ਚੰਡੀਗੜ੍ਹ, 14 ਅਪ੍ਰੈਲ 2020 - ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਪੈਕੇਜ ਤਹਿਤ 32 ਕਰੋੜ ਤੋਂ ਵੱਧ ਗ਼ਰੀਬ ਲੋਕਾਂ ਨੂੰ 29,352 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਮਿਲ ਚੁੱਕੀ ਹੈ। ਇਹ ਐਲਾਨ ਅੱਜ ਵਿੱਤ ਮੰਤਰਾਲੇ ਦੀ ਪ੍ਰੈੱਸ ਕਾਨਫ਼ਰੰਸ ਦੌਰਾਨ ਕੀਤਾ ਗਿਆ। ਇਸ ਪੈਕੇਜ ਤਹਿਤ, ਹੁਣ ਤੱਕ 5.29 ਕਰੋੜ ਲਾਭਾਰਥੀਆਂ ਨੂੰ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ ਤਹਿਤ ਅਨਾਜ ਦਾ ਮੁਫ਼ਤ ਰਾਸ਼ਨ ਵੰਡਿਆ ਜਾ ਚੁੱਕਾ ਹੈ, 7.47 ਕਰੋੜ ਕਿਸਾਨਾਂ ਨੂੰ ਪੀਐੱਮ–ਕਿਸਾਨ ਦੀ ਪਹਿਲੀ ਕਿਸ਼ਤ ਤਹਿਤ 14,946 ਕਰੋੜ ਰੁਪਏ ਟ੍ਰਾਂਸਫ਼ਰ ਕੀਤੇ ਜਾ ਚੁੱਕੇ ਹਨ, ਜਦ ਕਿ 1400 ਕਰੋੜ ਰੁਪਏ 2.82 ਕਰੋੜ ਬਜ਼ੁਰਗ ਵਿਅਕਤੀਆਂ, ਵਿਧਵਾਵਾਂ ਤੇ ਦਿੱਵਯਾਂਗ ਵਿਅਕਤੀਆਂ ਨੂੰ ਵੰਡੇ ਗਏ ਹਨ ਅਤੇ ਈਪੀਐੱਫ਼ਓ ਦੇ 2.1 ਲੱਖ ਮੈਂਬਰਾਂ ਨੇ ਈਪੀਐੱਫ਼ਓ ਖਾਤੇ ’ਚੋਂ ਨਾ–ਮੋੜਨਯੋਗ ਪੇਸ਼ਗੀ ਵਜੋਂ 510 ਕਰੋੜ ਰੁਪਏ ਔਨਲਾਈਨ ਕਢਵਾਉਣ ਦਾ ਲਾਭ ਲਿਆ ਹੈ।
ਲੌਕਡਾਊਨ ਤੇ ਉਸ ਤੋਂ ਬਾਅਦ ਦੇ ਨਤੀਜਿਆਂ ਨਾਲ ਨਜਿੱਠਣ ਲਈ ਵਿੱਤ ਮੰਤਰਾਲੇ ਵੱਲੋਂ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ (ਪੀਐੱਮਜੀਕੇਵਾਈ) ਤਹਿਤ 1.70 ਲੱਖ ਕਰੋੜ ਰੁਪਏ ਦੇ ਰਾਹਤ ਪੈਕੇਜ ਦਾ ਐਲਾਨ ਕੀਤਾ ਗਿਆ ਸੀ। ਇਸ ਪੈਕੇਜ ਦੇ ਘੇਰੇ ਵਿੱਚ ਵੱਖੋ–ਵੱਖਰੇ ਵਰਗਾਂ ਦੇ ਲੋਕ ਜਿਵੇਂ ਸਿਹਤ ਕਰਮਚਾਰੀ, ਪੀਐੱਮ ਜਨ–ਧਨ ਯੋਜਨਾ, ਪੀਐੱਮ–ਕਿਸਾਨ ਆਦਿ ਦੇ ਲਾਭਾਰਥੀ ਆਉਂਦੇ ਹਨ। ਪੰਜਾਬ, ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਰਾਜਾਂ ਦੇ ਲਾਭਾਰਥੀਆਂ ਨਾਲ ਗੱਲਬਾਤ ਦੀ ਲੜੀ ਨੇ ਦਰਸਾਇਆ ਹੈ ਕਿ ਇਸ ਪੈਕੇਜ ਦੀ ਕਾਰਗੁਜ਼ਾਰੀ ਤੋਂ ਚੰਗੇ ਪੱਧਰ ਦੀ ਸੰਤੁਸ਼ਟੀ ਪਾਈ ਜਾ ਰਹੀ ਹੈ।
