ਅਸ਼ੋਕ ਵਰਮਾ
ਮਾਨਸਾ, 15 ਜੂਨ । ਵਿਸ਼ਵ ਭਰ ਚ ਪੰਜਾਬੀਆਂ ਦੇ ਮਨਾਂ ਵਿਚ ਵਸਦੇ ਪ੍ਰੋ ਅਜਮੇਰ ਸਿੰਘ ਔਲਖ ਦੀ ਤੀਜੀ ਬਰਸੀ ਤੇ ਅੱਜ ਉਨਾਂ ਨੂੰ ਯਾਦ ਕਰਦਿਆਂ ਅਪਣੀਆਂ ਲਿਖਤਾਂ ਰਾਹੀਂ ਲੇਖਕਾਂ/ਸਾਹਿਤਕਾਰਾਂ ਵੱਲੋਂ ਉਨਾਂ ਦੇ ਇਸ ਮਹਾਨ ਕਾਰਜ ਨੂੰ ਅੱਗੇ ਤੋਰਨ ਦਾ ਸਨੇਹਾ ਦਿੱਤਾ ਗਿਆ।ਕਰੋਨਾ ਸੰਕਟ ਦੇ ਦੌਰ ਵਿਚ ਆਨਲਾਈਨ ਗਲੋਬਲੀ ਸੰਵਾਦ ਰਚਾਇਆ ਗਿਆ। 6 ਘੰਟੇ ਤੋਂ ਵੱਧ ਸਮਾਂ ਚੱਲੇ ਇਸ ਪ੍ਰੋਗਰਾਮ ਵਿਚ ਜਿੰਨੇ ਔਲਖ ਪ੍ਰੇਮੀ, ਦੋਸਤਾਂ ਤੇ ਮਿੱਤਰਾਂ ਨੇ ਭਾਗ ਲਿਆ।ਮੇਰੇ ਹਿੱਸੇ ਦਾ ਔਲਖ ਸਿਰਲੇਖ ਬਾਰੇ ਗੱਲ ਕਰਦਿਆਂ ਕਮੇਟੀ ਮੈਂਬਰ ਨਾਟਕਕਾਰ ਡਾ. ਕੁਲਦੀਪ ਸਿੰਘ ਦੀਪ ਨੇ ਦੱਸਿਆ ਕਿ ਇਸ ਵਿਸ਼ੇ ਅਧੀਨ ਪਹਿਲਾਂ ਹੀ ਇਹ ਤਹਿ ਕੀਤਾ ਗਿਆ ਸੀ ਕਿ ਕਿਸੇ ਵੀ ਪ੍ਰਕਾਰ ਦੀ ਆਲੋਚਨਾ, ਬਣੀਆਂ ਬਣਾਈਆਂ ਫਾਰਮੁਲੇਸ਼ਨਾਂ ਅਤੇ ਧਾਰਨਾਵਾਂ ਤੋਂ ਹੱਟ ਕੇ ਭਾਗ ਲੈਣ ਵਾਲਾ ਹਰ ਬੰਦਾ ਆਪਣੇ ਹਿੱਸੇ ਦੇ ਔਲਖ ਬਾਰੇ ਗੱਲ ਕਰੇ..ਉਸ ਔਲਖ ਬਾਰੇ ਗੱਲ ਕਰੇ..ਜਿਹੋ ਜਿਹਾ ਉਸ ਦੇ ਅੰਦਰ ਵੱਸਦਾ ਹੈ। ਪ੍ਰੋਗਰਾਮ ਦਾ ਮਕਸਦ ਸਫਲ ਹੋਇਆ ਜਦ ਲਗਭਗ 100 ਤੋ 150 ਤੱਕ ਦੋਸਤਾਂ ਨੇ ਵਟਸਐਪ ਗਰੁੱਪ ਵਿਚ ਪ੍ਰੋ ਅਜਮੇਰ ਸਿੰਘ ਔਲਖ ਬਾਰੇ ਜੁੜੀਆਂ ਉਹ ਯਾਦਾਂ ਸਾਂਝੀਆਂ ਕੀਤੀਆਂ..ਜਿਹੜੀਆਂ ਅਜੇ ਤੱਕ ਸਿਰਫ ਉਹਨਾਂ ਦੇ ਹੀ ਚੇਤਿਆਂ ਵਿਚ ਸਾਂਭੀਆਂ ਸਨ।
ਔਲਖ ਸਾਹਿਬ ਦੀ ਹਮਸਫਰ ਮਨਜੀਤ ਔਲਖ ਦੁਆਰਾ ਜ਼ਿੰਦਗੀ ਦੇ ਉਹਨਾਂ ਪਲਾਂ ਨੂੰ ਸਾਂਝਾ ਕੀਤਾ ਜਿੰਨਾਂ ਵਿਚ ਉਸ ਨੇ ਪਲ ਪਲ ਔਲਖ ਨੂੰ ਜੀਵਿਆ। ਡਾ. ਸੁਖਦੇਵ ਸਿੰਘ ਸਿਰਸਾ ਨੇ ਉਹਨਾਂ ਨਾਲ ਬਿਤਾਏ ਪਲ ਸਾਂਝੇ ਕਰਦਿਆਂ ਕਿਹਾ ਕਿ ਉਹ ਬਾਈ ਅਜਮੇਰ ਔਲਖ ਜਿੰਨਾ ਵੱਡਾ ਨਾਟਕਕਾਰ ਤੇ ਨਾਟ-ਨਿਰਦੇਸਕ ਸੀ ਉੁਨਾ ਹੀ ਵੱਡਾ ਇਨਸਾਨ ਸੀ। ਸ਼ਬਦ ਦੇ ਸਹੀ ਮਾਹਨਿਆ ਅਜਮੇਰ ਧਰਤੀ ਪੁੱਤਰ ਸੀ। ਪ੍ਰਸਿੱਧ ਨਾਟ ਚਿੰਤਕ ਸਤੀਸ਼ ਕੁਮਾਰ ਵਰਮਾ ਨੇ ਕਿਹਾ ਔਲਖ ਕੱਲ ਵੀ ਸਾਡੇ ਕੋਲ ਸੀ, ਅੱਜ ਵੀ ਸਾਡੇ ਕੋਲ ਹੈ ਤੇ ਕੱਲ ਵੀ ਸਾਡੇ ਕੋਲ ਰਹੇਗਾ। ਉਹਨਾਂ ਔਲਖ ਸਾਹਿਬ ਦੇ ਨਾਟਕ ਸੱਤ ਬਗਾਨੇ ਨੂੰ ਖੇਡਣ ਤੋ ਲੈ ਕੇ ਉਹਨਾਂ ਨਾਲ ਜੁੜੀਆਂ ਅਨੇਕ ਯਾਦਾਂ ਆਪਣੇ ਆਡੀਓ ਕਲਿਪ ਰਾਹੀਂ ਸਾਂਝੀਆਂ ਕੀਤੀਆਂ। ਪੰਜਾਬ ਸੰਗੀਤ ਨਾਟਕ ਅਕਾਦਮੀ ਦੇ ਪ੍ਰਧਾਨ ਕੇਵਲ ਧਾਲੀਵਾਲ ਨੇ ਕੁਦੇਸ਼ਣ ਨਾਟਕ ਦੇ ਹਵਾਲੇ ਨਾਲ ਝਨਾਂਅ ਦੇ ਪਾਣੀ ਦੀ ਬਾਤ ਪਾਈ ਅਤੇ ਔਲਖ ਸਾਹਿਬ ਦੇ ਵਿਰਸਾ ਵਿਹਾਰ ਵਿਚ ਹੋਏ ਪ੍ਰੋਗਰਾਮਾਂ ਤੇ ਜੁੜੀਆਂ ਯਾਦਾਂ ਦੀ ਗੱਲ ਕੀਤੀ। ਡਾ. ਸਾਹਿਬ ਸਿੰਘ ਨੇ ਕਿਹਾ ਕਿ ਭਾਵੇਂ ਉਹ ਔਲਖ ਸਾਹਿਬ ਨੂੰ ਮਿਲੇ ਤਾਂ ਬਾਅਦ ਵਿਚ ਸੀ, ਪਰ ਉਸ ਦੇ ਨਾਟਕਾਂ ਦੀ ਸ਼ੁਰੂਆਤ ਔਲਖ ਸਾਹਿਬ ਦੇ ਨਾਟਕ ਅਰਬਦ ਨਰਬਦ ਧੁੰਧੁਕਾਰਾਂ ਨਾਲ ਹੋਈ।
ਉਹਨਾਂ ਕਿਹਾ ਕਿ ਔਲਖ ਸਾਦਾ ਨਾਟਕਕਾਰ ਤਾਂ ਸੀ, ਪਰ ਸਾਧਾਰਨ ਨਾਟਕਕਾਰ ਨਹੀ ਸੀ। ਡਾ. ਆਤਮਜੀਤ ਸਿੰਘ ਨੇ ਉਹਨਾਂ ਦੇ ਨਾਟਕ ਦਾ ਤਰਜਮਾ ਅੰਗਰੇਜ਼ੀ ਵਿਚ ਕਰਾਉਣ ਦੀ ਗੱਲ ਕੀਤੀ ਅਤੇ ਕਿਹਾ ਕਿ ਮੈਂ ਚਾਹੁੰਦਾ ਸੀ ਇਕ ਅਨੁਵਾਦ ਉਹਨਾਂ ਦੇ ਜਿਉਂਦੇ ਛਪ ਸਕਦਾ ਪਰ ਫਿਰ ਵੀ ਮੇਰੇ ਲਈ ਇਹ ਸਕੂਨ ਦੀ ਗੱਲ ਹੈ ਕਿ ਮੈਂ ਉਹਨਾਂ ਦਾ ਨਾਟਕ ਅੰਗਰੇਜ਼ੀ ਵਿਚ ਅਨੁਵਾਦ ਕਰਵਾ ਸਕਿਆ। ਉਹਨਾਂ ਇਹ ਵੀ ਕਿਹਾ ਕਿ ਅਖੀਰਲੇ ਦਿਨਾਂ ਵਿਚ ਉਹ ਥੱਕੇ ਹੋਏ ਤਾਂ ਸੀਂ ਪਰ ਹਾਰੇ ਹੋਏ ਨਹੀਂ ਸੀ। ਇਪਟਾ ਦੇ ਪ੍ਰਤੀਨਿਧ ਸੰਜੀਵਨ ਨੇ ਕਿਹਾ ਕਿ ਅਜਮੇਰ ਔਲਖ ਹੋਰਾਂ ਦੇ ਵਿਛੋੜੇ ਨਾਲ ਸਮਾਜ ਅਤੇ ਰੰਗਮੰਚ ਦਿ੍ਰੜਤਾ ਅਤੇ ਦਲੇਰੀ ਨਾਲ ਲੋਕਾਂ ਦੀ ਗੱਲ ਕਰਨ ਵਾਲੀ ਸ਼ਖਸ਼ੀਅਤ ਤੋਂ ਮਹਿਰੂਮ ਹੋ ਗਿਆ। ਇੰਗਲੈਂਡ ਵਸਦੇ ਲੇਖਕ ਅਤੇ ਚਰਚਾ ਦੇ ਸੰਪਾਦਕ ਦਰਸ਼ਨ ਸਿੰਘ ਢਿੱਲੋਂ ਮੁਰਾਦਵਾਲਾ ਨੇ ਕਿਹਾ ਕਿ ਸਾਡੇ ਹਿੱਸੇ ਦੇ ਔਲਖ’ ਨੇ ਪੰਜਾਬ ਦੇ ਸਮਾਜ, ਸਭਿਆਚਾਰ ਤੇ ਵਿਚਾਰਧਾਰਾ ਬਾਰੇ ਬਣੀਆਂ/ਘੜੀਆਂ ਧਾਰਨਾਵਾਂ ਨੂੰ ਆਪਣੀ ਕਲਮ, ਕਹਿਣੀ, ਕਥਨੀ ਤੇ ਕਰਨੀ ਨਾਲ ਝੂਠਿਆਂ ਕਰਨ ਲਈ, ਨਾਟਕ ਵਿਧੀ ਅਪਣਾ ਕੇ ਆਢਾ ਲਿਆ।
ਡਾ. ਅਜੀਤਪਾਲ ਸਿੰਘ ਐਮ ਡੀ ਨੇ ਕਿਹਾ ਕਿ ਪ੍ਰੋਫੈਸਰ ਸਾਹਿਬ ਦੀ ਜ਼ਿੰਦਗੀ ਦੇ ਆਖਰੀ ਕਈ ਸਾਲਾਂ ਵਿੱਚ ਉਹ ਜਮਹੂਰੀ ਅਧਿਕਾਰ ਸਭਾ ਦੇ ਸੂਬਾ ਪ੍ਰਧਾਨ ਬਣੇ ਰਹੇ ਅਤੇ ਉਨਾਂ ਦੀ ਅਗਵਾਈ ਵਿੱਚ ਕਈ ਘੋਲ ਲੜੇ, ਅਨੇਕਾਂ ਤੱਥ-ਖੋਜ ਪੜਤਾਲਾਂ ਕੀਤੀਆਂ, ਰਿਪੋਰਟਾਂ ਛਾਪੀਆਂ ਗਈਆਂ ਅਤੇ ਸੈਮੀਨਾਰ ਕਰਵਾਏ ਗਏ। ਜਮਹੂਰੀ ਹੱਕਾਂ ਦੀ ਰਾਖੀ ਲਈ ਲੜੇ ਜਾਣ ਵਾਲੇ ਘੋਲਾਂ ਵਿੱਚ ਉਹਨਾਂ ਵੱਲੋਂ ਉਠਾਈ ਹੱਕ ਸੱਚ ਦੀ ਆਵਾਜ ਨੂੰ ਰਹਿੰਦੀ ਦੁਨੀਆਂ ਤੱਕ ਯਾਦ ਕੀਤਾ ਜਾਂਦਾ ਰਹੇਗਾ। ਬੂਟਾ ਸਿੰਘ ਮਾਨ ਨੇ ਇਕ ਗੀਤ ਦੇ ਰੂਪ ਵਿਚ ਕਿਹਾ ਕਿ ਚੇਤਿਆਂ ਚ ਸਾਡੇ ਵਸ ਗਿਆ ਏ ਔਲਖ, ਗੱਲ ਦਿਲ ਦੀ ਸਾਨੂੰ ਦੱਸ ਗਿਆ ਏ ਔਲਖ, ਬਿਨਾਂ ਸੰਘਰਸੋਂ ‘ਮਾਨਾਂ‘ ਕੁਝ ਨਹੀਂ ਬਨਣ, ਅਸਲੀ ਗੱਲ ਸਾਨੂੰ ਦੱਸ ਗਿਆ ਏ ਔਲਖ। ਕੁਲਬੀਰ ਮਲਕਿ ਨੇ ਔਲਖ ਸਾਹਿਬ ਤੋਂ ਅਸ਼ੀਰਵਾਦ ਮਿਲਣ ਸਮੇਂ ਦੇ ਭਾਵੁਕ ਪਲਾਂ ਦੀ ਸਾਂਝ ਪੁਆਈ। ਨਿਰੰਜਨ ਬੋਹਾ ਨੇ ਕਿਹਾ ਕਿ ਅਜਮੇਰ ਸਿੰਘ ਔਲਖ ਅੰਦਰੋ ਬਾਹਰੋ ਇੱਕ ਸਨ । ਉਹ ਅਕਸਰ ਕਿਹਾ ਕਰਦੇ ਸਨ ਕਿ ਜੇ ਮੈ ਤਿੰਨ ਧੀਆਂ ਦੀ ਥਾਂ ਤਿੰਨ ਪੁੱਤਰਾਂ ਦਾ ਬਾਪ ਹੁੰਦਾ ਤਾਂ ਪੰਜਾਬੀ ਨਾਟਕ ਦੇ ਖੇਤਰ ਵਿਚ ਅੱਜ ਵਾਲਾ ਨਾਂ ਥਾਂ ਕਦੇ ਨਾ ਬਣਾ ਸਕਦਾ ।
ਜਸਵੀਰ ਢੰਡ ਨੇ ਸਾਹਿਤ ਸਭਾ ਵਿਚ ਔਲਖ ਸਾਹਿਬ ਦੁਆਰਾ ਨਿਭਾਏ ਰੋਲ ਦੀ ਚਰਚਾ ਕੀਤੀ। ਨਿਰੰਜਨ ਬੋਹਾ ਨੇ ਕਿਹਾ ਕਿ ਅਜਮੇਰ ਸਿੰਘ ਔਲਖ ਅੰਦਰੋ ਬਾਹਰੋ ਇੱਕ ਸਨ। ਦਰਸ਼ਨ ਜੋਗਾ ਨੇ ਕਿਹਾ ਕਿ ਔਲਖ ਸਾਹਿਬ ਸਾਡੇ ਸਮਿਆਂ ਦੀ ਵਡਆਕਾਰੀ ਸ਼ਖਸੀਅਤ ਸੀ, ਜਿਹੜੇ ਨਾਟਕਕਾਰ ਤਾਂ ਵੱਡੇ ਹੈ ਹੀ ਸੀ ਪਰ ਇਨਸਾਨ ਇਸ ਤੋਂ ਵੀ ਵੱਡੇ ਸੀ। ਅਸ਼ੋਕ ਬਾਂਸਲ ਨੇ ਕਿਹਾ ਕਿ ਇਸ ਸ਼ਹਿਰ ਵਿੱਚ ਹੋਰ ਵੀ ਬਹੁਤ ਵੱਡੇ ਵੱਡੇ ਬੰਦੇ ਪੈਦਾ ਹੋਏ ਹੋਣਗੇ, ਪਰ ਅਜਮੇਰ ਔਲਖ ਤੇ ਡਾਕਟਰ ਅਮਿ੍ਰਤ ਪਾਲ ਦੀਆਂ ਅੰਤਿਮ ਅਰਦਾਸਾਂ ਤੇ ਆਪਣੀ ਜ਼ਿੰਦਗੀ ‘ਚ ਜਿੱਡਾ ਕੁ ਵੱਡਾ ਇਕੱਠ ਮੈਂ ਦੇਖਿਆ, ਉਸਨੂੰ ਅੰਕੜਿਆਂ ‘ਚ ਬਿਆਨ ਕਰਨਾ ਮੁਸ਼ਕਿਲ ਹੈ। ਯੁਵਾ ਆਲੋਚਕ ਸਰਵੀਰ ਕੌਰ ਨੇ ਕਿਹਾ ਕਿ ਪ੍ਰੋ. ਅਜਮੇਰ ਸਿੰਘ ਔਲਖ ਅੰਦਰਲੇ ਉਸ ਮਨੁੱਖ ਅੱਗੇ ਸਿਰ ਝੁਕਦਾ ਹੈ ਜੋ ਹਰ ਕਿਸੇ ਨੂੰ ਆਪਣਾ ਹੀ ਸਕਾ ਸੰਬੰਧੀ ਲੱਗਦਾ ਹੈ। ਹਰਮੇਲ ਸਿੰਘ ਜੋਗਾ ਨੇ ਕਿਹਾ ਕਿ ਮੈਂ ਹਮੇਸ਼ਾ ਆਪਣੇ ਆਪ ਨੂੰ ਉਹਨਾਂ ਦੇ ਨਾਟਕਾਂ ਦਾ ਪਾਤਰਾਂ ਕਿਆਸਦਾ ਰਿਹਾ ਹਾਂ। ਚਰਨਜੀਤ ਖੋਖਰ ਨੇ ਕਿਹਾ ਕਿ ਸਾਨੂੰ ਇਸ ਗੱਲ ਦਾ ਮਾਣ ਹੈ ਕਿ ਅਸੀਂ ਔਲਖ ਵਾਲੀ ਮਾਨਸਾ ਦੇ ਵਸਨੀਕ ਹਾਂ। ਰਾਜ ਜੋਸ਼ੀ ਨੇ ਕਿਹਾ ਕਿ ਜੇ ਮੇਰੀ ਬਾਂਹ ਗੁਰੂ ਦੇਵ ਪ੍ਰੋ: ਅਜਮੇਰ ਸਿੰਘ ਔਲਖ ਨੇ ਕਾਲਜ ਵਿੱਚ ਨਾ ਫੜੀ ਹੁੰਦੀ ਤੇ ਨਾਟਕ ਮੇਰੀ ਜਿੰਦਗੀ ਦਾ ਹਿੱਸਾ ਨਾ ਬਣਦਾ ।
ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਾਬਕਾ ਸਕੱਤਰ ਹਰਮੀਤ ਵਿਦਿਆਰਥੀ ਨੇ ਕਿਹਾ ਕਿ ਪ੍ਰੋ ਅਜਮੇਰ ਸਿੰਘ ਔਲਖ ਦੇ ਨਾਟਕਾਂ ਵਿਚ ਜ਼ਿੰਦਗੀ ਜਿਉਣ ਦੀਆਂ ਬਹੁਤ ਸਾਰੀਆਂ ਅੰਤਰਦਿ੍ਰਸ਼ਟੀਆਂ ਮਿਲਦੀਆਂ ਹਨ। ਇਸ ਤੋਂ ਬਾਅਦ ਪ੍ਰੋ ਅੱਛਰੂ ਸਿੰਘ,ਅਮੋਲਕ ਸਿੰਘ, ਪ੍ਰੀਤਮ ਰੁਪਾਲ, ਜਗਜੀਤ ਸਿੰਘ ਚਾਹਲ ,ਦਰਸ਼ਨ ਬੁੱਟਰ,ਪ੍ਰੋ ਸੁਭਾਸ਼ ਮਾਨਸਾ, ਸੰਦੀਪ ਘੰਡ, ਹਰਿੰਦਰ ਮਾਨਸ਼ਾਹੀਆ,ਬਲਵਿੰਦਰ ਧਾਲੀਵਾਲ, ਸਰਬਜੀਤ ਕੌਸ਼ਲ, ਸੁਰਿੰਦਰਪ੍ਰੀਤ ਘਣੀਆ, ਨਰਿੰਦਰ ਗੁਪਤਾ, ਡਾ. ਹਰਸਿੰਦਰ ਕੌਰ, ਜਤਿੰਦਰ ਸੋਢੀ, ਉਹਨਾਂ ਦੀਆਂ ਪੋਹਤੀਆਂ-ਦੋਹਤੀਆਂ ਰੂਹਜੀਨਤ ਕੌਰ, ਅਸਮੀ, ਅਖਨੂਰ, ਬਲਜੀਤਪਾਲ ਸਿੰਘ, ਤਜਿੰਦਰ ਕੌਰ, ਸੁਭਾਸ਼ ਬਿੱਟੂ, ਸਰਵਜੀਤ ਕੌਸ਼ਿਕ, ਬਲਜੀਤ ਅਕਲੀਆ, ਇੰਦਰਪ੍ਰੀਤ ਸਿੰਘ, ਬਲਰਾਜ ਮਾਨ,ਨਵੀਨ, ਹਰਪ੍ਰੀਤ ਪੁਰਬਾ, ਜਗਸੀਰ ਢੱਡੇ, ਰਾਮ ਸਿੰਘ ਸਰਾਂ, ਪ੍ਰੋ ਸੁਪਨਦੀਪ ਕੌਰ, ਵਿਸ਼ਵਦੀਪ ਬਰਾੜ, ਗੁਰਜੰਟ ਸਿੰਘ ਚਾਹਲ, ਆਦਿ ਨੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਨਵੇਂ ਪੁਰਾਣੇ ਦੋਸਤਾਂ ਨੇ ਔਲਖ ਸਾਹਿਬ ਨਾਲ ਜੁੜੀਆਂ ਯਾਦਾਂ ਫੋਟੋਆਂ ਦੇ ਰੂਪ ਵਿਚ ਸਾਂਝੀਆਂ ਕੀਤੀਆਂ ਜੋ ਕਿ ਔਲਖ ਸਾਹਿਬ ਦੇ ਜੀਵਨ ਸਫਰ ਨੂੰ ਸਮਝਣ ਹਿੱਤ ਦਸਤਾਵੇਜੀ ਮਹੱਤਵ ਦੀਆਂ ਧਾਰਨੀ ਹਨ। ਕਮੇਟੀ ਵੱਲੋਂ ਮਨਜੀਤ ਕੌਰ ਔਲਖ,ਹਰਦੀਪ ਸਿੱਧੂ ਨੇ ਦੱਸਿਆ ਕਿ ਇਹਨਾਂ ਯਾਦਾਂ ਨੂੰ ਨੇੜ ਭਵਿੱਖ ਵਿਚ ਕਿਸੇ ਡਾਕੂਮੈਂਟ ਦੇ ਰੂਪ ਵਿਚ ਸਾਂਭਿਆ ਜਾਵੇਗਾ। ਪ੍ਰੋ ਸੁਖਦੇਵ ਸਿੰਘ ਹੋਰਾਂ ਨੇ ਅਦਾਰੇ ਵੱਲੋਂ ਸਾਰਿਆਂ ਦਾ ਧੰਨਵਾਦ ਕੀਤਾ।