ਅਸ਼ੋਕ ਵਰਮਾ
ਬਠਿੰਡਾ, 29 ਜੂਨ 2020: ਸਰਪੰਚ ਗ੍ਰਾਮ ਪੰਚਾਇਤ ਬੀੜ ਬਹਿਮਣ ਵੱਲੋਂ ਜਵਾਹਰ ਨਵੋਦਿਆ ਵਿਦਿਆਲਿਆ ਦੀ ਪ੍ਰੀਖਿਆ ਦੌਰਾਨ ਜਿਲੇ ਚੋਂ ਪਹਿਲਾ ਸਥਾਨ ਹਾਸਲ ਕਰਨ ਵਾਲੇ ਸਰਕਾਰੀ ਪ੍ਰਾਇਮਰੀ ਸਕੂਲ ਬੀੜ ਬਹਿਮਣ ਦੇ ਪੰਜਵੀਂ ਜਮਾਤ ਦੇ ਚਾਰ ਬੱਚਿਆਂ ਅਤੇ ਅਧਿਆਪਕਾ ਨੂੰ ਸਨਮਾਨਿਤ ਕੀਤਾ ਗਿਆ ਹੈ। ਜਿਲਾ ਮੀਡੀਆ ਕੋਆਰਡੀਨੇਟਰ ਬਠਿੰਡਾ ਬਲਵੀਰ ਸਿੱਧੂ ਨੇ ਦੱਸਿਆ ਕਿ ਗਰਾਮ ਪੰਚਾਇਤ ਬੀੜ ਬਹਿਮਣ ਨੇ ਸਰਪੰਚ ਸੰਦੀਪ ਸਿੰਘ ਚੌਧਰੀ ਨੇ ਆਪਣੀ ਰਿਹਾਇੲਸ਼ ਤੇ ਰੱਖੇ ਸੰਖੇਪ ਸਮਾਗਮ ਮੌਕੇ ਜਵਾਹਰ ਨਵੋਦਿਆ ਵਿਦਿਆਲਿਆ ਦੀ ਪ੍ਰੀਖਿਆ ਪਾਸ ਕਰਨ ਵਾਲੇ ਪੰਜਵੀਂ ਜਮਾਤ ਦੇ ਵਿਦਿਆਰਥੀ ਰਾਜਵੀਰ ਸਿੰਘ, ਹੁਸਨਪ੍ਰੀਤ ਕੌਰ, ਹੈਪੀ ਕੌਰ, ਨਵਜੋਤ ਕੌਰ ਅਤੇ ਉਨਾਂ ਦੇ ਮਿਹਨਤੀ ਅਧਿਆਪਕ ਵਿਜੇ ਕੁਮਾਰ ਨੂੰ ਸਨਮਾਨ ਚਿੰਨ ਭੇਂਟ ਕੀਤੇ ਹਨ । ਵਿਜੈ ਕੁਮਾਰ ਨੂੰ ਹੁਣ ਆਪਣੀ ਈਟੀਟੀ ਅਧਿਆਪਕ ਤੋਂ ਤਰੱਕੀ ਹਾਸਲ ਕਰਕੇ ਸਰਕਾਰੀ ਪ੍ਰਾਇਮਰੀ ਸਕੂਲ ਘੁੰਮਣ ਖੁਰਦ ਹੈੱਡ ਟੀਚਰ ਨਿਯੁਕਤ ਕੀਤਾ ਗਿਆ ਹੈ। ਜਿਕਰਯੋਗ ਹੈ ਕਿ ਵਿਜੈ ਕੁਮਾਰ ਨਵੰਬਰ 2013 ਵਿੱਚ ਇਸ ਪ੍ਰਾਇਮਰੀ ਸਕੂਲ ’ਚ ਆਏ ਸਨ ਜਦੋਂਕਿ 11 ਜੂਨ 2020 ਨੂੰ ਉਨਾਂ ਅਲਵਿਦਾ ਆਖਿਆ ਹੈ।
ਆਪਣੇ ਸੱਤ ਸਾਲਾਂ ਦੇ ਵੱਖਵੇਂ ਦੌਰਾਨ ਸਕੂਲ ਦੇ 22 ਬੱਚਿਆਂ ਨੂੰ ਜਵਾਹਰ ਨਵੋਦਿਆ ਵਿਦਿਆਲਿਆ ਦੀ ਪ੍ਰੀਖਿਆ ਪਾਸ ਕਰ ਨਵੋਦਿਆ ਸਕੂਲ ਵਿੱਚ ਛੇਵੀਂ ਜਮਾਤ ਦਾਖਲਾ ਦਵਾਇਆ ਹੈ। ਵਿਜੈ ਕੁਮਾਰ ਨੂੰ ਪਹਿਲਾਂ ਪੰਜਾਬ ਸਰਕਾਰ ਵੱਲੋਂ ਸਟੇਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ । ਇਸੇ ਹੀ ਸਕੂਲ ਦੀ ਅਧਿਆਪਕਾ ਬਲਜੀਤ ਕੌਰ ਸਿੱਖਿਆ ਪ੍ਰੋਵਾਇਡਰ ਨੇ ਹੈਡ ਟੀਚਰ ਦੀ ਸਿੱਧੀ ਭਰਤੀ ’ਚ ਸੱਤਵੇਂ ਰੈਂਕ ਤੇ ਆਕੇ ਸਰਕਾਰੀ ਪ੍ਰਾਇਮਰੀ ਸਕੂਲ ਚਾਉਕੇ ਬਠਿੰਡਾ ਦਾ ਚਾਰਜ ਸੰਭਾਲਿਆ ਹੈ । ਉਹਨਾਂ ਨੂੰ ਹੈਡ ਟੀਚਰ ਬਣਨ ਤੇ ਗ੍ਰਾਮ ਪੰਚਾਇਤ ਬੀੜ ਬਹਿਮਣ ਵੱਲੋਂ ਸਨਮਾਨਿਤ ਕੀਤਾ ਗਿਆ ਹੈ। ਮੰਚ ਸੰਚਾਲਨ ਅਮਨਪ੍ਰੀਤ ਕੌਰ ਸਿੱਧੂ ਟੀਪੀ ਸਿੱਖਿਆਰਥੀ ਨੇ ਕੀਤਾ। ਇਸ ਮੌਕੇ ਹੈੱਡ ਟੀਚਰ ਨਵੀਤਾ ਰਾਣੀ, ਰਮਨਦੀਪ ਕੌਰ , ਗਗਨਦੀਪ ਕੌਰ , ਮਨਜੀਤ ਕੌਰ, ਕੁਲਦੀਪ ਸਿੰਘ, ਕਾਲਾ ਸਿੰਘ ,ਸੁਖਮੰਦਰ ਸਿੰਘ, ਮੰਦਰ ਸਿੰਘ, ਦਿਆਲ ਸਿੰਘ, ਕੁਲਵਿੰਦਰ ਸਿੰਘ , ਸਾਬਕਾ ਚੇਅਰਮੈਨ ਗੁਰਸੇਵਕ ਸਿੰਘ , ਸੇਵਕ ਸਿੰਘ , ਰਾਜਵਿੰਦਰ ਸਿੰਘ ਆਦਿ ਹਾਜਰ ਸਨ ।
ਸਹਾਇਤਾ ਰਾਸ਼ੀ ਅਤੇ ਕੱਪੜੇ ਵੰਡੇ
ਇਸ ਮੌਕੇ ਅਧਿਆਪਕ ਵਿਜੈ ਕੁਮਾਰ ਨੇ ਸਰਕਾਰੀ ਪ੍ਰਾਇਮਰੀ ਸਕੂਲ ਨੂੰ ਰੰਗ ਆਦਿ ਕਰਵਾਉਣ ਲਈ 11000 ਰੁਪਏ ਦਾ ਚੈੱਕ ਭੇਟ ਕੀਤਾ ਜਦੋਂਕਿ ਬਲਜੀਤ ਕੌਰ ਨੇ ਸਕੂਲ ਦੇ ਵਿਕਾਸ ਲਈ 51 ਸੌ ਰੁਪਏ ਰਾਸ਼ੀ ਪੰਚਾਇਤ ਨੂੰ ਨਕਦ ਦਿੱਤੀ। ਸਕੂਲ ਦੀਆਂ ਮਿੱਡ ਡੇ ਮੀਲ ਕੁੱਕ ਬੀਬੀਆਂ ਤੇ ਸਫਾਈ ਸੇਵਕਾਂ ਨੂੰ ਵਿਜੈ ਕੁਮਾਰ ਹੈਡ ਅਤੇ ਬਲਜੀਤ ਕੌਰ ਨੇ ਕੱਪੜੇ ਅਤੇ ਕੰਬਲ ਵੀ ਵੰਡੇ।