ਜਲੰਧਰ ਦੇ ਪਿੰਡ ਛੋਟਾ ਸਾਏਪੁਰ ਦੀ ਨਿਵਾਸੀ ਪੂਜਾ ਨੇ ਕਿਹਾ ਕਿ ਉਸ ਦੇ ਬੈਂਕ ਖਾਤੇ ਵਿੱਚ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ ਤਹਿਤ 500 ਰੁਪਏ ਆ ਗਏ ਹਨ। ਇਹ ਰਕਮ ਉਹ ਕੁਝ ਰਾਸ਼ਨ ਲੈਣ ਲਈ ਵਰਤੇਗੀ; ਜਦ ਕਿ ਫ਼ਰੀਦਕੋਟ ਜ਼ਿਲ੍ਹੇ ਦੇ ਕੋਟਕਪੂਰਾ ਦੀ ਬਸੰਤੀ ਨੇ ਆਪਣੇ ਖਾਤੇ ਵਿੱਚ ਧਨ ਪੁੱਜਣ ਉੱਤੇ ਸ਼ੁਕਰੀਆ ਅਦਾ ਕੀਤਾ। ਫ਼ਰੀਦਕੋਟ ਦੀ ਕੌਸ਼ਲਿਆ ਦੇਵੀ ਨੇ ਇੱਕ ਇੰਟਰਵਿਊ ’ਚ ਦੱਸਿਆ ਕਿ ਉਸ ਨੂੰ ਦੱਸਿਆ ਗਿਆ ਸੀ ਕਿ ਉਸ ਦੇ ਖਾਤੇ ਵਿੱਚ 500 ਰੁਪਏ ਆ ਗਏ ਹਨ ਤੇ ਇਸ ਨਾਲ ਗ਼ਰੀਬਾਂ ਨੂੰ ਖਾਸ ਤੌਰ ’ਤੇ ਵੱਡੀ ਮਦਦ ਮਿਲੇਗੀ। ਹਰਿਆਣਾ ’ਚ ਰੇਵਾੜੀ ਜ਼ਿਲ੍ਹੇ ਦੇ ਰਤਨ ਲਾਲ ਨੇ ਦੱਸਿਆ ਕਿ ਰਕਮ ਉਨ੍ਹਾਂ ਦੀ ਮਾਂ ਦੇ ਜਨ–ਧਨ ਖਾਤੇ ਵਿੱਚ ਆ ਗਈ ਹੈ ਤੇ ਇਹ ਕੇਂਦਰ ਸਰਕਾਰ ਦਾ ਚੰਗਾ ਕਦਮ ਹੈ।
ਪਹਾੜੀ ਰਾਜ ਹਿਮਾਚਲ ਪ੍ਰਦੇਸ਼ ਦੇ ਕਿਸਾਨ ਇਸ ਪੈਕੇਜ ਤਹਿਤ ਮਿਲਣ ਵਾਲੀ ਮਦਦ ਤੋਂ ਸੰਤੁਸ਼ਟ ਹਨ। ਮੰਡੀ ਜ਼ਿਲ੍ਹੇ ਦੀ ਸੁੰਦਰਨਗਰ ਤਹਿਸੀਲ ’ਚ ਸਥਿਤ ਇੱਕ ਕਿਸਾਨ ਰੂਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਦੇ ਖਾਤੇ ਵਿੱਚ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ (ਪੀਐੱਮ–ਕਿਸਾਨ) ਤਹਿਤ 2,000 ਰੁਪਏ ਪੇਸ਼ਗੀ ਜਮ੍ਹਾਂ ਹੋ ਗਏ ਹਨ। ਇਸੇ ਜ਼ਿਲ੍ਹੇ ਦੀ ਬਾਸਾ ਪਿੰਡ ਦੀ ਪੰਚਾਇਤ ਦੇ ਕਿਸਾਨ ਪੰਕਜ ਕੁਮਾਰ ਨੇ ਦੱਸਿਆ ਕਿ ਉਸ ਨੇ ਪੀਐੱਮ–ਕਿਸਾਨ ਤਹਿਤ ਮਿਲੀ ਰਕਮ ਬੀਜ ਤੇ ਖਾਦਾਂ ਖ਼ਰੀਦਣ ’ਤੇ ਖ਼ਰਚ ਕੀਤੀ ਹੈ। ਉਨ੍ਹਾਂ ਤਸੱਲੀ ਪ੍ਰਗਟਾਉਂਦਿਆਂ ਕਿਹਾ ਕਿ ਸਰਕਾਰ ਦੇ ਇਸ ਕਦਮ ਨਾਲ ਕੋਵਿਡ–19 ਕਾਰਨ ਪੈਦਾ ਹੋਈ ਸਥਿਤੀ ’ਚ ਗ਼ਰੀਬਾਂ ਤੇ ਕਿਸਾਨਾਂ ਦੀ ਡਾਢੀ ਮਦਦ ਹੋਵੇਗੀ। ਬਿਲਾਸਪੁਰ ਦੇ ਇੱਕ ਹੋਰ ਕਿਸਾਨ ਜੀਤਰਾਮ ਨੇ ਅਪ੍ਰੈਲ ਮਹੀਨੇ ਲਈ ਰਕਮ ਪੇਸ਼ਗੀ ਪ੍ਰਾਪਤ ਹੋਣ ਦੀ ਪੁਸ਼ਟੀ ਕੀਤੀ।
ਤਿੰਨ ਹਫ਼ਤਿਆਂ ਦੇ ਲੌਕਡਾਊਨ ਨੂੰ ਹੁਣ ਦੋ ਹੋਰ ਹਫ਼ਤਿਆਂ ਲਈ ਅੱਗੇ ਵਧਾ ਦਿੱਤਾ ਗਿਆ ਹੈ, ਇਸ ਲਈ ਲਾਭਾਰਥੀਆਂ ਵੱਲੋਂ ਰਕਮ ਪੇਸ਼ਗੀ ਮਿਲਣ ਉੱਤੇ ਖੁਸ਼ੀ ਪ੍ਰਗਟ ਕੀਤੀ ਜਾ ਰਹੀ ਹੈ।