ਅਸ਼ੋਕ ਵਰਮਾ
ਬਠਿੰਡਾ, 14 ਮਈ 2020 - ਪ੍ਰਵਾਸੀਆਂ ਨੂੰ ਬਠਿੰਡਾ ਤੋਂ ਉਨਾਂ ਦੇ ਜੱਦੀ ਸੂਬਿਆਂ ਨੂੰ ਵਾਪਿਸ ਭੇਜਣ ਲਈ ਚਲਾਈਆਂ ਗਈਆਂ ਵਿਸ਼ੇਸ਼ ਰੇਲ ਗੱਡੀਆਂ ਦੀ ਲੜੀ ਵਜੋਂ ਅੱਜ ਬਠਿੰਡਾ ਤੋਂ ਬਿਹਾਰ ਲਈ 1521 ਪ੍ਰਵਾਸੀ ਮਜ਼ਦੂਰਾਂ ਨੂੰ ਲੈ ਕੇ ਰੇਲ ਰਵਾਨਾ ਹੋਈ। ਇਹ ਤੀਸਰੀ ਰੇਲ ਗੱਡੀ ਸ਼ੁੱਕਰਵਾਰ ਨੂੰ ਸਵੇਰੇ ਤਕਰੀਬਨ 9:30 ਵਜੇ ਬਿਹਾਰ ਰਾਜ ਦੇ ਬਾਪੂ ਧਾਮ ਮੋਤੀਹਾਰੀ ਰੇਲਵੇ ਸਟੇਸ਼ਨ ’ਤੇ ਪਹੁੰਚੇਗੀ। ਇਸ ਮੁਸਾਫ਼ਰ ਗੱਡੀ ’ਤੇ 8,92,080 ਰੁਪਏ ਦਾ ਖ਼ਰਚ ਸਰਕਾਰ ਵਲੋਂ ਕੀਤਾ ਗਿਆ।
ਡਿਪਟੀ ਕਮਿਸ਼ਨਰ ਬੀ ਸ਼੍ਰੀਨਿਵਾਸਨ ਅਤੇੇ ਐਸ.ਡੀ.ਐਮ. ਬਠਿੰਡਾ ਅਮਰਿੰਦਰ ਸਿੰਘ ਟਿਵਾਣਾ ਨੇ ਦੱਸਿਆ ਕਿ ਇੱਥੋਂ ਰਵਾਨਾ ਹੋਈ ਇਸ ਗੱਡੀ ਵਿਚ ਯਾਤਰੀਆਂ ਨੂੰ ਭੋਜਨ ਅਤੇ ਪਾਣੀ ਜ਼ਿਲਾ ਪ੍ਰਸ਼ਾਸਨ ਵਲੋਂ ਮੁਹੱਈਆ ਕਰਵਾਇਆ ਗਿਆ ਹੈ। ਉਨਾਂ ਨੇ ਕਿਹਾ ਕਿ ਸੂਬਾ ਸਰਕਾਰ ਇਸ ਸੰਕਟ ਦੇ ਸਮੇਂ ’ਚ ਪੰਜਾਬ ’ਚ ਫਸੇ ਦੂਜੇ ਰਾਜਾਂ ਦੇ ਨਾਗਰਿਕਾਂ ਦੀ ਹਰ ਸੰਭਵ ਮਦਦ ਕਰ ਰਹੀ ਹੈ। ਇਸ ਮੌਕੇ ਉਨਾਂ ਰਹਿ ਗਏ ਪ੍ਰਵਾਸੀ ਮਜ਼ਦੂਰਾਂ ਨੂੰ ਇਹ ਭਰੋਸਾ ਦਿਵਾਇਆ ਕਿ ਜੋ ਇਸ ਸਮੇਂ ਹੋਰ ਵੀ ਪ੍ਰਵਾਸੀ ਮਜ਼ਦੂਰ ਫ਼ਸੇ ਹਨ ਉਨਾਂ ਨੂੰ ਵੀ ਆਪੋ ਆਪਣੇ ਰਾਜਾਂ ’ਚ ਸੁਰੱਖਿਅਤ ਪਹੁੰਚਾਉਣ ਲਈ ਹਰ ਸੰਭਵ ਯਤਨ ਕੀਤੇ ਜਾਣਗੇ। ਇਹ ਸਹੂਲਤ ਪ੍ਰਵਾਸੀ ਮਜ਼ਦੂਰਾਂ ਨੂੰ ਸਰਕਾਰ ਵਲੋਂ ਮੁਫ਼ਤ ਮੁਹੱਈਆ ਕਰਵਾਈ ਗਈ ਅਤੇ ਮਜ਼ਦੂਰਾਂ ਨੇ ਸੂਬਾ ਸਰਕਾਰ ਦਾ ਧੰਨਵਾਦ ਕੀਤਾ।
ਬਠਿੰਡਾ ਦੇ ਰੇਲਵੇ ਸਟੇਸ਼ਨ ਮੈਨੇਜ਼ਰ ਪ੍ਰਦੀਪ ਸ਼ਰਮਾ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਬਠਿੰਡਾ ਦੀ ਦੇਖ-ਰੇਖ ਹੇਠ ਸਾਰੇ ਪ੍ਰਬੰਧ ਮੁਕੰਮਲ ਕੀਤੇ ਗਏ ਹਨ ਤਾਂ ਜੋ ਯਾਤਰੀਆਂ ਨੂੰ ਸਫਰ ਦੌਰਾਨ ਕਿਸੇ ਵੀ ਕਿਸਮ ਦੀ ਕੋਈ ਸਮੱਸਿਆ ਦਰਪੇਸ਼ ਨਾ ਆਵੇ। ਇਸ ਮੌਕੇ ਟਰੇਨ ਚੱਲਣ ’ਤੇ ਪ੍ਰਵਾਸੀ ਮਜ਼ਦੂਰਾਂ ਦੇ ਚਿਹਰਿਆਂ ’ਤੇ ਬਹੁਤ ਜ਼ਿਆਦਾ ਖ਼ੁਸ਼ੀ ਝਲਕ ਰਹੀ ਸੀ ’ਤੇ ਉਨਾਂ ਨੇ ਤਾੜੀਆਂ ਮਾਰ ਕੇ ਤੇ ਹੱਥ ਹਿਲਾ ਕੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। ਇਸ ਮੌਕੇ ਤਹਿਸੀਲਦਾਰ ਬਠਿੰਡਾ ਸ਼੍ਰੀ ਸੁਖਬੀਰ ਸਿੰਘ ਬਰਾੜ ਤੋਂ ਇਲਾਵਾ ਜ਼ਿਲਾ ਤੇ ਪੁਲਿਸ ਪ੍ਰਸ਼ਾਸਨ ਅਤੇ ਰੇਲਵੇ ਵਿਭਾਗ ਦੇ ਅਧਿਕਾਰੀ ਹਾਜ਼ਰ ਸਨ।