਨਿਟੀ ਸਿਸਟਮ ਅੱਪ ਕਰਨ) ਵਧਾਉਣ ਲਈ ਉਹਨਾਂ ਨੂੰ ਮਲਟੀ-ਵਿਟਾਮਿਨ ਦੀਆ ਗੋਲੀਆਂ ਵੀ ਵੰਡੀਆਂ ਗਈਆਂ ਹਨ। ਉਨਾਂ ਦੱਸਿਆ ਕਿ ਕਿਸੇ ਵੀ ਕਰਮਚਾਰੀ ਨੂੰ ਉਸਦੀ ਸਿਹਤ ਅਤੇ ਡਿਊਟੀ ਪ੍ਰਤੀ ਕੋਈ ਦਿੱਕਤ ਪੇਸ਼ ਨਹੀ ਆਉਣ ਦਿੱਤੀ ਜਾਵੇਗੀ।
ਬਰਥਡੇ ਕੇਕ ਲੈਕੇ ਪੁੱਜੀ ਮਾਨਸਾ ਪੁਲਿਸ
ਐਸ.ਐਸ.ਪੀ. ਨੇ ਦੱਸਿਆ ਕਿ ਹੌਲਦਾਰ ਰਾਜਿੰਦਰ ਸਿੰਘ ਥਾਣਾ ਸਿਟੀ ਬੁਢਲਾਡਾ ਨੇ ਬੱਚੀ ਜੈਸਮੀਨ ਕੌਰ ਪੁੱਤਰੀ ਬੰਟੀ ਸਿੰਘ ਵਾਸੀ ਦਰੀਆਪੁਰ ਕਲਾਂ , ਸਿਪਾਹੀ ਅੰਗਰੇਜ ਸਿੰਘ ਥਾਣਾ ਸਿਟੀ ਬੁਢਲਾਡਾ ਨੇ ਬੱਚੇ ਮਹਿਤਾਬਦੀਪ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਦਰੀਆਪੁਰ ਖੁਰਦ ਅਤੇ ਸਿਪਾਹੀ ਅਮਨਿੰਦਰ ਸਿੰਘ ਥਾਣਾ ਸਿਟੀ-2 ਮਾਨਸਾ ਨੇ ਬੱਚੀ ਜਨਿਸਕਾ ਹੰਸ ਪੁੱਤਰੀ ਸੰਦੀਪ ਕੁਮਾਰ ਵਾਸੀ ਵਾਰਡ ਨੰਬਰ 7 ਮਾਨਸਾ ਦੇ ਪਹਿਲੇ ਜਨਮ ਦਿਨ ‘ਤੇ ਕੇਕ ਉਨਾਂ ਦੇ ਘਰ ਭੇਜ ਕੇ ਬੱਚਿਆਂ ਨੂੰ ਜਨਮ ਦਿਨ ਮੁਬਾਰਕ ਆਖਿਆ ਹੈ। ਮਾਨਸਾ ਪੁਲਿਸ ਵੱਲੋਂ ਬੱਚਿਆਂ ਦੇ ਪਹਿਲੇ ਜਨਮ ਦਿਨ ‘ਤੇ ਉਨਾਂ ਦੇ ਘਰ ਵਿਲੇਜ ਪੁਲਿਸ ਅਫਸਰਾਂ (ਵੀ.ਪੀ.ਓ.) ਰਾਹੀਂ ਕੇਕ ਭੇਜਣ ਸਬੰਧੀ ਸ਼ੁਰੂ ਕੀਤੀ ਗਈ ਨਿਵੇਕਲੀ ਪਹਿਲ ਦੀ ਲੋਕਾਂ ਵੱਲੋਂ ਭਰਵੀਂ ਸ਼ਲਾਘਾ ਹੋ ਰਹੀ ਹੈ ।
ਐਸ.ਐਸ.ਪੀ. ਨੇ ਦੱਸਿਆ ਕਿ ਕਰਫਿਊ ਦੌਰਾਨ ਪੁਲਿਸ ਜਰੂਰੀ ਸੇਵਾਵਾਂ ਨੂੰ ਘਰ-ਘਰ ਮੁਹੱਈਆ ਕਰਵਾ ਰਹੀ ਹੈ ਅਤੇ ਠੀਕਰੀ ਪਹਿਰੇ ਲਗਾ ਕੇ ਕਰਫਿਊ ਦੀ ਮੁਕੰਮਲ ਪਾਲਣਾ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ। ਉਨਾਂ ਦੱਸਿਆ ਕਿ ਜ਼ਿਲਾ ਵਾਸੀਆਂ ਵੱਲੋਂ ਵੀ ਪੁਲਿਸ ਦਾ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ।