ਅਸ਼ੋਕ ਵਰਮਾ
ਬਠਿੰਡਾ, 7 ਮਈ 2020 - ਪੰਜਾਬ ਸਰਕਾਰ ਵੱਲੋਂ ਜਾਰੀ ਹੁਕਮਾਂ ਤਹਿਤ ਡਿਪਟੀ ਕਮਿਸ਼ਨਰ ਬਠਿੰਡਾ ਬੀ ਸ੍ਰੀ ਨਿਵਾਸਨ ਦੇ ਨਿਰਦੇਸ਼ਾਂ ਅਨੁਸਾਰ ਸਿਵਲ ਸਰਜਨ ਡਾ ਅਮਰੀਕ ਸਿੰਘ ਸੰਧੂ ਦੀ ਦੇਖ ਰੇਖ ਹੇਠ ਆਪਣੇ ਰਾਜਾਂ ਨੂੰ ਜਾ ਰਹੀ ਪ੍ਰਵਾਸੀ ਲੇਬਰ ਦੀ ਮੈਡੀਕਲ ਜਾਂਚ ਕਰਨ ਲਈ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਰਵਾਨਾ ਕੀਤਾ ਗਿਆ । ਇਸ ਮੌਕੇ ਡਾ ਸੰਧੂ ਨੇ ਦੱਸਿਆ ਕਿ ਜਿਹੜੀ ਪ੍ਰਵਾਸੀ ਲੇਬਰ ਟਰੇਨ ਰਸਤੇ ਆਪਣੇ ਘਰਾਂ ਨੂੰ ਪਰਤ ਰਹੀ ਹੈ, ਉਨਾਂ ਦੀ ਰਵਾਨਗੀ ਤੋਂ ਪਹਿਲਾਂ ਸਿਹਤ ਵਿਭਾਗ ਦੀਆਂ ਗਠਿਤ ਟੀਮਾਂ ਵੱਲੋਂ ਮੈਡੀਕਲ ਜਾਂਚ ਉਪਰੰਤ ਮੌਕੇ ਤੇ ਹੀ ਸਰਟੀਫਿਕੇਟ ਜਾਰੀ ਕੀਤਾ ਜਾਵੇਗਾ, ਪ੍ਰਵਾਸੀ ਲੇਬਰ ਦੀ ਜਾਂਚ ਲਈ ਕੁੱਲ ਤਿੰਨ ਥਾਵਾਂ ਤੇ ਦੋ-ਦੋ ਟੀਮਾਂ ਲਗਾਈਆਂ ਗਈਆਂ ਹਨ।
ਇਸ ਮੌਕੇ ਸਿਵਲ ਸਰਜਨ ਡਾ ਅਮਰੀਕ ਸਿੰਘ ਸੰਧੂ ਵੱਲੋਂ ਟੀਮਾਂ ਨੂੰ ਨਿਰਦੇਸ਼ ਦਿੱਤੇ ਗਏ ਕਿ ਸਾਡਾ ਸਭ ਦਾ ਧਰਮ ਮਾਨਵ ਸੇਵਾ ਹੈ। ਪ੍ਰਵਾਸੀ ਲੇਬਰ ਦੀ ਸਕਰੀਨਿੰਗ ਦੌਰਾਨ ਆਪਣੀ ਡਿਊਟੀ ਬੜੇ ਹੀ ਸੰਜੀਦਾ ਹੋ ਕੇ ਨਿਭਾਈ ਜਾਵੇ, ਚੈਕਅੱਪ ਸਮੇਂ ਪ੍ਰਵਾਸੀ ਲੇਬਰ ਨੂੰ ਮਾਸਕ ਲਗਾ ਕੇ ਰੱਖਣ, ਸੋਸ਼ਲ ਡਿਸਟੈਂਸ ਦੀ ਪਾਲਣਾ ਕਰਨ ਅਤੇ ਹੱਥ ਧੋਣ ਬਾਰੇ ਵੀ ਸਿਹਤ ਸਿੱਖਿਆ ਦਿੱਤੀ ਜਾਵੇ। ਇਸ ਮੌਕੇ ਜ਼ਿਲ੍ਹਾ ਟੀਕਾਕਰਨ ਅਫਸਰ ਡਾਕਟਰ ਕੁੰਦਨ ਕੁਮਾਰ ਪਾਲ ਅਤੇ ਅਰਬਨ ਨੋਡਲ ਅਫਸਰ ਡਾਕਟਰ ਪਾਮਿਲ ਬਾਂਸਲ ਅਤੇ ਮਾਸ ਮੀਡੀਆ ਟੀਮ ਦੇ ਨੁਮਾਇੰਦੇ ਵੀ ਹਾਜਰ ਸਨ ।