ਅਸ਼ੋਕ ਵਰਮਾ
ਬਠਿੰਡਾ,18 ਮਈ 2020: ਕਰੋਨਾ ਵਾਇਰਸ ਦੌਰਾਨ ਕੀਤੇ ਲੌਕ ਡਾਊਨ ਅਤੇ ਲਗਾਏ ਕਰਫ਼ਿਊ ਕਾਰਨ ਪਰਵਾਸੀ ਮਜਦੂਰਾਂ ਦੀ ਘਰ ਵਾਪਸੀ ਅਤੇ ਸ਼ਹਿਰ ਦੇ ਗਰੀਬ ਪਰਿਵਾਰਾਂ ਨੂੰ ਆ ਰਹੀਆਂ ਮੁਸ਼ਕਿਲਾਂ ਦੇ ਹੱਲ ਲਈ ਵੱਖ ਵੱਖ ਜਨਤਕ ਜਥੇਬੰਦੀਆਂ ਦਾ ਵਫਦ ਜ਼ਿਲਾ ਪ੍ਰਸ਼ਾਸਨ ਬਠਿੰਡਾ ਨੂੰ ਮਿਲਿਆ ਅਤੇ ਮੰਗ ਪੱਤਰ ਰਾਹੀਂ ਮਜਦੂਰਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਦਾ ਹੱਲ ਕਰਨ ਦੀ ਮੰਗ ਕੀਤੀ । ਇਸ ਤੋਂ ਪਹਿਲਾਂ ਜਦੋਂ ਅੱਜ ਜਨਤਕ ਜਥੇਬੰਦੀਆਂ ਜਿਲਾ ਪ੍ਰਸ਼ਾਸ਼ਨ ਬਠਿੰਡਾ ਨੂੰ ਜਨਤਕ ਵਫਦ ਦੇ ਰੂਪ ’ਚ ਮਿਲਣ ਪਹੰਚੀਆਂ ਤਾਂ ਪ੍ਰਸ਼ਾਸ਼ਨ ਵੱਲੋਂ ਕੋਈ ਕਾਰਵਾਈ ਨਾਂ ਕਰਨ ਤੇ ਭੜਕੇ ਜਨਤਕ ਕਾਰਕੁੰਨਾਂ ਨੇ ਮਿੰਨੀ ਸਕੱਤਰੇਤ ਦੇ ਗੇਟ ਅੱਗੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਤਾਂ ਨਾਇਬ ਤਹਿਸੀਲਦਾਰ ਨੇ ਵਫਦ ਤੋਂ ਮੰਗ ਪੱਤਰ ਲਿਆ ।
ਜਨਤਕ ਜਥੇਬੰਦੀਆਂ ਦੇ ਵਫਦ ਵਿੱਚ ਸ਼ਾਮਿਲ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ, ਪੰਜਾਬ ਖੇਤ ਮਜ਼ਦੂਰ ਯੂਨੀਅਨ, ਨੌਜਵਾਨ ਭਾਰਤ ਸਭਾ, ਡੈਮੋਕ੍ਰੇਟਿਕ ਟੀਚਰਜ਼ ਫਰੰਟ, ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ, ਠੇਕਾ ਮੁਲਾਜਮ ਸੰਘਰਸ਼ ਕਮੇਟੀ ਪਾਵਰਜ਼ੋਨ ਬਠਿੰਡਾ, ਪਾਵਰਕੌਮ ਐਂਡ ਟ੍ਰਾਂਸਕੋ ਯੂਨੀਅਨ ਬਠਿੰਡਾ ਦੇ ਆਗੂਆਂ ਨੇ ਕਿਹਾ ਕਿ ਬਿਨਾਂ ਕਿਸੇ ਤਿਆਰੀ ਦੇ ਲੋਕਾਂ ਉੱਤੇ ਮੜੇ ਲੌਕ ਡਾਊਨ ਨੇ ਗਰੀਬ ਕਿਰਤੀ ਮਜ਼ਦੂਰਾਂ ਦੀ ਹਾਲਤ ਅੱਤ ਦਰਜੇ ਦੀ ਮਾੜੀ ਕਰ ਦਿਤੀ ਹੈ । ਨੌਜਵਾਨ ਭਾਰਤ ਸਭਾ ਦੇ ਸੂਬਾ ਆਗੂ ਅਸ਼ਵਨੀ ਘੁੱਦਾ ਨੇ ਕਿਹਾ ਕਿ ਇਸ ਕਰਫ਼ਿਊ ਦਾ ਮਾਰੂ ਅਸਰ ਸਭ ਤੋਂ ਵੱਧ ਮਜਦੂਰ ਹਿੱਸੇ ਉੱਤੇ ਹੀ ਪਿਆ ਹੈ ਖਾਸ ਤੌਰ ਤੇ ਪਰਵਾਸੀ ਮਜ਼ਦੂਰ ਜਿਹੜੇ ਵੱਖ ਵੱਖ ਰਾਜਾਂ ਤੋਂ ਪੰਜਾਬ ਅੰਦਰ ਕੰਮ ਕਰਨ ਆਉਂਦੇ ਹਨ, ਸਰਕਾਰ ਵੱਲੋਂ ਉਹਨਾਂ ਦੀ ਉਹਨਾਂ ਦੇ ਆਪਣੇ ਰਾਜਾਂ ਵਿੱਚ ਘਰ ਵਾਪਸੀ ਦਾ ਇੰਤਜ਼ਾਮ ਕਰਨ ਦੇ ਨਾਮ ਉੱਤੇ ਖੱਜਲ ਖੁਆਰੀ ਕਰਵਾਈ ਜਾ ਰਹੀ ਹੈ।
ਉਨਾਂ ਆਖਿਆ ਕਿ ਇੱਕ ਪਾਸੇ ਲੱਖਾਂ ਰੁਪਏ ਖਰਚ ਕਰਕੇ ਬਾਹਰਲੇ ਮੁਲਕਾਂ ਤੋਂ ਅਤੇ ਮੁਲਕ ਦੇ ਵੱਖ ਵੱਖ਼ ਭਾਗਾਂ ਤੋਂ ਅਮੀਰ ਲੋਕਾਂ ਨੂੰ ਸਰਕਾਰੀ ਖਰਚੇ ਉੱਤੇ ਘਰੋਂ ਘਰੋਂ ਪਹੁੰਚਾਉਣ ਦਾ ਪ੍ਰਬੰਧ ਕੀਤਾ ਗਿਆ ਜਦੋਂਕਿ ਦੂਜੇ ਪਾਸੇ ਭੁੱਖੇ ਤਿਹਾਏ ਮਜ਼ਦੂਰਾਂ ਨੂੰ ਰੁਲਣ ਲਈ ਛੱਡ ਦਿੱਤਾ ਹੈ। ਡੀਟੀਐਫ ਆਗੂ ਰੇਸ਼ਮ ਸਿੰਘ ਨੇ ਕਿਹਾ ਕਿ 2 ਮਹੀਨਿਆਂ ਤੋਂ ਬੇਰੁਜ਼ਗਾਰ ਬੈਠੇ ਮਜ਼ਦੂਰਾਂ ਲਈ ਖਾਣੇ ਅਤੇ ਰਿਹਾਇਸ਼ ਦਾ ਇੰਤਜ਼ਾਮ ਕਰਨਾ ਤਾਂ ਦੂਰ ਦੀ ਗੱਲ ਹੈ, ਸਗੋਂ ਉਹਨਾਂ ਤੋਂ ਕਿਰਾਇਆ ਮੰਗਿਆ ਜਾ ਰਿਹਾ ਹੈ । ਉਹਨਾਂ ਕਿਹਾ ਕਿ ਬਠਿੰਡਾ ਸ਼ਹਿਰ ਦੇ ਅੰਦਰ ਵੀ ਬਸਤੀਆਂ ਮੁਹੱਲਿਆਂ ਵਿੱਚ ਅਜਿਹੇ ਗਰੀਬ ਪਰਿਵਾਰ ਵਸਦੇ ਹਨ, ਜਿਨਾਂ ਕੋਲ ਕੋਈ ਰਾਸ਼ਨ ਕਾਰਡ ਜਾਂ ਹੋਰ ਰਾਸ਼ਨ ਲੈਣ ਦਾ ਸਬੂਤ ਨਹੀਂ ਹੈ , ਉਹਨਾਂ ਲਈ ਪ੍ਰਸ਼ਾਸ਼ਨ ਵੱਲੋਂ ਕਿਸੇ ਕਿਸਮ ਦਾ ਕੋਈ ਇੰਤਜਾਮ ਨਹੀਂ ਕੀਤਾ ਗਿਆ ਹੈ ਸਗੋਂ ਗਰੀਬ ਕਿਰਤੀ ਲੋਕਾਂ ਦੀ ਖੱਜਲ ਖੁਆਰੀ ਕਰਵਾਈ ਜਾ ਰਹੀ ਹੈ ।
ਆਗੂਆਂ ਨੇ ਮੰਗ ਪੱਤਰ ਰਾਹੀਂ ਜਿਲਾ ਪ੍ਰਸ਼ਾਸ਼ਨ ਤੋਂ ਦੂਸਰੇ ਰਾਜਾਂ ਤੋਂ ਆਏ ਅਤੇ ਕਰਫ਼ਿਊ ਵਿੱਚ ਫਸੇ ਮਜ਼ਦੂਰਾਂ ਦੀ ਘਰ ਵਾਪਸੀ ਦਾ ਇੰਤਜ਼ਾਮ ਕਰਨੇ, ਉਹਨਾਂ ਤੋਂ ਕਿਸੇ ਕਿਸਮ ਦਾ ਕੋਈ ਕਿਰਾਇਆ ਨਾ ਲੈਣ, ਜਿੰਨਾਂ ਸਮਾਂ ਉਹਨਾਂ ਦੀ ਵਾਪਸੀ ਦਾ ਪ੍ਰਬੰਧ ਨਹੀਂ ਹੁੰਦਾ, ਉਦੋਂ ਤੱਕ ਉਹਨਾਂ ਦੀ ਰਿਹਾਇਸ਼ ਅਤੇ ਖਾਣੇ ਦਾ ਪ੍ਰਬੰਧ ਕਰਨ , ਬਠਿੰਡਾ ਸ਼ਹਿਰ ਦੇ ਮੁਹੱਲਿਆਂ ਬਸਤੀਆਂ ‘ਚ ਰਹਿ ਰਹੇ ਗਰੀਬ ਪਰਵਾਰਾਂ ਲਈ ਸੁੱਕਾ ਰਾਸ਼ਨ ਪਹੁੰਚਾਉਣ ਦਾ ਪ੍ਰਬੰਧ ਅਤੇ ਘਰ ਵਾਪਸੀ ਦੌਰਾਨ ਮਜ਼ਦੂਰਾਂ ਦੀ ਹੋ ਰਹੀ ਖੱਜਲ ਖੁਆਰੀ ਨੂੰ ਰੋਕਣ ਲਈ ਸਾਧਨਾਂ ਦਾ ਸ਼ਡਿਉਲ ਜਾਰੀ ਕਰਨ ਦੀ ਮੰੰਗ ਕੀਤੀ ਹੈ।