ਰਜਨੀਸ਼ ਸਰੀਨ
ਨਵਾਂ ਸ਼ਹਿਰ, 23 ਅਪ੍ਰੈਲ 2020 - ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ, ਜਨਰਲ ਸਕੱਤਰ ਕੁਲਦੀਪ ਸਿੰਘ ਦੌੜਕਾ, ਸੀਨੀਅਰ ਮੀਤ ਪ੍ਰਧਾਨ ਮੰਗਲ ਸਿੰਘ ਟਾਂਡਾ, ਮੀਤ ਪ੍ਰਧਾਨ ਕੁਲਵਿੰਦਰ ਸਿੰਘ ਮੁਕਤਸਰ, ਰਣਜੀਤ ਸਿੰਘ ਮਾਨ, ਜਾਇੰਟ ਸਕੱਤਰ ਕੁਲਦੀਪ ਪੁਰੋਵਾਲ, ਜਥੇਬੰਦਕ ਸਕੱਤਰ ਪ੍ਰਿੰਸੀਪਲ ਅਮਨਦੀਪ ਸ਼ਰਮਾ, ਵਿੱਤ ਸਕੱਤਰ ਗੁਰਬਿੰਦਰ ਸਿੰਘ ਸਸਕੌਰ, ਪ੍ਰੈੱਸ ਸਕੱਤਰ ਸੁਰਜੀਤ ਸਿੰਘ ਮੁਹਾਲੀ, ਸਹਾਇਕ ਪ੍ਰੈੱਸ ਸਕੱਤਰ ਕਰਨੈਲ ਫਿਲੌਰ, ਬਲਵਿੰਦਰ ਭੁੱਟੋ ਅਤੇ ਪ੍ਰਧਾਨਗੀ ਮੰਡਲ ਦੇ ਸਮੂਹ ਮੈਂਬਰਾਂ ਨੇ ਸਾਂਝਾ ਬਿਆਨ ਜਾਰੀ ਕਰਦਿਆਂ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਦੇ ਕਰਮਚਾਰੀਆਂ ਅਤੇ ਪੈਰਾ ਮੈਡੀਕਲ ਮੁਲਾਜ਼ਮ ਆਗੂਆਂ ਨੂੰ ਜਾਰੀ ਕੀਤੇ ਨੋਟਿਸ ਤੁਰੰਤ ਰੱਦ ਕਰਨ ਦੀ ਮੰਗ ਕੀਤੀ।
ਉਨ੍ਹਾਂ ਕਿਹਾ ਕਿ ਕਰੋਨਾ ਵਾਇਰਸ ਦੀ ਵਿਸ਼ਵ ਵਿਆਪੀ ਮਹਾਂਮਾਰੀ ਦੇ ਚੱਲਦਿਆਂ ਪੰਜਾਬ ਦੇ ਸਿਹਤ ਵਿਭਾਗ ਦੇ ਡਾਕਟਰ, ਨਰਸਾਂ, ਲੈਬ ਟੈਕਨੀਸ਼ਨ ਅਤੇ ਸਰਕਾਰੀ ਹਸਪਤਾਲਾਂ ਦਾ ਹੋਰ ਅਮਲਾ ਸੁਰੱਖਿਆ ਉਪਕਰਨਾਂ ਦੀ ਘਾਟ ਨਾਲ ਜੂਝਦਿਆਂ ਹੋਇਆਂ ਕਰੋਨਾ ਵਾਇਰਸ ਦੇ ਮਰੀਜ਼ਾਂ ਦੀ ਦੇਖਭਾਲ ਅਤੇ ਇਲਾਜ ਕਰ ਰਿਹਾ ਹੈ। ਸਰਕਾਰੀ ਹਸਪਤਾਲਾਂ ਵਿੱਚ ਲੋੜੀਂਦੇ ਸਟਾਫ ਦੀ ਘਾਟ, ਵੈਂਟੀਲੇਟਰਾਂ, ਪੀ ਪੀ ਈ ਕਿੱਟਾਂ, ਮਾਸਕ, ਦਸਤਾਨੇ ਅਤੇ ਹੋਰ ਸਾਜ਼ੋ ਸਮਾਨ ਦੀ ਘਾਟ ਹੋਣ ਦੇ ਬਾਵਜੂਦ ਸਿਹਤ ਕਰਮੀ ਨਿਗੁਣੇ ਭੱਤੇ ਲੈਣ ਵਾਲੀਆਂ ਆਸ਼ਾ ਵਰਕਰਾਂ ਸਮੇਤ ਕੋਰੋਨਾ ਵਾਇਰਸ ਵਰਗੀ ਭਿਆਨਕ ਮਹਾਂਮਾਰੀ ਨਾਲ ਜੂਝ ਰਹੇ ਹਨ।
ਸਰਕਾਰੀ ਹਸਪਤਾਲਾਂ ਵਿੱਚ ਇਹ ਘਾਟ ਅਚਾਨਕ ਨਹੀਂ ਉਪਜੀ ਸਗੋਂ ਤਿੰਨ ਦਹਾਕਿਆਂ ਤੋਂ ਸਰਕਾਰਾਂ ਨੇ ਸਾਮਰਾਜੀ ਨਿਰਦੇਸ਼ਤ ਨਵਉਦਾਰਵਾਦੀ ਨੀਤੀਆਂ ਲਾਗੂ ਕਰਦਿਆਂ ਲਗਾਤਾਰ ਬਜਟ ਵਿੱਚ ਕਟੌਤੀ ਕਰਦਿਆਂ ਲੋਕਾਂ ਨੂੰ ਸਿਹਤ ਸੇਵਾਵਾਂ ਦੇਣ ਵਾਲੇ ਹਸਪਤਾਲਾਂ ਸਮੇਤ ਜਨਤਕ ਖੇਤਰ ਦੇ ਅਦਾਰਿਆਂ ਨੂੰ ਜਾਣਬੁਝ ਕੇ ਖਤਮ ਕੀਤਾ ਹੈ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਆਪਣੀਆਂ ਹਿੱਸੇਦਾਰੀਆਂ ਪਾਉਂਦਿਆਂ ਉਨ੍ਹਾਂ ਨੂੰ ਉਤਸ਼ਾਹਿਤ ਕੀਤਾ ਹੈ। ਅੱਜ ਜਦੋਂ ਸਮੁੱਚੀ ਦੁਨੀਆਂ ਕਰੋਨਾ ਵਾਇਰਸ ਦੀ ਵਿਸ਼ਵ ਵਿਆਪੀ ਮਹਾਂਮਾਰੀ ਤੋਂ ਬਚਣ ਲਈ ਅਤੇ ਰੋਗੀਆਂ ਦੇ ਇਲਾਜ ਲਈ ਜਨਤਕ ਸਿਹਤ ਸੇਵਾਵਾਂ ਵੱਲ ਤੱਕ ਰਹੀ ਹੈ। ਜਿਸ ਦੀ ਬਰਬਾਦੀ ਸਰਮਾਏਦਾਰ ਸਰਕਾਰਾਂ ਨੇ ਆਪਣੇ ਹੱਥੀਂ ਕੀਤੀ ਹੈ। ਉਦੋਂ ਸਿਹਤ ਸੇਵਾਵਾਂ ਦੇ ਨਾਂ 'ਤੇ ਲੋਕਾਂ ਨੂੰ ਲੁੱਟ ਕੇ ਉਸਾਰੇ ਪ੍ਰਾਈਵੇਟ ਸਿਹਤ ਮਾਫੀਏ ਨੇ ਆਪਣੇ ਸਾਮਰਾਜ ਵਰਗੇ ਹਸਪਤਾਲਾਂ ਨੂੰ ਜੰਦਰੇ ਮਾਰ ਲਏ।
ਅੱਜ ਸਰਕਾਰੀ ਹਸਪਤਾਲਾਂ ਵਿੱਚ ਇਨ੍ਹਾਂ ਘਾਟਾਂ ਦੇ ਚੱਲਦਿਆਂ ਆਪਣੀ ਜਾਨ ਜੋਖਮ ਵਿੱਚ ਪਾ ਕੇ ਕਰੋਨਾ ਵਾਇਰਸ ਦੇ ਮਰੀਜ਼ਾਂ ਦਾ ਇਲਾਜ ਅਤੇ ਦੇਖਭਾਲ ਕਰਨ ਵਾਲੇ ਸਿਹਤ ਕਰਮੀ ਉਪਰੋਕਤ ਘਾਟਾਂ ਦੀ ਪੂਰਤੀ ਦੀ ਮੰਗ ਕਰਦੇ ਹਨ ਤਾਂ ਵਿਭਾਗ ਮੁਲਾਜ਼ਮਾਂ ਦੀਆਂ ਇਨ੍ਹਾਂ ਮੰਗਾਂ ਲਈ ਆਵਾਜ਼ ਉਠਾਉਣ ਵਾਲੇ ਆਗੂਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਰਿਹਾ ਹੈ। ਜਿਨ੍ਹਾਂ ਵਿਚ ਨਰਿੰਦਰ ਸਿੰਘ ਲੈਬ ਅਟੈਂਡੈਂਟ (ਨਿਊਰੋਲੋਜੀ) ਵਿਸ਼ਨੂੰ ਨਰਸਿੰਗ ਸਿਸਟਰ, ਕਰੋਨਾ ਵਾਰਡ, ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ, ਪ੍ਰੇਮ ਕੁਮਾਰ ਲੈਬ ਟੈਕਨੀਸ਼ੀਅਨ (ਪੈਥੋਲੋਜੀ), ਜਤਿਨ ਕੁਮਾਰ ਲੈਬ ਟੈਕਨੀਸ਼ੀਅਨ (ਰੇਡਿਓਲੋਜੀ) ਸ਼ਾਮਲ ਹਨ। ਇਨ੍ਹਾਂ ਆਗੂਆਂ ਦਾ ਕਸੂਰ ਇਹ ਹੈ ਕਿ ਕਰੋਨਾ ਵਾਇਰਸ ਨਾਲ ਪੀੜਤ ਮਰੀਜ਼ਾਂ ਦੀ ਜਾਨ ਬਚਾਉਣ ਲਈ ਹਸਪਤਾਲ ਵਿੱਚ ਜੋ ਕਮੀਆਂ ਹਨ, ਉਨ੍ਹਾਂ 'ਤੇ ਉਂਗਲ ਧਰੀ ਹੈ।
ਜੀ ਟੀ ਯੂ ਪੰਜਾਬ ਦੇ ਆਗੂਆਂ ਨੇ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਜਾਰੀ ਕੀਤੇ ਗਏ ਨੋਟਿਸਾਂ ਦੀ ਪੁਰਜ਼ੋਰ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ ਅਤੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਹਸਪਤਾਲਾਂ ਵਿੱਚ ਘਾਟਾਂ ਦੇ ਬਾਵਜੂਦ ਮਰੀਜ਼ਾਂ ਦਾ ਇਲਾਜ ਕਰਦੇ ਸਮੁੱਚੇ ਸਿਹਤ ਕਰਮੀਆਂ ਦੀ ਹੌਸਲਾ ਅਫਜਾਈ ਕੀਤੀ ਜਾਵੇ ਅਤੇ ਜਾਰੀ ਕੀਤੇ ਨੋਟਿਸ ਤੁਰੰਤ ਰੱਦ ਕੀਤੇ ਜਾਣ।