ਜੀ ਐਸ ਪੰਨੂ
ਪਟਿਆਲਾ, 17 ਅਪ੍ਰੈਲ 2020 - ਪਟਿਆਲਾ ਦੇ ਜ਼ਿਲ੍ਹਾ ਮੈਜਿਸਟਰੇਟ ਨੇ ਜ਼ਿਲ੍ਹੇ ਅੰਦਰਲੇ ਸਾਰੇ ਬੈਂਕਾਂ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਖੁੱਲ੍ਹੇ ਰੱਖਣ ਦੀ ਆਗਿਆ ਪੰਜਾਬ ਸਰਕਾਰ ਦੇ ਵਧੀਕ ਮੁੱਖ ਸਕੱਤਰ ਗ੍ਰਹਿ ਤੇ ਨਿਆਂ ਮਾਮਲੇ ਵੱਲੋਂ ਮਿਤੀ 1 ਅਪ੍ਰੈਲ ਨੂੰ ਜਾਰੀ ਦਿਸ਼ਾ ਨਿਰਦੇਸ਼ਾਂ ਦੇ ਮੱਦੇਨਜ਼ਰ ਅਤੇ ਮਿਤੀ 29 ਮਾਰਚ 2020 ਤੇ ਮਿਤੀ 4 ਅਪ੍ਰੈਲ 2020 ਨੂੰ ਜ਼ਿਲ੍ਹਾ ਮੈਜਿਸਟਰੇਟ ਪਟਿਆਲਾ ਵੱਲੋਂ ਬੈਂਕਾਂ ਸਬੰਧੀਂ ਪਹਿਲਾਂ ਜਾਰੀ ਹੁਕਮਾਂ ਦੀ ਲਗਾਤਾਰਤਾ ਵਿੱਚ ਜਾਰੀ ਕੀਤੀ ਹੈ ਸੋ ਜ਼ਿਲ੍ਹਾ ਪੁਲਿਸ ਮੁਖੀ ਬੈਂਕਾਂ ਵਿੱਚ ਕਿਸੇ ਤਰ੍ਹਾਂ ਦਾ ਇਕੱਠ ਰੋਕਣ ਲਈ ਪ੍ਰਬੰਧ ਕਰਨਗੇ ਅਤੇ ਐਸ.ਡੀ.ਐਮਜ ਆਪਣੀ ਸਬ ਡਵੀਜਨ 'ਚ ਸੈਕਟਰ ਅਫ਼ਸਰ ਤਾਇਨਾਤ ਕਰਨਗੇ।
ਇਸੇ ਤਰ੍ਹਾਂ
ਕੋਰੋਨਾਵਾਇਰਸ ਨੂੰ ਰੋਕਣ ਤੋਂ ਲਗਾਏ ਕਰਫਿਊ ਤਹਿਤ ਲੱਗੀਆਂ ਰੋਕਾਂ ਦੇ ਮੱਦੇਨਜ਼ਰ ਬੈਂਕਾਂ ਦੇ ਮੈਨੇਜਰ ਕੋਵਿਡ-19 ਤਹਿਤ ਹੋਰ ਸਾਵਧਾਨੀਆਂ ਤੇ ਸਾਫ਼-ਸਫ਼ਾਈ ਰੱਖਣ ਸਮੇਤ ਭਾਰਤ ਸਰਕਾਰ, ਪੰਜਾਬ ਸਰਕਾਰ ਤੇ ਸਿਹਤ ਵਿਭਾਗ ਸਮੇਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਰੀ ਕੀਤੇ ਜਾਂਦੇ ਦਿਸ਼ਾ ਨਿਰਦੇਸ਼ਾਂ ਅਤੇ ਹਦਾਇਤਾਂ ਦਾ ਪਾਲਣ ਕਰਨਾ ਯਕੀਨੀ ਬਣਾਉਣ ਲਈ ਜ਼ਿੰਮੇਵਾਰ ਹੋਣਗੇ।
ਬੈਂਕਾਂ ਵਿੱਚ ਕਿਸੇ ਵੀ ਹਾਲਤ ਵਿੱਚ 10 ਤੋਂ ਵੱਧ ਵਿਅਕਤੀਆਂ ਦਾ ਇਕੱਠ ਨਹੀਂ ਕੀਤਾ ਜਾਵੇਗਾ, ਇੱਕ ਦੂਜੇ ਤੋਂ ਡੇਢ ਤੋਂ 2 ਮੀਟਰ ਸਮਾਜਿਕ ਦੂਰੀ ਬਣਾ ਕੇ ਰੱਖਣ, ਮਾਸਕਾਂ ਦੀ ਵਰਤੋਂ ਅਤੇ ਹੱਥਾਂ ਤੇ ਗਲੱਵਜ ਵਰਤਣ ਸਮੇਤ ਆਪਣੇ ਆਪ ਤੇ ਸਟਾਫ਼ ਸਮੇਤ ਬੈਂਕਿੰਗ ਯੰਤਰਾਂ ਨੂੰ ਸੈਨੇਟਾਈਜ਼ ਕਰਨਾ ਵੀ ਯਕੀਨੀ ਬਣਾਇਆ ਜਾਵੇਗਾ।