ਅਸ਼ੋਕ ਵਰਮਾ
ਬਠਿੰਡਾ, 15 ਮਈ 2020 - ਬਠਿੰਡਾ ਰਿਫਾਇਨਰੀ ਵਿੱਚ ਕੰਮ ਕਰਨ ਵਾਲੀ ਇੱਕ ਪ੍ਰਾਈਵੇਟ ਕੰਪਨੀ ’ਚ ਤਾਇਨਾਤ ਪ੍ਰਵਾਸੀ ਮਜਦੂਰ ਵੱਲੋਂ ਫਾਹਾ ਲੈਕ ਕੇ ਖੁਦਕੁਸ਼ੀ ਕਰਨ ਦੇ ਮਾਮਲੇ ’ਚ ਪੁਲਿਸ ਨੇ ਕੰਪਨੀ ਦੇ ਪੰਜ ਅਧਿਕਾਰੀਆਂ ਖਿਲਾਫ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਹੀ ਸ਼ੁਰੂ ਕਰ ਦਿੱਤੀ ਹੈ। ਥਾਣਾ ਰਾਮਾ ਪੁਲਿਸ ਨੇ ਸਿਧਾਰਥ ਸ੍ਰੀਵਾਸਤਵ,ਮਨਜੀਤ ਸਿੰਘ ,ਰਣਜੀਤ ਸਿੰਘ,ਪੰਕਜ਼ ਮੌਰੀਆ ਅਤੇ ਸੁਮੇਸ਼ ਵਾਸੀ ਫਤਿਹਪੁਰ ਯੂਪੀ ਨੂੰ ਖੁਦਕਸ਼ੀ ਲਹੀ ਮਜਬੂਰ ਕਰਨ ਦੇ ਦੋਸ਼ਾਂ ਹਿਤ ਧਾਰਾ 306 ਅਧੀਨ ਨਾਮਜਦ ਕੀਤਾ ਹੈ।
ਪਿਛੇ ਸੱਤ ਦਿਨਾਂ ਦੌਰਾਨ ਵਿੱਚ ਰਿਫਾਇਨਰੀ ਵਿਖੇ ਕੰਮ ਕਰਨ ਵਾਲੇ ਲਗਾਤਾਰ ਦੂਜੇ ਪ੍ਰਵਾਸੀ ਵੱਲੋਂ ਖੁਦਕਸ਼ੀ ਕੀਤੀ ਗਈ ਹੈ ਜਿਸ ਨੂੰ ਲੈਕੇ ਮਜਦੂਰਾਂ ’ਚ ਸਹਿਮ ਦਾ ਮਹੌਲ ਹੈ। ਮ੍ਰਿਤਕ ਪ੍ਰਵਾਸੀ ਜਦੂਰ ਸੁਧੀਰ ਕੁਮਾਰ ਪੁੱਤਰ ਬਾਦਸਾਹ ਵਾਸੀ ਤਿਮਨਪੁਰ ਜਿਲਾ ਮੈਨਪੁਰੀ (ਉੱਤਰ ਪ੍ਰਦੇਸ) ਦੇ ਤਾਏ ਦੇ ਲੜਕੇ ਗਜੇਂਦਰ ਸਿੰਘ ਪੁੱਤਰ ਸ਼ਿਵ ਕੁਮਾਰ ਨੇ ਰਿਫਾਇਨਰੀ ਪੁਲਿਸ ਚੌਕੀ ’ਚ ਦਿੱਤੇ ਬਿਆਨਾਂ ’ਚ ਦੱਸਿਆ ਕਿ ਉਹ ਰਿਫਾਇਨਰੀ ਵਿਖੇ ਕੰਮ ਕਰਨ ਵਾਲੀ ਇੱਕ ਪ੍ਰਾਈਵੇਟ ਕੰਪਨੀ ਵਿੱਚ ਕੰਮ ਕਰਦੇ ਸਨ। ਲਾਕਡਾਊਨ ਤੋਂ ਬਾਅਦ 23 ਮਾਰਚ ਨੂੰ ਜਦੋਂ ਕੰਪਨੀ ਦੇ ਸੁਪਰਵਾਈਜਰ ਕੋਲੋਂ ਬਣਦੀ ਤਨਖਾਹ ਅਤੇ ਘਰ ਭੇਜਣ ਲਈ ਕਿਹਾ ਤਾਂ ਉਸ ਨੇ ਕੰਪਨੀ ਦੇ ਉੱਚ ਅਧਿਕਾਰੀਆਂ ਨਾਲ ਗੱਲ ਕੀਤੀ ਜਿੰਨਾਂ ਨੇ ਤਨਖਾਹ ਦੇਣ ਤੋਂ ਇਨਕਾਰ ਕਰ ਦਿੱਤਾ। ਅਧਿਕਾਰੀਆਂ ਨੇ ਕਿਹਾ ਕਿ ਜਿਸਨੇ ਆਪਣੇ ਘਰ ਜਾਣਾ ਹੈ ਤਾਂ ਆਪਣੇ ਪੱਧਰ ਤੇ ਜਾ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਮੈਂ ਅਤੇ ਸੁਧੀਰ ਕੁਮਾਰ ਆਪਣੇ ਦੂਸਰੇ ਸਾਥੀਆਂ ਨਾਲ 28 ਮਾਰਚ ਨੂੰ ਸਵਾਰੀ ਕਰਵਾ ਕੇ ਆਪਣੇ ਘਰ ਨੂੰ ਚੱਲ ਪਏ ਪ੍ਰੰਤੂ ਹਿਸਾਰ ਪਹੁੰਚਦੇ ਹੀ ਹਰਿਆਣਾ ਪੁਲਿਸ ਵੱਲੋਂ ਸਾਨੂੰ ਇੱਕੀ ਦਿਨ ਲਈ ਇਕਾਂਤਵਾਸ ਕੇਂਦਰ ਭੇਜ ਦਿੱਤਾ। ਉਨਾਂ ਦੱਸਿਆ ਕਿ ਫਿਰ ਕੰਪਨੀ ਨੇ ਉੱਥੋਂ ਦੇ ਪ੍ਰਸ਼ਾਸ਼ਨ ਨਾਲ ਤਾਲਮੇਲ ਕਰਕੇ ਸਾਨੂੰ ਦੁਬਾਰਾ ਕੰਮ ’ਤੇ ਸੱਦ ਲਿਆ । ਰਿਫਾਇਨਰੀ ਪਰਤਣ ’ਤੇ ਉਨਾਂ ਦੋਵਾਂ ਨੂੰ ਸਥਾਨਕ ਕਲੋਨੀ ਵਿਖੇ ਚੌਦਾਂ ਦਿਨਾਂ ਵਾਸਤੇ ਇਕਾਂਤਵਾਸ ਫਿਰ ਕਰ ਦਿੱਤਾ।
ਉਨ੍ਹਾਂ ਦੱਸਿਆ ਕਿ ਚੌਦਾਂ ਦਿਨ ਬੀਤਣ ਤੋਂ ਬਾਅਦ ਨਾ ਤਾਂ ਸਾਨੂੰ ਕੰਮ ’ਤੇ ਭੇਜਿਆ ਗਿਆ ਅਤੇ ਨਾ ਹੀ ਤਨਖਾਹ ਅਤੇ ਰਾਸ਼ਨ ਦਿੱਤਾ ਜਿਸ ਤੋਂ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਹੋ ਕੇ ਸੁਧੀਰ ਕੁਮਾਰ ਨੇ ਕਲੋਨੀ ਵਿੱਚ ਲੱਗੇ ਦਰਖਤ ਨਾਲ ਫਾਹਾ ਲੈ ਕੇ ਆਤਮ-ਹੱਤਿਆ ਕਰ ਲਈ। ਰਿਫਾਇਨਰੀ ਪੁਲਿਸ ਚੌਕੀ ਦੇ ਸਹਾਇਕ ਥਾਣੇ ਗੋਬਿੰਦ ਸਿੰਘ ਨੇ ਦੱਸਿਆ ਕਿ ਗਜੇਂਦਰ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਕੰਪਨੀ ਦੇ ਪੰਜ ਅਧਿਕਾਰੀਆਂ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸੁਰੂ ਕਰ ਦਿੱਤੀ ਹੈ।