ਅਸ਼ੋਕ ਵਰਮਾ
ਮਾਨਸਾ, 7 ਮਈ 2020 - ਡਿਪਟੀ ਕਮਿਸ਼ਨਰ-ਕਮ-ਜ਼ਿਲਾ ਮੈਜਿਸਟ੍ਰੇਟ ਮਾਨਸਾ ਗੁਰਪਾਲ ਸਿੰਘ ਚਹਿਲ ਨੇ ਦੱਸਿਆ ਕਿ ਨੋਵਲ ਕੋਰੋਨਾ ਵਾਇਰਸ (ਕੋਵਿਡ-19) ਨੂੰ ਫੈਲਣ ਤੋਂ ਰੋਕਣ ਲਈ ਜ਼ਿਲ੍ਹਾ ਮਾਨਸਾ ਦੀ ਹਦੂਦ ਅੰਦਰ ਕਰਫਿਊ ਦਾ ਹੁਕਮ ਜਾਰੀ ਕੀਤਾ ਹੋਇਆ ਹੈ। ਜ਼ਿਲ੍ਹਾ ਮੈਜਿਸਟ੍ਰੇਟ ਚਹਿਲ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਲੌਕਡਾਊਨ ਜਾਂ ਕਰਫਿਊ ਦੌਰਾਨ ਦੁਕਾਨਾਂ, ਕਾਰੋਬਾਰ, ਸੰਸਥਾਵਾਂ ਨੂੰ ਨਿਸ਼ਚਿਤ ਦਿਨਾਂ ਵਿੱਚ ਨਿਸ਼ਚਿਤ ਸਮੇਂ ਲਈ ਖੋਲਣ ਲਈ ਕੀਤੇ ਗਏ ਹੁਕਮਾਂ ਵਿੱਚ ਅੰਸ਼ਿਕ ਸੋਧ ਕਰਦਿਆਂ ਦੁਕਾਨਾਂ ਦੇ ਖੋਲ੍ਹਣ ਦਾ ਸਮਾਂ ਸਵੇਰੇ 7 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਕਰ ਦਿੱਤਾ ਗਿਆ ਹੈ।
ਜ਼ਿਲ੍ਹਾ ਮੈਜਿਸਟ੍ਰੇਟ ਨੇ ਕਿਹਾ ਕਿ ਦੁਕਾਨਦਾਰ ਯਕੀਨੀ ਬਣਾਉਣ ਕਿ ਜਿਨਾਂ ਦੁਕਾਨਾਂ ਨੂੰ ਜਿਸ ਦਿਨ ਖੁੱਲ੍ਹਣ ਸਬੰਧੀ ਹੁਕਮ ਜਾਰੀ ਕੀਤੇ ਗਏ ਸਨ, ਉਹ ਉਸ ਦਿਨ ਹੀ ਖੋਲ੍ਹੀਆਂ ਜਾਣ। ਉਨ੍ਹਾਂ ਦੁਕਾਨਾਂ ਤੇ ਖਰੀਦਦਾਰੀ ਕਰਨ ਲਈ ਆਉਣ ਵਾਲਿਆਂ ਨੂੰ ਮੂੰਹ ਢਕਣ ਲਈ ਮਾਸਕ ਪਹਿਨਣ ਅਤੇ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕਰਨ ਤੋਂ ਇਲਾਵਾ ਭੀੜ ਤੋਂ ਬਚਣ ਦੀ ਅਪੀਲ ਵੀ ਕੀਤੀ ਹੈ।