ਰਜਨੀਸ਼ ਸਰੀਨ
- ਗਰੀਬ ਔਰਤਾਂ ਨੂੰ ਮੁਫ਼ਤ ਅਤੇ ਵਿੱਤੀ ਤੌਰ ’ਤੇ ਸਮਰੱਥ ਮਹਿਲਾਵਾਂ ਨੂੰ ਅਦਾਇਗੀ ’ਤੇ ਮਿਲਣਗੇ ਨੈਪਕਿਨ
- ਸੈਨੇਟਰੀ ਨੈਪਕਿਨ ਲਈ ਦੋ ਹੈਲਪ ਲਾਈਨ ਨੰ. 9645507474, 9645276499 ਜਾਰੀ
ਨਵਾਂਸ਼ਹਿਰ, 3 ਅਪ੍ਰੈਲ 2020 - ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ’ਚ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਲੱਗੇ ਕਰਫ਼ਿਊ ਦੇ ਮੱਦੇਨਜ਼ਰ ਔਰਤਾਂ ਨੂੰ ਸੈਨੇਟਰੀ ਪੈਡਜ਼ ਦੀ ਮੁਸ਼ਕਿਲ ਨਾ ਬਣਨ ਦੇਣ ਲਈ ਐਸ ਐਸ ਪੀ ਸ੍ਰੀਮਤੀ ਅਲਕਾ ਮੀਨਾ ਵੱਲੋਂ ਅੱਜ ਨਿਵੇਕਲਾ ਉਪਰਾਲਾ ਕਰਦਿਆਂ ਦੋ ਹੈਲਪਲਾਈਨ ਨੰਬਰ 9645507474, 9645276499 ਜਾਰੀ ਕੀਤੇ ਗਏ ਹਨ, ਜਿੱਥੇ ਫ਼ੋਨ ਕਰਕੇ ਮਹਿਲਾਵਾਂ ਆਪਣੀ ਸੈਨੇਟਰੀ ਪੈਡ ਦੀ ਲੋੜ ਬਾਰੇ ਦੱਸ ਸਕਦੀਆਂ ਹਨ।
ਅੱਜ ਦਾਣਾ ਮੰਡੀ ਨਵਾਂਸ਼ਹਿਰ ਦੀਆਂ ਪ੍ਰਵਾਸੀ ਮਜ਼ਦੂਰਾਂ ਦੀਆਂ ਝੁੁੱਗੀਆਂ ’ਚ ਇਸ ਉਦਮ ਦੀ ਸ਼ੁਰੂਆਤ ਕਰਦਿਆਂ, ਐਸ ਐਸ ਪੀ ਸ੍ਰੀਮਤੀ ਮੀਨਾ ਨੇ ਦੱਸਿਆ ਕਿ ਕਰਫ਼ਿਊ ਦੇ ਇਨ੍ਹਾਂ ਦਿਨਾਂ ’ਚ ਮਹਿਲਾਵਾਂ ਦੇ ਖਾਸ ਦਿਨਾਂ ਦਾ ਖਿਆਲ ਰੱਖਣਾ ਜ਼ਰੂਰੀ ਹੈ। ਜੇਕਰ ਉਨ੍ਹਾਂ ਨੂੰ ਅਸੀਂ ਲੋੜ ਮੁਤਾਬਕ ਸੈਨੇਟਰੀ ਪੈਡ ਮੁਹੱਈਆ ਕਰਵਾਉਣ ’ਚ ਕਾਮਯਾਬ ਹੋ ਜਾਂਦੇ ਹਾਂ ਤਾਂ ਸਾਡੇ ਲਈ ਵੱਡੀ ਪ੍ਰਾਪਤੀ ਹੋਵੇਗੀ।
ਉਨ੍ਹਾਂ ਦੱਸਿਆ ਕਿ ਇਸ ਉਦਮ ’ਚ ਜ਼ਿਲ੍ਹਾ ਪੁਲਿਸ ਵੱਲੋਂ ਬਣਾਈ ਐਸ ਬੀ ਐਸ ਨਗਰ ਹੈਲਪਿੰਗ ਹੈਂਡ ਸੰਸਥਾ ਦਾ ਸਾਥ ਸਮਾਜ ਸੇਵੀ ਆਵਾਜ਼ ਸੰਸਥਾ ਵੱਲੋਂ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਸ਼ੁਰੂਆਤੀ ਤੌਰ ’ਤੇ 20 ਹਜ਼ਾਰ ਪੈਡਜ਼ ਦਾ ਪ੍ਰਬੰਧ ਕੀਤਾ ਗਿਆ ਹੈ, ਜੋ ਕਿ ਗਰੀਬ ਮਹਿਲਾਵਾਂ ਲਈ ਮੁਫ਼ਤ ਹੋਣਗੇ ਅਤੇ ਵਿੱਤੀ ਤੌਰ ’ਤੇ ਸਮਰੱਥ ਔਰਤਾਂ ਲਈ ਪੇਡ ਹੋਣਗੇ।
ਉਨ੍ਹਾਂ ਕਿਹਾ ਕਿ ਉਕਤ ਹੈਲਪ ਲਾਈਨ ਨੰਬਰਾਂ ਨੂੰ ਮਹਿਲਾ ਅਪਰੇਟਰ ਹੀ ਚਲਾਉਣਗੇ, ਇਸ ਲਈ ਔਰਤਾਂ ਆਪਣੀ ਪੈਡ ਪ੍ਰਾਪਤ ਕਰਨ ਦੀ ਸਮੱਸਿਆ ਅਸਾਨੀ ਨਾਲ ਦੱਸ ਸਕਣਗੀਆਂ। ਇਸ ਮੌਕੇ ਸੰਸਥਾ ਵੱਲੋਂ ਮੌਜੂਦ ਵਾਲੰਟੀਅਰ ਅਮਨ ਸੈਣੀ ਨੇ ਦੱਸਿਆ ਕਿ ਅਵਾਜ਼ ਸੰਸਥਾ ਵੱਲੋਂ ਇਹ ਉਪਰਾਲਾ ਜ਼ਿਲ੍ਹਾ ਪੁਲਿਸ ਨਾਲ ਮਿਲ ਕੇ ਕਰਫ਼ਿਊ ’ਚ ਮਹਿਲਾਵਾਂ ਨੂੰ ਸੈਨੇਟਰੀ ਪੈਡਜ਼ ਦੀ ਕੋਈ ਸਮੱਸਿਆ ਨਾ ਆਉਣ ਦੇਣ ਨੂੰ ਮੱਦੇਨਜ਼ਰ ਰੱਖ ਕੇ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਮੰਗ ਦੀ ਪੂਰਤੀ ਵਾਸਤੇ ਟੀਮਾਂ ਬਣਾਈਆਂ ਗਈਆਂ ਹਨ।
ਐਸ ਬੀ ਐਸ ਨਗਰ ਹੈਲਪਿੰਗ ਹੈਂਡ ਦੇ ਇੰਚਾਰਜ ਡੀ ਐਸ ਪੀ ਰਾਜ ਕੁਮਾਰ ਨੇ ਦੱਸਿਆ ਕਿ ਉਕਤ ਨਿਵੇਕਲੇ ਉਦਮ ਤੋਂ ਇਲਾਵਾ ਉਨ੍ਹਾਂ ਵੱਲੋਂ ਸਮਾਜ ਸੇਵੀ ਸੰਸਥਾਂਵਾਂ ਦੇ ਨਾਲ ਰਲ ਕੇ ਜ਼ਿਲ੍ਹੇ ’ਚ ਕਰਫ਼ਿਊ ਤੋਂ ਬਾਅਦ ਹੁਣ ਤੱਕ 5 ਕਿੱਲੋ ਆਟਾ, ਤਿੰਨ ਕਿੱਲੋ ਚਾਵਲ, ਇੱਕ ਕਿਲੋ ਖੰਡ, ਇੱਕ ਕਿੱਲੋ ਰਿਫ਼ਾਇੰਡ, ਪਾਈਆਂ ਚਾਹਪੱਤੀ, 100 ਗ੍ਰਾਮ ਮਿਰਚ, 100 ਗ੍ਰਾਮ ਹਲਦੀ, 2 ਕਿੱਲੋ ਆਲੂ, ਇੱਕ ਕਿੱਲੋ ਨਮਕ, ਦੋ ਕਿੱਲੋ ਦਾਲ ਆਦਿ ਦੇ 6174 ਪੈਕੇਟ ਵੰਡੇ ਜਾ ਚੁੱਕੇ ਹਨ। ਇਸ ਤੋਂ ਇਲਾਵਾ 28750 ਲੋਕਾਂ ਨੂੰ ਪੱਕਿਆ ਰਾਸ਼ਨ ਦਿੱਤਾ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਸੰਸਥਾਂਵਾਂ ਨੂੰ ਪੱਕਿਆ ਰਾਸ਼ਨ ਦਿਨ ’ਚ ਦੋ ਵਾਰ ਕਰਨ ਦੀ ਅਪੀਲ ਕੀਤੀ ਗਈ ਹੈ ਅਤੇ ਨਾਲ ਹੀ ਉਨ੍ਹਾਂ ਦਾ ਲੰਗਰ ਖੁਆਉਣ ਦਾ ਇਲਾਕਾ ਵੀ ਨਿਰਧਾਰਿਤ ਕਰ ਦਿੱਤਾ ਗਿਆ ਹੈ ਤਾਂ ਜੋ ਹਰ ਇੱਕ ਨੂੰ ਦੋ ਸਮਾਂ ਦਾ ਖਾਣਾ ਮਿਲ ਸਕੇ। ਇਸ ਮੌਕੇ ਡੀ ਐਸ ਪੀ ਦੀਪਿਕਾ ਸਿੰਘ ਵੀ ਮੌਜੂਦ ਸਨ।