ਹਰਿੰਦਰ ਨਿੱਕਾ
- ਐਨਜੀਓਜ਼, ਵੱਖ ਵੱਖ ਸੰਸਥਾਵਾਂ, ਅੇੈਨਐਸਐਸ ਵਲੰਟੀਅਰ ਤੇ ਯੂਥ ਕਲੱਬ ਮਨੁੱਖਤਾ ਦੀ ਸੇਵਾ ’ਚ ਜੁਟੇ
ਬਰਨਾਲਾ, 31 ਮਾਰਚ 2020 - ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਵੱਲੋਂ ਲੋੜਵੰਦਾਂ ਨੂੰ ਰਾਸ਼ਨ ਮੁਹੱਈਆ ਕਰਾਉਣ ਦੀ ਮੁਹਿੰਮ ਜਾਰੀ ਹੈ। ਡਿਪਟੀ ਕਮਿਸ਼ਨਰ ਤੇਜ ਪ੍ਰਤਾਪ ਸਿੰਘ ਫੂਲਕਾ ਦੇ ਆਦੇਸ਼ਾਂ ’ਤੇ ਐਨਐਸਐਸ ਵਾਲੰਟੀਅਰਾਂ ਅਤੇ ਵੱਖ ਵੱਖ ਐਨਜੀਓਜ਼ ਦੇ ਸਹਿਯੋਗ ਨਾਲ ਪਿੰਡ ਪਿੰਡ ਲੋੜੀਂਦੀ ਸਮੱਗਰੀ ਪਹੁੰਚਾਈ ਜਾ ਰਹੇ ਹੈ ਤਾਂ ਜੋ ਕੋਈ ਵੀ ਲੋੜਵੰਦ ਭੁੱਖਾ ਨਾ ਰਹੇ।
ਡਿਪਟੀ ਕਮਿਸ਼ਨਰ ਨੇ ਆਖਿਆ ਕਿ ਇਸ ਮੁਫਤ ਰਾਸ਼ਨ ਅਸਲ ਲੋੜਵੰਦਾਂ ਦੀ ਸ਼ਨਾਖਤ ਕਰ ਕੇ ਰੈੱਡ ਕ੍ਰਾਸ ਸੁਸਾਇਟੀ ਰਾਹੀਂ ਐਨਜੀਓਜ਼ ਤੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਵੰਡਿਆ ਜਾ ਰਿਹਾ ਹੈ ਤਾਂ ਜੋ ਕਿਸੇ ਦਿਹਾੜੀਦਾਰ ਤੇ ਹੋਰ ਲੋੜਵੰਦ ਨੂੰ ਮੁਸ਼ਕਲ ਪੇਸ਼ ਨਾ ਆਵੇ। ਉਨਾਂ ਆਖਿਆ ਕਿ ਇਸ ਤੋਂ ਇਲਾਵਾ ਜ਼ਿਲੇ ਵਿੱਚ ਜ਼ਰੂਰੀ ਵਸਤਾਂ ਫਲਾਂ, ਸਬਜ਼ੀਆਂ, ਰਾਸ਼ਨ, ਦੁੱਧ,ਐਲਪੀਜੀ ਗੈਸ ਆਦਿ ਦੀ ਸਪਲਾਈ ਮਿੱਥੇ ਸਮੇਂ ਵਿੱਚ ਜਾਰੀ ਹੈ।
ਜ਼ਿਲਾ ਵਿਕਾਸ ਤੇ ਪੰਚਾਇਤ ਅਫਸਰ ਸ੍ਰੀ ਸੰਜੀਵ ਸ਼ਰਮਾ ਨੇ ਦੱਸਿਆ ਕਿ ਅੱਜ ਸ਼ਾਮ ਤੱਕ ਵੱਖ ਵੱਖ ਸੰਸਥਾਵਾਂ/ਅੇੈਨਜੀਓਜ਼ ਵੱਲੋਂ ਦਿੱਤੇ ਸਹਿਯੋਗ ਨਾਲ 800 ਤੋਂ ਵੱਧ ਰਾਸ਼ਨ ਕਿੱਟਾਂ ਧਨੌਲਾ, ਤਪਾ ਤੇ ਭਦੌੜ ਇਲਾਕਿਆਂ, ਮਹਿਲ ਕਲਾਂ, ਬਰਨਾਲਾ ਦੇ ਖੁੱਡੀ ਰੋਡ, ਦੱਧਾਹੂਰ ਬਸਤੀ ਇਲਾਕੇ, ਰਾਹੀ ਬਸਤੀ ਆਦਿ ਵਿਚ ਵੰਡੀਆਂ ਗਈਆਂ।