ਰਜਨੀਸ਼ ਸਰੀਨ
ਨਵਾਂਸ਼ਹਿਰ, 16 ਮਈ 2020 - ਜ਼ਿਲ੍ਹਾ ਮੈਜਿਸਟ੍ਰੇਟ ਵਿਨੈ ਬਬਲਾਨੀ ਨੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ’ਚ ਕੰਟ੍ਰਕਸ਼ਨ ਮੈਟੀਰੀਅਲ ਨਾਲ ਸਬੰਧਤ ਦੁਕਾਨਾਂ ਨੂੰ ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ ਦੇ ਰੋਸਟਰ ਅਨੁਸਾਰ ਖੋਲ੍ਹਣ ਦੇ ਆਪਣੇ 8 ਮਈ ਦੇ ਹੁਕਮਾਂ ’ਚ ਅੱਜ ਅੰਸ਼ਕ ਸੋਧ ਕਰਦਿਆਂ ਸੋਮਵਾਰ ਤੋਂ ਸ਼ਨਿੱਚਰਵਾਰ ਤੱਕ ਖੋਲ੍ਹਣ ਦੀ ਮਨਜੂਰੀ ਦੇ ਦਿੱਤੀ ਹੈ। ਇਨ੍ਹਾਂ ਵਿੱਚ ਕੰਟ੍ਰਕਸ਼ਨ ਮੈਟੀਰੀਅਲ, ਲੋੋਹਾ, ਸੀਮਿੰਟ, ਸਰੀਆ, ਪਲਾਈ, ਸੈਨੇਟਰੀ, ਐਲਮੀਨੀਅਮ, ਸ਼ੀਸ਼ੇ ਨਾਲ ਸਬੰਧਤ ਦੁਕਾਨਾਂ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ ਇਹ ਹੁਕਮ ਸ਼ਹੀਦ ਭਗਤ ਸਿੰਘ ਜ਼ਿਲ੍ਹੇ ’ਚ ਕੰਨਟੇਨਮੈਂਟ ਜ਼ੋਨ ਨੂੰ ਛੱਡ ਕੇ ਬਾਕੀ ਥਾਂਵਾਂ ’ਤੇ ਹੀ ਲਾਗੂ ਰਹਿਣਗੇ।
ਇਸੇ ਤਰ੍ਹਾਂ ਇੱਕ ਹੋਰ ਹੁਕਮ ਜਾਰੀ ਕਰਦਿਆਂ ਜ਼ਿਲ੍ਹਾ ਮੈਜਿਸਟ੍ਰੇਟ ਸ੍ਰੀ ਵਿਨੈ ਬਬਲਾਨੀ ਨੇ ਜ਼ਿਲ੍ਹੇ ਦੀਆਂ ਸਬਜ਼ੀ ਮੰਡੀਆਂ ਨੂੰ ਦੁਪਹਿਰ ਇੱਕ ਵਜੇ ਤੱਕ ਕੰਮ ਕਰਨ ਦੀ ਮਨਜੂਰੀ ਦੇ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਮਾਰਕੀਟ ਕਮੇਟੀ ਨਵਾਂਸ਼ਹਿਰ ਵੱਲੋਂ ਮੰਡੀ ਦਾ ਸਮਾਂ 9 ਵਜੇ ਤੱਕ ਹੋਣ ਕਾਰਨ, ਆੜ੍ਹਤੀਆਂ ਅਤੇ ਖਰੀਦਦਾਰਾਂ ਨੂੰ ਕੰਮ ਨਿਪਟਾਉਣ ’ਚ ਆਉਂਦੀ ਮੁਸ਼ਕਿਲ ਨੂੰ ਦੇਖਦਿਆਂ ਇਹ ਫ਼ੈਸਲਾ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸਬਜ਼ੀ ਮੰਡੀ ’ਚ ਇਸ ਵਧਾਏ ਗਏ ਸਮੇਂ ਮੁਤਾਬਕ ਕੋਵਿਡ ਪ੍ਰੋਟੋਕਾਲ ਲਾਗੂ ਕਰਨੇ ਵੀ ਯਕੀਨੀ ਬਣਾਏ ਜਾਣ ਦੀ ਹਦਾਇਤ ਕੀਤੀ ਗਈ ਹੈ। ਇਹ ਹੁਕਮ ਵੀ ਕੰਨਟੇਨਮੈਂਟ ਜ਼ੋਨ ’ਚ ਲਾਗੂ ਨਹੀਂ ਹੋਣਗੇ।